ਫਰਿਜ਼ਨੋ ’ਚ ਜਸਵੰਤ ਸਿੰਘ ਖਾਲੜਾ ਸਕੂਲ ਦਾ ਇਤਿਹਾਸਕ ਉਦਘਾਟਨ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ) ਲੰਘੇ ਵੀਰਵਾਰ ਨੂੰ ਫਰਿਜ਼ਨੋ ਵਿਖੇ ਉਸ ਵਕਤ ਇਤਿਹਾਸਕ ਪਲ ਦਰਜ ਕੀਤਾ ਗਿਆ, ਜਦੋਂ ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਇੱਕ ਨਵੇਂ ਐਲੀਮੈਂਟਰੀ ਸਕੂਲ ਦਾ ਉਦਘਾਟਨ ਕੀਤਾ ਗਿਆ।
ਇਸ ਸਕੂਲ ਨੂੰ “Jaswant Singh Khalra Academy” ਦਾ ਨਾਮ ਦਿੱਤਾ ਗਿਆ ਹੈ। ਉਦਘਾਟਨੀ ਸਮਾਰੋਹ ਵਿੱਚ ਸਥਾਨਕ ਪੰਜਾਬੀ ਭਾਈਚਾਰੇ, ਕਮਿਊਨਿਟੀ ਆਗੂਆਂ, ਸਿੱਖ ਸੰਗਤਾਂ ਅਤੇ ਸਕੂਲ ਬੋਰਡ ਦੇ ਮੈਂਬਰਾਂ ਨੇ ਭਰਪੂਰ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਖਾਲੜਾ ਸਾਹਿਬ ਦੀ ਜ਼ਿੰਦਗੀ, ਉਨ੍ਹਾਂ ਦੀਆਂ ਇਨਸਾਫ਼ ਲਈ ਕੀਤੀਆਂ ਕੋਸ਼ਿਸ਼ਾਂ ਅਤੇ 1995 ਵਿੱਚ ਹੋਈ ਉਨ੍ਹਾਂ ਦੀ ਬੇਰਹਮੀ ਨਾਲ ਹੱਤਿਆ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਰਿਬਨ ਕੱਟ ਸਮਾਰੋਹ ਵਿੱਚ ਖਾਲੜਾ ਸਹਿਬ ਦਾ ਪਰਿਵਾਰ, ਉਨ੍ਹਾਂ ਦੀ ਧੀ ਨਵਕਿਰਣ ਕੌਰ ਖਾਲੜਾ ਅਤੇ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵੀ ਮਜੂਦ ਰਹੇ।
ਸਕੂਲ ਡਿਸਟ੍ਰਿਕਟ ਵੱਲੋਂ ਖਾਲੜਾ ਪਰਿਵਾਰ ਨੂੰ ਸਨਮਾਨ ਚਿੰਨ ਦਿੱਤਾ ਗਿਆ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੇ ਕਰ ਕਮਲਾਂ ਨਾਲ ਸਕੂਲ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦੇ ਪੰਜਾਬੀ ਬੱਚਿਆਂ ਨੇ ਭੰਗੜੇ ਦੇ ਜੌਹਰ ਵੀ ਵਿਖਾਏ, ਨਾਲ ਹੀ ਸ਼ਪੈਨਸ਼ ਬੱਚਿਆ ਵੱਲੋਂ ਡਾਂਸ ਕੀਤਾ ਗਿਆ।
ਸਕੂਲ “Jaswant Singh Khalra Academy” ਵਿੱਚ 600 ਤੋਂ ਵੱਧ TK ਤੋਂ 6ਵੀਂ ਕਲਾਸ ਤੱਕ ਦੇ ਵਿਦਿਆਰਥੀ ਹੋਣਗੇ, ਜੋ “Royals” ਕਹਾਉਣਗੇ ਅਤੇ ਸਿੰਘ (lion) ਉਨ੍ਹਾਂ ਦਾ ਚਿੰਨ੍ਹ ਹੋਵੇਗਾ।
ਪ੍ਰਿੰਸੀਪਲ ਰਾਊਲ ਡੀਅਜ਼ ਨੇ ਕਿਹਾ ਕਿ ਸਕੂਲ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਹਿੰਮਤ, ਇਨਸਾਫ਼ ਅਤੇ ਇਨਸਾਨੀ ਕਦਰਾਂ ਕੀਮਤਾਂ ਲਈ ਲੜਨਾ ਸਿਖਾਏਗਾ।
ਸਕੂਲ ਬੋਰਡ ਪ੍ਰਧਾਨ ਨੈਂਦੀਪ ਸਿੰਘ ਚੰਨ ਨੇ ਕਿਹਾ ਕਿ ਅੱਜ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਜੈਕਾਰਾ ਮੂਵਮਿੰਟ ਦੇ ਸਹਿਯੋਗ ਤੇ ਸੰਗਤ ਦੀ ਹਲਾਸ਼ੇਰੀ ਨਾਲ ਇਹ ਇਤਿਹਾਸਕ ਕਾਰਜ ਕਰ ਸਕੇ ਹਾਂ। ਇਸ ਸਕੂਲ ਦਾ ਨਾਮ ਹੀ ਬੱਚਿਆਂ ਲਈ ਸੱਚ ਦੇ ਰਸਤੇ ਤੇ ਚੱਲਣ ਲਈ ਪ੍ਰੇਰਨਾ ਸਰੋਤ ਬਣੇਗਾ।
ਸਕੂਲ ਸੁਪਰਡੈਂਟ ਈਮੇਰੋ ਬਰਾਇਨ ਨੇ ਕਿਹਾ ਇਹ ਸਕੂਲ ਸਿਰਫ ਇੱਕ ਇਮਾਰਤ ਨਹੀਂ, ਸਗੋਂ ਨੈਤਿਕਤਾ, ਇਨਸਾਫ਼ ਅਤੇ ਮਨੁੱਖੀ ਹੱਕਾਂ ਦੀ ਅਧਾਰਸ਼ੀਲ ਥਾਂ ਹੈ ਜੋ ਅਮਰੀਕੀ ਜ਼ਮੀਨ ’ਤੇ ਪੰਜਾਬੀ ਵਿਰਸੇ ਨੂੰ ਜਿੰਦਾ ਰੱਖੇਗੀ।
ਇਸ ਮੌਕੇ ਖਾਲੜਾ ਸਹਿਬ ਦੀ ਬੇਟੀ ਨਵਕਿਰਨ ਕੌਰ ਖਾਲੜਾ ਨੇ ਕਿਹਾ ਕਿ ਅੱਜ ਸਾਡੇ ਲਈ ਬੜਾ ਮਾਣ ਵਾਲਾ ਦਿਨ ਹੈ, ਮੇਰੇ ਪਿਤਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਉਹਨਾਂ ਦੀ ਯਾਦ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿਖੇ ਸਕੂਲ ਦਾ ਨਾਮ ਖਾਲੜਾ ਸਹਿਬ ਦੇ ਨਾਮ ਤੇ ਰੱਖਿਆ ਗਿਆ। ਉਹਨਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਅਮਰੀਕਾ ਵਿੱਚ ਆਈ ਸੀ ਤਾਂ ਫਰਿਜ਼ਨੋ ਸ਼ਹਿਰ ਵਿੱਚ ਆਈ ਸੀ। ਇੱਥੇ ਹੀ ਫਰਿਜ਼ਨੋ ਸਟੇਟ ਯੂਨੀਵਰਸਿਟੀ ਵਿੱਚ ਮੈਂ ਉਚੇਰੀ ਪੜ੍ਹਾਈ ਕੀਤੀ। ਫਰਿਜਨੋ ਦੀ ਸਮੂੰਹ ਸਿੱਖ ਸੰਗਤ ਤੇ ਪੰਜਾਬੀ ਭਾਈਚਾਰੇ ਤੇ ਸਾਨੂੰ ਮਾਣ ਹੈ, ਜਿਨ੍ਹਾਂ ਨੇ ਹਿੰਮਤ ਕਰਕੇ ਪਹਿਲਾਂ ਪਾਰਕ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ‘ਤੇ ਹੁਣ ਸਕੂਲ ਦਾ ਨਾਮ ਕਰਨ ਕਰਕੇ ਇਤਿਹਾਸ ਸਿਰਜ ਦਿੱਤਾ। ਉਹਨਾਂ ਸਮੂੰਹ ਸਕੂਲ ਬੋਰਡ ਮੈਂਬਰਾਂ ਅਤੇ ਪੰਜਾਬੀ ਭਾਈਚਾਰੇ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਪਰੰਤ ਸਕੂਲ ਦੇ ਪ੍ਰਿੰਸੀਪਲ ਨੇ ਖਾਲੜਾ ਪਰਿਵਾਰ ਅਤੇ ਸਮੂੰਹ ਕਮਿਊਨਿਟੀ ਮੈਂਬਰਾਂ ਨੂੰ ਸਕੂਲ ਦਾ ਟੂਰ ਦਿੱਤਾ।