ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਪੰਜ ਟੀਮਾਂ ਨੇ ਲਿਆ ਹਿੱਸਾ
ਬਰਨਾਲਾ, 8 ਜੁਲਾਈ 2025
ਆਈ.ਆਈ.ਟੀ ਰੋਪੜ ਵਿਖੇ ਕਰਵਾਏ ਗਏ ਬਿਜ਼ਨਸ ਬਲਾਸਟਰ ਪ੍ਰੋਗਰਾਮ ‘ਚ ਪ੍ਰਦਰਸ਼ਨੀ ਦੌਰਾਨ ਜ਼ਿਲ੍ਹਾ ਬਰਨਾਲਾ ਦੀਆਂ ਪੰਜ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ਿਲਾ ਸਿੱਖਿਆ ਅਫਸਰ ਸ ਸੁਨੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬਿਜ਼ਨੇਸ ਬਲਾਸਟਰ ਟੀਮਾਂ ਵੱਲੋਂ ਆਪਣੇ ਕਾਰੋਬਾਰੀ ਵਿਚਾਰ ਦਾ ਪ੍ਰਦਰਸ਼ਨ ਕੀਤਾ ਗਿਆ। ਉੱਘੇ ਉਦਯੋਗਪਤੀਆਂ ਵੱਲੋਂ ਬਿਜ਼ਨਸ ਬਲਾਸਟਰ ਟੀਮਾਂ ਦੀ ਅਗਵਾਈ ਕੀਤੀ ਗਈ।
ਡੀ.ਈ.ਓ. ਸੁਨੀਤਇੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਖੁਸ਼ੀ ਵਾਲੀ ਗੱਲ ਹੈ ਕਿ 10 ਹਜ਼ਾਰ ਟੀਮਾਂ ਵਿੱਚੋਂ ਬਰਨਾਲਾ ਦੀਆਂ ਸਕੂਲ ਆਫ਼ ਐਮੀਨੇਂਸ ਭਦੌੜ ਦੀ ਗੁਲਕੰਦ ਮੇਕਿੰਗ, ਬੂਸਟਰ ਟੀ, ਪੇਂਟਿੰਗ ਟੀ, ਪੀਐਮ ਸ਼੍ਰੀ ਤਪਾ ਦੀ ਪਾਵਰ ਬੈਂਕ, ਪੀਐਮ ਸ਼੍ਰੀ ਜੋਧਪੁਰ ਫਰੈਂਡਲੀ ਸੋਲਰ ਟੀਮ ਟੋਪ 50 ਟੀਮਾਂ ਦਾ ਹਿੱਸਾ ਬਣੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਿੱਖਿਆ ਦੇ ਨਾਲ-ਨਾਲ ਬੱਚਿਆਂ ਲਈ ਆਪਣਾ ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਧੀਆ ਪਲੇਟਫਾਰਮ ਪ੍ਰਦਾਨ ਕਰਦੇ ਹਨ।
ਜ਼ਿਲ੍ਹਾ ਨੋਡਲ ਅਫ਼ਸਰ ਯਸ਼ਪਾਲ ਬਾਹੀਆ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੋਗਰਾਮ ਵਿੱਚ ਬਰਨਾਲਾ ਦੀ ਗੁਲਕੰਦ ਅਤੇ ਪਾਵਰਬੈਂਕ ਟੀਮ ਨੂੰ 25 – 25 ਹਜ਼ਾਰ ਰੁਪਏ ਦੀ ਸਟਾਰਟ ਅਪ ਰਾਸ਼ੀ ਜਿੱਤੀ। ਮੁੱਖ ਮਹਿਮਾਨਾਂ ਵੱਲੋਂ ਬਿਜਨੈਸ ਬਲਾਸਟਰ ਵਿੱਚ ਚੰਗੀ ਕਾਰਗੁਜਾਰੀ ਕਰਨ ਲਈ ਡੀ.ਐਨ.ਓ ਯਸ਼ਪਾਲ ਬਾਹੀਆ, ਬੀ.ਐਨ.ਓ ਮੰਜੂ, ਜਸਵੀਰ ਕੌਰ, ਕਵਿਤਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਕੁਮਾਰ, ਹਰੀਸ਼ ਬਾਂਸਲ, ਮੇਜਰ ਸਿੰਘ, ਸਰਬਜੀਤ ਸਿੰਘ, ਵਿਨਸੀ ਜਿੰਦਲ, ਉਰਵਸ਼ੀ ਗੁਪਤਾ ਹਾਜ਼ਿਰ ਰਹੇ।







