ਭਾਜਪਾ ਨੇ ਆਪਣੀ ਗੰਦੀ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ, ਫਰਜ਼ੀ ਵੀਡੀਓ ਰਾਹੀਂ ‘ਆਪ’ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਸਾਜ਼ਿਸ਼ ਬੇਨਕਾਬ: ਕੁਲਦੀਪ ਸਿੰਘ ਧਾਲੀਵਾਲ

0
13

*ਭਾਜਪਾ ਨੇ ਆਪਣੀ ਗੰਦੀ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ, ਫਰਜ਼ੀ ਵੀਡੀਓ ਰਾਹੀਂ ‘ਆਪ’ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਸਾਜ਼ਿਸ਼ ਬੇਨਕਾਬ: ਕੁਲਦੀਪ ਸਿੰਘ ਧਾਲੀਵਾਲ*

*ਆਤਿਸ਼ੀ ਦੀ ਫਰਜ਼ੀ ਵੀਡੀਓ ਭਾਜਪਾ ਦੀ ਸਾਜ਼ਿਸ਼, ਫੋਰੈਂਸਿਕ ਜਾਂਚ ਵਿੱਚ ਹੋਇਆ ਖੁਲਾਸਾ – ਧਾਲੀਵਾਲ*

*ਗੁਰੂਆਂ ਦੇ ਸਨਮਾਨ ‘ਤੇ ਹਮਲਾ ਬਰਦਾਸ਼ਤ ਨਹੀਂ, ਕਾਂਗਰਸ-ਅਕਾਲੀ ਦਲ ਵੀ ਬਰਾਬਰ ਦੇ ਦੋਸ਼ੀ – ਧਾਲੀਵਾਲ*

*ਪੰਜਾਬ ਦੀ ਆਰਥਿਕ ਬਦਹਾਲੀ ਲਈ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ: ਧਾਲੀਵਾਲ*

*ਧਾਲੀਵਾਲ ਨੇ ਪੰਜਾਬੀਆਂ ਨੂੰ ਕੀਤਾ ਸੁਚੇਤ, ਕਿਹਾ – ਭਾਜਪਾ ਪੰਜਾਬ, ਗਰੀਬ, ਦਲਿਤ ਅਤੇ ਕਿਸਾਨ ਵਿਰੋਧੀ ਪਾਰਟੀ, ਕਿਸੇ ਵੀ ਸਾਜ਼ਿਸ਼ ਦਾ ਸ਼ਿਕਾਰ ਹੋਣ ਤੋਂ ਬਚੋ*

ਅਮ੍ਰਿਤਸਰ/ਚੰਡੀਗੜ੍ਹ 10 ਜਨਵਰੀ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਆਗੂਆਂ ਨੇ ਜੋ ਕੀਤਾ, ਉਹ ਬੇਹੱਦ ਸ਼ਰਮਨਾਕ ਹੈ। ਪੰਜਾਬ ਗੁਰੂਆਂ, ਸੰਤਾਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ, ਪਰ ਭਾਜਪਾ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸਾਡੇ ਗੁਰੂਆਂ ਦਾ ਅਪਮਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਜਪਾ ਹੁਣ ਉਸ ਪੱਧਰ ‘ਤੇ ਗਿਰ ਗਈ ਹੈ ਜਿੱਥੇ ਉਹ ਆਪਣੀ ਘਟੀਆ ਸਿਆਸਤ ਲਈ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਰਹੀ ਹੈ।

ਸ਼ਨੀਵਾਰ ਨੂੰ ‘ਆਪ’ ਆਗੂ ਗੁਰਪ੍ਰਤਾਪ ਸਿੰਘ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦੀ ਜੋ ਇੱਕ ਝੂਠੀ ਵੀਡੀਓ ਵਾਇਰਲ ਕੀਤੀ ਗਈ, ਉਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਭਾਜਪਾ ਆਗੂ ਕਪਿਲ ਮਿਸ਼ਰਾ ਦੇ ਅਕਾਊਂਟ ਤੋਂ ਜਾਰੀ ਇਸ ਵੀਡੀਓ ਦੀ ਜਦੋਂ ਜਲੰਧਰ ਦੇ ਇੱਕ ਵਿਅਕਤੀ ਦੀ ਸ਼ਿਕਾਇਤ ‘ਤੇ ਫੋਰੈਂਸਿਕ ਜਾਂਚ ਹੋਈ, ਤਾਂ ਸੱਚ ਸਾਹਮਣੇ ਆ ਗਿਆ। ਜਾਂਚ ਵਿੱਚ ਇਹ ਸਾਬਤ ਹੋਇਆ ਕਿ ਆਤਿਸ਼ੀ ਨੇ ਆਪਣੇ ਪੂਰੇ ਬਿਆਨ ਵਿੱਚ ਕਿਤੇ ਵੀ ਗੁਰੂ ਸਾਹਿਬਾਨ ਦਾ ਨਾਮ ਨਹੀਂ ਲਿਆ ਸੀ। ਭਾਜਪਾ ਨੇ ਵੀਡੀਓ ਨਾਲ ਛੇੜਛਾੜ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ‘ਆਪ’ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ, ਉੱਥੇ ਹੀ ਦੂਜੇ ਪਾਸੇ ਭਾਜਪਾ ਗੁਰੂਆਂ ਦੇ ਸਨਮਾਨ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰ ਰਹੀ ਹੈ। ਭਾਜਪਾ ਦੀ ਇਹ ਹਰਕਤ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਧਾਲੀਵਾਲ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਵੀ ਬਿਨਾਂ ਸੱਚ ਜਾਣੇ ਉਸੇ ਫਰਜ਼ੀ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਨੂੰ ਸਾਡੀ ਸਰਕਾਰ ਦੇ ਕੰਮਕਾਜ ਤੋਂ ਕੋਈ ਦਿੱਕਤ ਹੈ, ਤਾਂ ਸਾਡੀ ਆਲੋਚਨਾ ਕਰਨ, ਸਾਨੂੰ ਮਨਜ਼ੂਰ ਹੈ। ਪਰ ਆਪਣੀ ਸਿਆਸਤ ਚਮਕਾਉਣ ਲਈ ਸਾਡੇ ਗੁਰੂਆਂ ਨੂੰ ਵਿਚਾਲੇ ਲਿਆਉਣਾ ਅਤੇ ਉਨ੍ਹਾਂ ਦਾ ਅਪਮਾਨ ਕਰਨਾ ਬੇਹੱਦ ਨਿੰਦਣਯੋਗ ਹੈ, ਜਿਸ ਲਈ ਮੈਂ ਇਨ੍ਹਾਂ ਸਾਰੀਆਂ ਪਾਰਟੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ।

ਆਪ ਆਗੂ ਨੇ ਕੇਂਦਰ ਸਰਕਾਰ ‘ਤੇ ਸਿੱਧਾ ਦੋਸ਼ ਲਾਇਆ ਕਿ ਅੱਜ ਪੰਜਾਬ ਜਿਨ੍ਹਾਂ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ, ਉਸ ਦੇ ਪਿੱਛੇ ਭਾਜਪਾ ਦੀ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਪੰਜਾਬ ਦੇ ਜਾਇਜ਼ ਫੰਡ ਰੋਕ ਰੱਖੇ ਹਨ। ਭਾਜਪਾ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਅਤੇ ਫਰਜ਼ੀ ਵੀਡੀਓਜ਼ ਰਾਹੀਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਪੰਜਾਬ ਵਿੱਚ ਆਪਣੇ ਪੈਰ ਜਮਾ ਸਕੇ। ਪਰ ਪੰਜਾਬ ਦੀ ਸੂਝਵਾਨ ਜਨਤਾ ਭਾਜਪਾ ਦੀਆਂ ਇਨ੍ਹਾਂ ਚਾਲਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।

ਧਾਲੀਵਾਲ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਾ ਹੋਣ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਪਾਰਟੀ ਦਾ ਹਰ ਵਰਕਰ ਗੁਰੂਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹੈ ਅਤੇ ਅਸੀਂ ਕਦੇ ਵੀ ਗੁਰੂਆਂ ਦੇ ਨਾਮ ‘ਤੇ ਰਾਜਨੀਤੀ ਨਹੀਂ ਕਰਦੇ ਨਾ ਹੀ ਕਦੇ ਕਰਾਂਗੇ। ਭਾਜਪਾ ਪੰਜਾਬ, ਗਰੀਬ, ਦਲਿਤ ਅਤੇ ਕਿਸਾਨ ਵਿਰੋਧੀ ਪਾਰਟੀ ਹੈ ਅਤੇ ਜਨਤਾ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਕਰਾਰਾ ਜਵਾਬ ਦੇਵੇਗੀ।

LEAVE A REPLY

Please enter your comment!
Please enter your name here