ਭਾਰਤ-ਅਮਰੀਕਾ ਟਰੇਡ ਸਮਝੌਤੇ ਦੇ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡੀ.ਸੀ. ਫਿਰੋਜ਼ਪੁਰ ਰਾਹੀਂ ਰਾਜਪਾਲ ਨੂੰ ਭੇਜਿਆ ਮੈਮੋਰੰਡਮ

0
7
ਭਾਰਤ-ਅਮਰੀਕਾ ਟਰੇਡ ਸਮਝੌਤੇ ਦੇ ਵਿਰੁੱਧ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡੀ.ਸੀ. ਫਿਰੋਜ਼ਪੁਰ ਰਾਹੀਂ ਰਾਜਪਾਲ ਨੂੰ ਭੇਜਿਆ ਮੈਮੋਰੰਡਮ
ਇੰਡੋ-ਯੂ.ਐੱਸ.ਏ. ਟਰੇਡ ਸਮਝੌਤਾ ਭਾਰਤ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਕਰੇਗਾ ਬਰਬਾਦ- ਕੁਲਬੀਰ ਜ਼ੀਰਾ
ਕਿਹਾ- ਵਿਦੇਸ਼ੀ ਖੇਤੀਬਾੜੀ ਉਤਪਾਦ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ ਵੱਡਾ ਨੁਕਸਾਨ
ਬਿਆਸ ,20 ਫਰਵਰੀ 2026
ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਹੋਏ ਟਰੇਡ ਸਮਝੌਤੇ ਦੇ ਵਿਰੋਧ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਵੱਡੇ ਇਕੱਠ ਦੇ ਰੂਪ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੇ ਨਾਮ ’ਤੇ ਇਕ ਮੈਮੋਰੰਡਮ ਸੌਂਪਿਆ ਗਿਆ।
ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵੱਖ ਵੱਖ ਅਹੁਦੇਦਾਰ, ਹਲਕਾ ਇੰਚਾਰਜ, ਬਲਾਕ ਪ੍ਰਧਾਨ, ਮੰਡਲ ਪ੍ਰਧਾਨ ਸਾਹਿਬਾਨ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਕਿਸਾਨ ਵੀ ਮੌਜੂਦ ਸਨ।
ਮੈਮੋਰੰਡਮ ਦੇਣ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦਰਮਿਆਨ ਹੋਇਆ ਕਿਸਾਨ-ਮਜ਼ਦੂਰ ਵਿਰੋਧੀ ਵਪਾਰ ਸਮਝੌਤਾ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਕਿਉਂਕਿ ਇਸ ਨਾਲ ਸਾਡੇ ਦੇਸ਼ ਦੀ ਖੇਤੀਬਾੜੀ ਅਰਥਵਿਵਸਥਾ ਵੀ ਬਰਬਾਦ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਜੋ ਮੁੱਖ ਤੌਰ ’ਤੇ ਖੇਤੀਬਾੜੀ ਪ੍ਰਧਾਨ ਸੂਬਾ ਹੈ, ਇਸ ਸਮਝੌਤੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਵੇਗਾ। ਇਹ ਸਿਰਫ਼ ਆਰਥਿਕ ਮਸਲਾ ਹੀ ਨਹੀਂ, ਸਗੋਂ ਸਰਹੱਦੀ ਰਾਜ ਹੋਣ ਕਰਕੇ ਇਸ ਦੇ ਸਮਾਜਿਕ ਅਤੇ ਰਾਜਨੀਤਿਕ ਪ੍ਰਭਾਵ ਵੀ ਹੋ ਸਕਦੇ ਹਨ। ਪੰਜਾਬ ਪਹਿਲਾਂ ਹੀ ਖ਼ਾਸ ਕਰਕੇ ਪਿੰਡਾਂ ਵਿਚ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਜ਼ਮੀਨਾਂ ਦੇ ਟੁਕੜੇ ਹੋਣ ਅਤੇ ਖੇਤੀਬਾੜੀ ਵਿਚ ਰੋਜ਼ਗਾਰ ਘਟਣ ਕਾਰਨ ਬੇਰੁਜ਼ਗਾਰੀ ਵੱਧ ਰਹੀ ਹੈ। ਬੇਰੁਜ਼ਗਾਰ ਨੌਜਵਾਨ ਆਸਾਨੀ ਨਾਲ ਨਸ਼ਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਜਦੋਂ ਇਹ ‘ਟਰੇਡ ਡੀਲ’ ਲਾਗੂ ਹੋਵੇਗੀ, ਤਾਂ ਵਿਦੇਸ਼ ਤੋਂ ਆਉਣ ਵਾਲੇ ਸਸਤੇ ਖੇਤੀਬਾੜੀ ਉਤਪਾਦ ਦੇਸ਼ ਦੇ ਘਰੇਲੂ ਉਤਪਾਦਾਂ ਦੀ ਥਾਂ ਲੈ ਲੈਣਗੇ। ਇਸ ਤੋਂ ਇਲਾਵਾ ਸਾਡੇ ਕਿਸਾਨ, ਜਿਨ੍ਹਾਂ ਕੋਲ ਔਸਤ 2 ਏਕੜ ਜ਼ਮੀਨ ਹੈ, ਉਹ ਅਮਰੀਕੀ ਕਿਸਾਨਾਂ ਨਾਲ ਮੁਕਾਬਲਾ ਨਹੀਂ ਕਰ ਸਕਣਗੇ ਕਿਉਂਕਿ ਵਿਦੇਸ਼ੀ ਕਿਸਾਨਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ, ਮਸ਼ੀਨੀਕਰਨ ਖੇਤੀ ਅਤੇ ਆਪਣੀ ਸਰਕਾਰ ਵੱਲੋਂ ਵੱਡੀਆਂ ਸਬਸਿਡੀਆਂ ਹੁੰਦੀਆਂ ਹਨ। ਏਨਾ ਹੀ ਨਹੀਂ ਇਸ ਵਪਾਰਕ ਸਮਝੌਤੇ ਦਾ ਇਕ ਹੋਰ ਵੱਡਾ ਨੁਕਸਾਨ ਇਹ ਹੈ ਕਿ ਬੇਰੁਜ਼ਗਾਰੀ ਹੋਰ ਵਧਣ ਨਾਲ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਾ ਫਾਇਦਾ ਚੁੱਕ ਸਕਦਾ ਹੈ। ਕਿਉਂਕਿ ਪਾਕਿਸਤਾਨ ਅਤੇ ਉਸ ਦੀ ਕੁੱਖਿਆਤ ਖੁਫੀਆ ਏਜੰਸੀ ਆਈ.ਐੱਸ.ਆਈ. ਦਾ ਸਾਡੇ ਰਾਜ ਵਿਚ ਅਸ਼ਾਂਤੀ ਫੈਲਾਉਣ ਦਾ ਇਤਿਹਾਸ ਰਿਹਾ ਹੈ। ਸਰਹੱਦ ਪਾਰੋਂ ਡਰੋਨ ਰਾਹੀਂ ਪਹਿਲਾਂ ਹੀ ਨਸ਼ੇ ਭੇਜੇ ਜਾ ਰਹੇ ਹਨ। ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਜੇਕਰ ਨਸ਼ੇ ਘੁਸਪੈਠ ਕਰ ਸਕਦੇ ਹਨ, ਤਾਂ ਹਥਿਆਰ ਵੀ ਡਰੋਨ ਰਾਹੀਂ ਆ ਸਕਦੇ ਹਨ। ਮਜ਼ਬੂਤ ਅਰਥਵਿਵਸਥਾ ਅਤੇ ਸੰਤੁਸ਼ਟ ਨੌਜਵਾਨ ਹੀ ਅਜਿਹੀਆਂ ਸਾਜ਼ਿਸ਼ਾਂ ਦਾ ਮਜ਼ਬੂਤ ਜਵਾਬ ਹੁੰਦੇ ਹਨ। ਇਸ ‘ਟਰੇਡ ਡੀਲ’ ਨਾਲ ਅਸੀਂ ਆਪਣੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦਾ ਜੋਖ਼ਮ ਮੁੱਲ ਲੈ ਰਹੇ ਹਾਂ, ਜਿਸ ਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਪਾਰਕ ਸਮਝੌਤੇ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਝੱਲਣਾ ਪਵੇਗਾ। ਸਾਡੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਤੱਕ ਦੀ ਸਰਕਾਰ ਨੇ ਹਮੇਸ਼ਾਂ ਵਿਦੇਸ਼ੀ ਖੇਤੀਬਾੜੀ ਉਤਪਾਦਾਂ ਲਈ ਸਾਡੇ ਬਾਜ਼ਾਰ ਖੋਲ੍ਹਣ ਤੋਂ ਪਰਹੇਜ਼ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਇਸ ਨਾਲ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਏਗਾ। ਇਹ ਵੀ ਯਾਦ ਰਹੇ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਵਿਚ ਭਾਰਤ ਨੂੰ ਖਾਦ ਅਨਾਜ ਦੀ ਭਾਰੀ ਕਮੀ ਸੀ ਅਤੇ ਆਯਾਤ ਦੀ ਲੋੜ ਸੀ, ਫਿਰ ਵੀ ਸਾਡੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਖੋਲਿ੍ਹਆ ਨਹੀਂ ਗਿਆ। ਸਾਨੂੰ ਉਨ੍ਹਾਂ ਦੀ ਨੀਤੀ ਤੋਂ ਸਿੱਖ ਲੈਣੀ ਚਾਹੀਦੀ ਹੈ। ਇਸ ਲਈ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਟਰੇਡ ਡੀਲ ’ਤੇ ਦੁਬਾਰਾ ਵਿਚਾਰ ਕਰਕੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਵੇ ਤਾਂ ਜੋ ਸਾਡੀ ਖੇਤੀਬਾੜੀ ਅਰਥਵਿਵਸਥਾ ਦੀ ਰੱਖਿਆ ਕੀਤੀ ਜਾ ਸਕੇ।
ਇਸ ਮੌਕੇ ਤੇ ਅਮਰਦੀਪ ਸਿੰਘ ਆਸ਼ੂ ਬੰਗੜ, ਸ. ਗੁਰਦੀਪ ਸਿੰਘ ਢਿੱਲੋਂ, ਸ. ਹਰਿੰਦਰ ਸਿੰਘ ਖੋਸਾ, ਅਜੈ ਜੋਸ਼ੀ, ਸੁਖਵਿੰਦਰ ਸਿੰਘ ਗੱਟਾ,ਬੋਹੜ ਸਿੰਘ ਸੱਧਰ ਵਾਲਾ, ਗੁਰਪ੍ਰੇਮ ਸਿੰਘ ਬੱਬੂ, ਸੁਖਦੇਵ ਸਿੰਘ ਅਵਾਨ, ਗੁਰਮੇਲ ਸਿੰਘ ਮਨਸੂਰਵਾਲ, ਨਸੀਬ ਸਿੰਘ ਖਾਲਸਾ, ਸਿਮਰਨ ਸਿੰਘ ਲਹਿਰਾ, ਗੁਰਭੇਜ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ਢਿੱਲੋਂ, ਪਰਮਜੀਤ ਸਿੰਘ ਖੋਸਾ, ਤਰਸੇਮ ਵੱਤਾ, ਹਰਜੀਤ ਸਿੰਘ ਬੋੜਾ ਵਾਲੀ, ਬੱਬਲ ਮੱਲਾਂ ਵਾਲਾ, ਮੁਨੀਸ਼ ਸੁਲਹਾਣੀ, ਸੁਖਦੇਵ ਸਿੰਘ ਅਵਾਨ, ਜਤਿੰਦਰ ਸਿੰਘ, ਗੁਰਨੈਬ ਸਿੰਘ, ਭੁਪਿੰਦਰ ਸਿੰਘ, ਤੇਜਿੰਦਰ ਸਿੰਘ ਬਿੱਟੂ, ਗੁਰਨਾਮ ਸਿੰਘ ਸ਼ੇਰ ਖਾਂ, ਬਲਦੇਵ ਸਿੰਘ ਰੱਤਾ ਖੇੜਾ, ਸੁਖਦੇਵ ਸਿੰਘ ਚਾਹਲ, ਗੁਰਵਿੰਦਰ ਸਿੰਘ ਮੱਲ, ਰਮਨ ਬਹਿਲ, ਗੁਰਮੀਤ ਸਿੰਘ ਮੱਲੂ ਵਾਲਾ, ਗੋਗੀ ਪਿਆਰੇ ਆਣਾ, ਮਲਕੀਤ ਸਿੰਘ, ਗੁਰਦੀਪ ਸਿੰਘ ਸੁਖੇਵਾਲਾ ਸ਼ੀਸ਼ਾ ਜਥੇਦਾਰ ਮਲਕੀਤ ਸਿੰਘ ਝੋਕ ਹਰੀਹਰ, ਜੰਡ ਸਿੰਘ ਮਮਦੋਟ, ਗੁਰਜੀਤ ਸਿੰਘ ਸਿੱਧੂ ,ਅਮੀਰ ਸਿੰਘ, ਤਰਸੇਮ ਅਟਵਾਲ ਆਪਣੇ ਸਾਥੀਆਂ ਨਾਲ ਹਜ਼ਾਰ ਰਹੇ।

LEAVE A REPLY

Please enter your comment!
Please enter your name here