ਅੰਮ੍ਰਿਤਸਰ 10 ਅਕਤੂਬਰ ( ) ਵਿਸ਼ਵ ਪ੍ਰਸਿੱਧ ਸ਼੍ਰੀ ਰਾਮ ਨਗਰੀ ਅਯੁੱਧਿਆ ਦੇ ਸ੍ਰੀ ਰਾਮ ਜਨਮਭੂਮੀ ਅੰਦੋਲਨ ਦੇ ਪ੍ਰਮੁੱਖ ਥੰਮ੍ਹ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਤੇ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮਸਥਾਨ ਸੇਵਾ ਸੰਸਥਾਨ ਦੇ ਮੁਖੀ ਅਤੇ ਸ਼੍ਰੀ ਸਵਾਮੀ ਮਣੀ ਰਾਮਦਾਸ ਜੀ ਮਹਾਰਾਜ ਛਾਉਣੀ ਸੇਵਾ ਟਰੱਸਟ ਦੇ ਪੀਠਾਧੀਸ਼ਵਰ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ “ਭਾਰਤ ਰਤਨ” ਨਾਲ ਸਨਮਾਨਿਤ ਕਰਨ ਦੀ ਮੰਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੋਲ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੂੰ ਭੇਜੇ ਗਏ ਪੱਤਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਅਤੇ ਸ਼੍ਰੀ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਦੇ ਸ਼ਿਸ਼ ਰਾਮਾਨੰਦੀ ਵੈਸ਼ਨਵ ਸੰਪਰਦਾਇ, ਜੱਬਲਪੁਰ ਦੇ ਸੰਤ ਮਹੰਤ ਆਸ਼ੀਸ਼ ਦਾਸ ਨੇ ਸਾਂਝੇ ਰੂਪ ਵਿਚ ਇਹ ਮੰਗ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਹੈ ਕਿ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ ਦੀ ਸੇਵਾ, ਤਿਆਗ, ਸੰਘਰਸ਼ਮਈ ਜੀਵਨ ਅਤੇ ਸ਼੍ਰੀ ਰਾਮ ਜਨਮਭੂਮੀ ਅੰਦੋਲਨ ਨੂੰ ਸਫਲਤਾ ਦੇ ਇਤਿਹਾਸਕ ਮੁਕਾਮ ਤੱਕ ਪਹੁੰਚਾਉਣ ਬਾਰੇ ਪ੍ਰਧਾਨ ਮੰਤਰੀ ਖ਼ੁਦ ਵੀ ਬਾਖ਼ੂਬੀ ਜਾਣਦੇ ਹਨ, ਜਿਨ੍ਹਾਂ ਨੇ ਸੰਘ ਦੇ ਸਵੈ ਸੇਵਕ ਦੇ ਤੌਰ ’ਤੇ ਕਾਰਸੇਵਾ ਤੋਂ ਲੈ ਕੇ ਪ੍ਰਧਾਨ ਮੰਤਰੀ ਵਜੋਂ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਤਕ ਸਾਥ ਕੰਮ ਕੀਤਾ। ਸਦੀਆਂ ਦੀ ਤਪੱਸਿਆ ਅਤੇ ਮਹੰਤ ਜੀ ਦੇ ਮਾਰਗ ਦਰਸ਼ਨ ਹੇਠ ਘੋਰ ਸੰਘਰਸ਼ ਤੋਂ ਬਾਅਦ ਹੀ ਸ਼੍ਰੀ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦਾ ਪੁਨਰਨਿਰਮਾਣ ਸੰਭਵ ਹੋਇਆ।
ਉਹਨਾਂ ਕਿਹਾ ਕਿ ਮਹੰਤ ਜੀ ਨੇ ਅੰਦੋਲਨ ਦੇ ਹਰ ਪੜਾਅ ਵਿੱਚ 1984 ਤੋਂ ਲੈ ਕੇ 2019 ਦੇ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਸ੍ਰੀ ਰਾਮ ਜਨਮਭੂਮੀ ਟਰੱਸਟ ਦੇ ਪ੍ਰਧਾਨ ਵਜੋਂ 22 ਜਨਵਰੀ 2024 ਨੂੰ ਹੋਈ ਸ਼੍ਰੀਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੱਕ ਆਪਣੇ ਜੀਵਨ ਦਾ ਹਰ ਪਲ ਸਮਰਪਿਤ ਕਰਦਿਆਂ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਹ ਰਾਮ ਮੰਦਰ ਕੇਵਲ ਇਕ ਧਾਰਮਿਕ ਸਥਾਨ ਨਹੀਂ, ਸਗੋਂ ਭਾਰਤ ਦੀ ਅਧਿਆਤਮਿਕ ਸੰਸਕ੍ਰਿਤੀ, ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ ਅਤੇ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਇਸ ਇਤਿਹਾਸਕ ਯੁੱਗ-ਪਰਿਵਰਤਨ ਦੇ ਪ੍ਰੇਰਕ ਤੇ ਮਾਰਗ ਦਰਸ਼ਕ ਹਨ। ਪੱਤਰ ਵਿਚ ਉਨ੍ਹਾਂ ਦੇ ਸੰਘਰਸ਼ ਦਾ ਪੂਰਾ ਬਿਉਰਾ ਦਿੱਤਾ ਗਿਆ। ਚਾਹੇ ਉਨ੍ਹਾਂ ’ਤੇ ਬੰਬ ਧਮਾਕੇ ਰਾਹੀ ਹਮਲਾ ਕੀਤਾ ਗਿਆ ਪਰ ਉਹ ਆਪਣੇ ਅਕੀਦੇ ਤੋਂ ਪਿੱਛੇ ਹਟੇ।
ਮਹੰਤ ਜੀ ਦੇ ਜੀਵਨ ’ਤੇ ਰੋਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਮਹੰਤ ਜੀ ਨੇ ਰਾਮਾਇਣ ਭਵਨ, ਸ਼੍ਰੀ ਚਾਰ ਧਾਮ ਮੰਦਰ ਸਮੇਤ ਕਈ ਧਾਰਮਿਕ ਸਥਾਨਾਂ ਦਾ ਨਿਰਮਾਣ ਕਰਵਾਇਆ, ਅਯੁੱਧਿਆ ਦੇ ਸੰਤ ਸਮਾਜ ਨੂੰ ਇਕੱਠਾ ਕੀਤਾ ਅਤੇ ਗਊ ਸੇਵਾ, ਬ੍ਰਾਹਮਣ ਸੇਵਾ, ਮੈਡੀਕਲ ਅਤੇ ਸਿੱਖਿਆ ਦੇ ਖੇਤਰ ਤੋਂ ਇਲਾਵਾ ਸਮਾਜਕ ਸਦਭਾਵਨਾ ਨੂੰ ਆਪਣੇ ਜੀਵਨ ਦਾ ਲਕਸ਼ ਬਣਾਇਆ। ਉਨ੍ਹਾਂ ਦੱਸਿਆ ਕਿ ਮਹੰਤ ਜੀ ਦਾ ਜਨਮ 11 ਜੂਨ 1938 ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਕੇਰਲਾ ਪਿੰਡ ਵਿੱਚ ਹੋਇਆ।ਕੇਵਲ 12 ਸਾਲ ਦੀ ਉਮਰ ਵਿੱਚ ਉਹਨਾਂ ਨੇ ਘਰ ਤਿਆਗ ਕੇ ਅਯੁੱਧਿਆ ਦਾ ਰੁਖ ਕੀਤਾ ਅਤੇ ਮਹੰਤ ਰਾਮ ਮਨੋਹਰ ਦਾਸ ਜੀ ਦੇ ਸ਼ਿਸ਼ ਬਣੇ। 1965 ਵਿੱਚ, 27 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਅਯੁੱਧਿਆ ਦੀ ਪ੍ਰਸਿੱਧ ਸ਼੍ਰੀ ਮਣੀ ਰਾਮਦਾਸ ਜੀ ਛਾਵਨੀ (ਛੋਟੀ ਛਾਵਨੀ) ਦੇ ਮਹੰਤ ਬਣਾਏ ਗਏ।
ਉਹਨਾਂ ਦੀ ਦੂਰਦਰਸ਼ਤਾ ਅਤੇ ਸਾਧਨਾ ਨਾਲ ਅੱਜ ਅਯੁੱਧਿਆ ਧਾਮ ਵਿੱਚ ਵਿਸ਼ਾਲ ਸ੍ਰੀ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। “ਸ੍ਰੀ ਰਾਮ ਮੰਦਰ ਕੇਵਲ ਇਕ ਧਾਰਮਿਕ ਪ੍ਰਾਪਤੀ ਨਹੀਂ, ਇਹ ਭਾਰਤ ਦੀ ਆਤਮਾ, ਸਭਿਆਚਾਰ, ਗੌਰਵ ਅਤੇ ਸਨਾਤਨ ਚੇਤਨਾ ਤੇ ਸੰਸਕ੍ਰਿਤੀ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ ਅਤੇ ਉਸ ਯੁੱਗ ਪਰਿਵਰਤਨ ਦੇ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ ਸ਼ਿਲਪੀ ਹਨ’’
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਨਿਵੇਦਨ ਕਰਦਿਆਂ ਪੱਤਰ ਵਿੱਚ ਕਿਹਾ ਗਿਆ ਹੈ ਕਿ “ਮਹੰਤ ਜੀ ਦਾ ਜੀਵਨ ਤਪ, ਤਿਆਗ ਅਤੇ ਰਾਸ਼ਟਰ ਭਗਤੀ ਦਾ ਪ੍ਰਤੀਕ ਹੈ। ਉਹਨਾਂ ਨੇ ਚਾਰ ਦਹਾਕਿਆਂ ਤੱਕ ਸ੍ਰੀ ਰਾਮ ਜਨਮਭੂਮੀ ਲਈ ਸੰਘਰਸ਼ ਕੀਤਾ, ਅਨੇਕ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਅੰਤ ਵਿੱਚ ਭਾਰਤ ਦੀ ਸਾਂਸਕ੍ਰਿਤਿਕ ਪਛਾਣ ਨੂੰ ਦੁਬਾਰਾ ਵਿਸ਼ਵ ਪੱਧਰ ’ਤੇ ਸਥਾਪਿਤ ਕੀਤਾ। ਭਾਰਤੀ ਭਾਈਚਾਰੇ ਦਾ ਵਿਸ਼ਵਾਸ ਹੈ ਕਿ ਸ਼੍ਰੀ ਰਾਮ ਜਨਮਭੂਮੀ ਅੰਦੋਲਨ ਵਿੱਚ ਮਹੰਤ ਜੀ ਦੇ ਅਨਮੋਲ ਯੋਗਦਾਨ ਅਤੇ ਸੰਘਰਸ਼ਮਈ ਜੀਵਨ ਲਈ ਉਹ “ਭਾਰਤ ਰਤਨ” ਜਿਹੇ ਦੇਸ਼ ਦੇ ਸਰਵਉੱਚ ਸਨਮਾਨ ਦੇ ਪਹਿਲੇ ਅਤੇ ਸੱਚੇ ਤੇ ਨਿਸ਼ਚਤ ਤੌਰ ’ਤੇ ਹੱਕਦਾਰ ਹਨ।’’
ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੋਂ ਵਿਅਕਤੀਗਤ ਤੌਰ ’ਤੇ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਤੇ ਮਹੰਤ ਨ੍ਰਿਤਿਆ ਗੋਪਾਲ ਦਾਸ ਜੀ ਮਹਾਰਾਜ ਨੂੰ ਭਾਰਤ ਰਤਨ ਸਨਮਾਨ ਲਈ ਮਾਨਯੋਗ ਰਾਸ਼ਟਰਪਤੀ ਜੀ ਕੋਲ ਸਿਫ਼ਾਰਸ਼ ਭੇਜਣ ਦੀ ਪੁਰਜ਼ੋਰ ਅਪੀਲ ਕੀਤੀ।