ਮਾਨਸਾ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 3.50 ਲੱਖ ਪੌਦੇ ਲਗਾਉਣ ਦਾ ਟੀਚਾ-ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਪੌਦੇ ਲਗਾਉਣ ਦਾ ਟੀਚਾ ਕੀਤਾ ਨਿਰਧਾਰਤ
ਕਿਹਾ, ਸਮੂਹ ਵਿਭਾਗ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ‘ਚ ਨਿਭਾਉਣ ਜਿੰਮੇਵਾਰੀ
ਜੰਗਲਾਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਨੂੰ ਮੁਹੱਈਆ ਕਰਵਾਏ ਜਾਣਗੇ ਪੌਦੇ
ਮਾਨਸਾ, 08 ਜੁਲਾਈ 2025:
ਜ਼ਿਲ੍ਹਾ ਮਾਨਸਾ ‘ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ 3.50 ਲੱਖ ਪੌਦੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਊ ਕਾਨਫਰੰਸ ਰੂਮ ਵਿਖੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਪੌਦੇ ਲਗਾਉਣ ਲਈ ਟੀਚੇ ਨਿਰਧਾਰਤ ਕੀਤੇ |
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਕੁਦਰਤ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬੇਹੱਦ ਲਾਜ਼ਮੀ ਹੈ | ਵਾਤਾਵਰਣ ਦੀ ਸਾਂਭ ਸੰਭਾਲ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ ਜੋ ਕਿ ਸਾਨੂੰ ਬਾਖ਼ੂਬੀ, ਨਿਰਸਵਾਰਥ ਅਤੇ ਜਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਹੈ |
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜਿੰਨ੍ਹਾਂ ਵਿਭਾਗਾਂ ਕੋਲ ਖਾਲੀ ਜਗ੍ਹਾ ਹੈ ਉਹ ਉੱਥੇ ਪੌਦੇ ਲਗਾ ਸਕਦੇ ਹਨ | ਉਨ੍ਹਾਂ ਕਿਹਾ ਕਿ ਵਣ ਵਿਭਾਗ ਦੀਆਂ ਥਾਵਾਂ ਤੋਂ ਇਲਾਵਾ ਸਕੂਲ, ਕਾਲਜਾਂ, ਪੰਚਾਇਤੀ ਥਾਵਾਂ, ਗੁਰਦੁਆਰਾ ਸਾਹਿਬ, ਸਮਸ਼ਾਨ ਘਾਟ, ਆਂਗਣਵਾੜੀਆਂ, ਪੁਲਿਸ ਲਾਈਨ, ਥਾਣਿਆਂ, ਡਿਸਪੈਂਸਰੀਆਂ ਆਦਿ ‘ਚ ਸੀਸ਼ਮ, ਨਿੰਮ੍ਹ, ਬਰਮੀ ਡੇਕ, ਕਿੱਕਰ, ਜੰਡ ਆਦਿ ਰਵਾਇਤੀ ਕਿਸਮ ਦੇ ਪੌਦਿਆਂ ਦੇ ਨਾਲ ਨਾਲ ਫਲਦਾਰ ਪੌਦੇ ਅਤੇ ਫੁੱਲਾਂ ਵਾਲੇ ਸਜ਼ਾਵਟੀ ਪੌਦੇ ਢੁਕਵੀਆਂ ਥਾਵਾਂ ‘ਤੇ ਲਗਾਏ ਜਾਣ |
ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗ ਆਪਣੀ ਆਪਣੀ ਲੋੜ ਅਤੇ ਜਗ੍ਹਾ ਅਨੁਸਾਰ ਵਣ ਵਿਭਾਗ ਤੋਂ ਪੌਦੇ ਪ੍ਰਾਪਤ ਕਰ ਸਕਦੇ ਹਨ | ਇਸ ਦੇ ਲਈ ਵਣ ਵਿਭਾਗ ਦੇ ਦਫ਼ਤਰ ਜਾਂ ਜ਼ਿਲ੍ਹਾ ਵਣ ਅਫ਼ਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ |
ਇਸ ਮੌਕੇ ਨਵਨਿਯੁਕਤ ਆਈ.ਏ.ਐਸ. ਡਾ. ਗੁਰਲੀਨ ਕੌਰ, ਜ਼ਿਲ੍ਹਾ ਵਣ ਅਫ਼ਸਰ ਪਵਨ ਸ੍ਰੀਧਰ, ਡੀ.ਐਸ.ਪੀ. ਪੁਸ਼ਪਿੰਦਰ ਸਿੰਘ, ਤਹਿਸੀਲਦਾਰ ਅਮਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |