ਮਾਨ ਸਰਕਾਰ ਸ਼ਹਾਦਤਾਂ ਰਾਹੀਂ ਸਿਰਜੀ ਸਾਡੀ ਅਮੀਰ ਵਿਰਾਸਤ ਨੂੰ ਤਬਾਹ ਕਰਨ ’ਤੇ ਤੁਲੀ : ਪ੍ਰੋ. ਸਰਚਾਂਦ ਸਿੰਘ ਖਿਆਲਾ।
ਸ਼੍ਰੀਨਗਰ ’ਚ ਸ਼ਹੀਦੀ ਸਮਾਗਮ ਪ੍ਰਤੀ ਅਖਾੜਾ ਲਾ ਕੇ ਨਵੀਂ ਪਿਰਤ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਅੰਮ੍ਰਿਤਸਰ, 25 ਜੁਲਾਈ 2025:
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਗੁਰੂ ਸਾਹਿਬਾਨ ਵੱਲੋਂ ਸ਼ਹਾਦਤਾਂ ਰਾਹੀਂ ਸਿਰਜੀ ਸਾਡੀ ਅਮੀਰ ਵਿਰਾਸਤ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀਨਗਰ (ਕਸ਼ਮੀਰ) ’ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਰੰਗਤ ਅਧੀਨ ਕਰਵਾਇਆ ਸਮਾਗਮ ਅਖਾੜਾ ਅਤੇ ਜਸ਼ਨ ਦੇ ਰੂਪ ’ਚ ਹੋਣ ਕਾਰਨ ਇਹ ਗੁਰਮਤਿ ਅਤੇ ਸ਼ਹਾਦਤਾਂ ਦੇ ਫ਼ਲਸਫ਼ੇ ਨਾਲ ਦੂਰ ਦੂਰ ਦਾ ਵੀ ਨਾਤਾ ਨਹੀਂ, ਸਗੋਂ ਸਿੱਖ ਸੰਸਕਾਰ- ਅਸੂਲਾਂ ਅਤੇ ਅਮੀਰ ਰਵਾਇਤਾਂ ਦੇ ਖਿਲਾਫ ਸਰਕਾਰ ਦਾ ਇਕ ਮੰਦਭਾਗਾ ਕਦਮ ਹੈ, ਜਿਸ ਨੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ, ਗੁਰਪੁਰਬ ਅਤੇ ਇਤਿਹਾਸਕ ਸ਼ਹੀਦੀ ਦਿਹਾੜੇ ਸਧਾਰਨ ਤਿਉਹਾਰ ਜਾਂ ਮਨੋਰੰਜਨ ਦਾ ਸਾਧਨ ਅਤੇ ਜਸ਼ਨ ਨਹੀਂ, ਸਗੋਂ ਆਤਮਿਕ ਚੇਤਨਾ, ਗੁਰਮਤਿ ਸਿਧਾਂਤ ਅਤੇ ਸ਼ਹੀਦੀ ਸੰਕਲਪ ਦੇ ਪ੍ਰਤੀਕ ਹੁੰਦੇ ਹਨ। ਇਹ ਗੁਰਬਾਣੀ, ਸੇਵਾ, ਸਿਮਰਨ, ਕੀਰਤਨ ਅਤੇ ਚਿੰਤਨ ਰਾਹੀਂ ਮਨਾਏ ਜਾਂਦੇ ਹਨ, ਨਾ ਕਿ ਅਖਾੜੇ ਅਤੇ ਨੱਚ ਟਪਕੇ । ਭਾਸ਼ਾ ਵਿਭਾਗ ਦੇ ਪ੍ਰੋਗਰਾਮ ’ਚ ਸਿੱਖਿਆ ਅਤੇ ਭਾਸ਼ਾ ਮੰਤਰੀ ਦੀ ਮੌਜੂਦਗੀ ’ਚ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਉਪਕਾਰਾਂ ਨੂੰ ਛੁਟਿਆਉਣ ਅਤੇ ਨਵੀਂ ਪਿਰਤ ਪਾ ਕੇ ਸਿੱਖ ਕੌਮ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਿੱਖ ਪੰਥ ਅਤੇ ਨਾਨਕ ਨਾਮ ਲੇਵਾ ਸੰਗਤਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਖੀ ਅਸੂਲਾਂ ਨਾਲ ਕੀਤੇ ਗਏ ਖਿਲਵਾੜ ਨੇ ਇਸ ਤੌਖਲੇ ਨੂੰ ਵੀ ਸੱਚ ਸਾਬਤ ਕੀਤਾ ਹੈ ਕਿ ਮਾਨ ਸਰਕਾਰ ਸਿੱਖ ਧਰਮ ਦੀਆਂ ਰਹੁ ਰੀਤਾਂ ਤੋਂ ਕੋਰਾ ਹੈ ਅਤੇ ਉਨ੍ਹਾਂ ਨੂੰ ਸ਼ਹੀਦੀ ਸਮਾਗਮ ਵੱਖਰੇ ਤੌਰ ’ਤੇ ਮਨਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਗਮਾਂ ’ਚ ਸੰਗਤ ਗੁਰ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਦੀ ਪਕਿਆਈ ਲੈਣ ਆਉਂਦੀਆਂ ਹਨ , ਪਰ ਸਰਕਾਰੀ ਸ਼ੋਅ ਨੇ ਮਹਾਨ ਇਤਿਹਾਸ ਨਾਲ ਜੋੜਨ ਦੀ ਥਾਂ ਲੋਕਾਂ ਨੂੰ ਲਚਕਤਾ ਅਤੇ ਮਦਹੋਸ਼ੀ ’ਚ ਨੱਚਣ ਟੱਪਣ ਲਾ ਛੱਡਿਆ । ਅਫ਼ਸੋਸ ਦੀ ਗਲ ਹੈ ਕਿ ਗੁਰਮਤਿ ਸਿੱਖਿਆ ਹਾਸਲ ਕੀਤੇ ਬਿਨਾ ਬਚਿਆਂ ਨੂੰ ਘਰਾਂ ਨੂੰ ਜਾਣਾ ਪਿਆ। ਉਨ੍ਹਾਂ ਕਿਹਾ ਕਿ ਸ਼ਹਾਦਤ ਮਾਰਗ ਦੇ ਸ਼ਾਹ ਅਸਵਾਰ ਅਤੇ ਹਿੰਦ ਦੀ ਚਾਦਰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਦਰਦਨਾਕ ਤੇ ਲੂੰ ਕੰਡੇ ਖੜੇ ਕਰਨ ਵਾਲੀ ਘਟਨਾ ਦੀ ਮਿਸਾਲ ਸਾਰੇ ਸੰਸਾਰ ਅਤੇ ਧਰਮ ਦੇ ਇਤਿਹਾਸ ’ਚ ਹੋਰ ਕਿਧਰੇ ਨਹੀਂ ਮਿਲਦੀ। ਜਿੱਥੇ ਨੌਵੇਂ ਗੁਰੂ ਦੀ ਸ਼ਹਾਦਤ ਆਪਣੇ ਧਰਮ ਦੀ ਰੱਖਿਆ ਲਈ ਨਾ ਹੋ ਕੇ ਹਿੰਦੂ ਸਨਾਤਨ ਧਰਮ ਅਤੇ ਇਸ ਦੇ ਧਾਰਮਿਕ ਚਿੰਨ੍ਹਾਂ ਦੀ ਰਾਖੀ ਲਈ ਦਿੱਤੀ ਸੀ। ਇਹ ਹੋਰ ਵੀ ਅਫ਼ਸੋਸਨਾਕ ਹੈ ਕਿ ਅਤੇ ਨਿੰਦਣਯੋਗ ਘਟਨਾ ਉਸ ਧਰਤੀ ਤੇ ਵਾਪਰੀ ਜਿੱਥੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਲਾਸਾਨੀ ਸ਼ਹੀਦੀ ਦਿੱਤੀ। ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖ ਇਤਿਹਾਸ ਅਤੇ ਗੁਰਮਤਿ ਮਰਯਾਦਾ ਦੀ ਪਵਿੱਤਰਤਾ ਨਾਲ ਖਿਲਵਾੜ ਕੀਤਾ ਹੈ, ਉਹ ਗਾਇਕਾਂ ਅਤੇ ਅਧਿਕਾਰੀਆਂ ਦੀ ਨਾਸਮਝੀ ਨੂੰ ਵੀ ਬੇਨਕਾਬ ਕਰਦਾ ਹੈ ਜੋ ਇਨ੍ਹਾਂ ਸਮਾਗਮਾਂ ‘ਚ ਭਜਨ-ਕੀਰਤਨ ਦੀ ਥਾਂ ਰੋਮਾਂਟਿਕ ਗੀਤਾਂ ‘ਤੇ ਨੱਚਦੇ ਰਹੇ।
ਉਨ੍ਹਾਂ ਕਿਹਾ ਕਿ ’’ਇਸ ਸਬੰਧੀ ਸ਼੍ਰੋਮਣੀ ਕਮੇਟੀ, ਧਾਰਮਿਕ ਜਥੇਬੰਦੀਆਂ, ਅਤੇ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸਖ਼ਤ ਆਲੋਚਨਾ ਸਰਕਾਰ ਲਈ ਇਕ ਚੇਤਾਵਨੀ ਹੈ ਕਿ ਸਿੱਖ ਧਰਮ, ਇਤਿਹਾਸ ਅਤੇ ਗੁਰਮਤਿ ਮਰਯਾਦਾ ਉੱਤੇ ਰਾਜਨੀਤਿਕ ਸ਼ੋਅਬਾਜ਼ੀ ਨਹੀਂ ਹੋ ਸਕਦੀ। ਜਦ ਤਕ ਇਹ ਸਮਾਗਮ ਗੁਰੂ ਘਰਾਂ ਅਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਮਤਿ ਅਨੁਸਾਰ ਨਾ ਕਰਵਾਏ ਜਾਣ, ਤਦ ਤਕ ਨਿਰਾਦਰੀ ਬਣੀ ਰਹੇਗੀ।
ਪ੍ਰੋ. ਖਿਆਲਾ ਨੇ ਕਿਹਾ ਕਿ ਸਰਕਾਰੀ ਸਮਾਗਮ ਲਈ ਭਾਵੇਂ ‘ਗੁਰ ਵਿਚਾਰ’ ਲਿਖੇ ਜਾਣ, ਪਰ ਸੱਚਾਈ ਬੇਨਕਾਬ ਹੋ ਹੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸ਼ਤਾਬਦੀ ਦੇ ਨਾਂ ‘ਤੇ ਪੰਜਾਬ ਭਾਸ਼ਾ ਵਿਭਾਗ ਵੱਲੋਂ ਸ੍ਰੀਨਗਰ ਵਿੱਚ ਜੋ ‘ਇਵੈਂਟ’ ਕਰਾਇਆ ਗਿਆ ਉਹ ਸਿੱਖੀ ਦੇ ਆਦਰਸ਼ਾਂ ਦੀ ਖੁੱਲ੍ਹੀ ਤੌਹੀਨ ਸੀ। ਜਿਸ ਨੇ ਸਾਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੌਂਦਿਆ ਹੈ। ਇਹ ਗੱਲ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸੰਵੇਦਨਸ਼ੀਲਤਾ ਦੀ ਘਾਟ ਦੇ ਚਲਦਿਆਂ ਨਾ ਤਾਂ ਸਿੱਖ ਇਤਿਹਾਸਕਾਰਾਂ ਦੀ, ਨਾ ਹੀ ਧਾਰਮਿਕ ਵਿਅਕਤੀਆਂ ਤੇ ਸੰਸਥਾਵਾਂ ਦੀ ਰਾਏ ਲਈ ਗਈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਤਿਆਗ, ਧੀਰਜ ਤੇ ਸ਼ਾਂਤੀ ਦਾ ਰਾਹ ਅਪਣਾਇਆ ਪਰ ਜਦੋਂ ਸਾਡੀਆਂ ਆਸਥਾਵਾਂ ਤੇ ਮਾਣ ਮਰਯਾਦਾ ਦਾ ਮਜ਼ਾਕ ਉਡਾਇਆ ਜਾਵੇ, ਤਾਂ ਸਾਡੀ ਚੁੱਪੀ ਗੁਨਾਹ ਹੋਵੇਗੀ। ਸਾਨੂੰ ਅਜਿਹੇ ਸਰਕਾਰੀ ਜਸ਼ਨਾਂ ਦੀ ਲੋੜ ਨਹੀਂ, ਸ਼ਤਾਬਦੀ ਨਾਲ ਸੰਬੰਧਿਤ ਸਮਾਗਮ ਕੇਵਲ ਗੁਰੂ ਘਰਾਂ ਵਿੱਚ, ਸਿੱਖ ਸੰਸਥਾਵਾਂ ਵਿੱਚ, ਗੁਰਮਤ ਅਤੇ ਗੁਰ ਇਤਿਹਾਸ ਦੀ ਰੋਸ਼ਨੀ ਵਿੱਚ ਮਨਾਏ ਜਾਣ ਅਤੇ ਅਜਿਹੇ ਸਰਕਾਰੀ ਪ੍ਰੋਗਰਾਮਾਂ ਦਾ ਡਟ ਕੇ ਵਿਰੋਧ ਕੀਤਾ ਜਾਵੇ।