ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਨੇ ਢੁਕਵੇਂ ਪ੍ਰਬੰਧ-ਡਿਪਟੀ ਕਮਿਸ਼ਨਰ
ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਮਾਨਸਾ, 11 ਜੁਲਾਈ 2025:
ਬਰਸਾਤ ਦੇ ਮੌਸਮ ਕਾਰਨ ਸ਼ਹਿਰ ‘ਚ ਜਮ੍ਹਾ ਹੋਏ ਪਾਣੀ ਦੀ ਨਿਕਾਸੀ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਦੇ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਭਾਰੀ ਤੇ ਲਗਾਤਾਰ ਬਰਸਾਤ ਹੋਣ ਕਾਰਨ ਸ਼ਹਿਰ ਅੰਦਰ ਮੀਂਹ ਦਾ ਪਾਣੀ ਜਮ੍ਹਾ ਹੋਣ ਅਤੇ ਸੀਵਰੇਜ਼ ਓਵਰਫਲੋਅ ਦੀ ਸਮੱਸਿਆ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਲਈ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਦਿਆਂ ਪਾਣੀ ਦੀ ਨਿਕਾਸੀ ਦੇ ਹੱਲ ਲਈ ਪ੍ਰਬੰਧਾਂ ਦਾ ਜਾਇਜ਼ਾ ਲਿਆ |
ਉਨ੍ਹਾਂ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਹਿਰ ਦੇ ਜ਼ਿਆਦਾ ਪਾਣੀ ਵਾਲੇ ਇਲਾਕਿਆਂ ‘ਚੋਂ ਮੋਟਰਾਂ ਨਾਲ ਪਾਣੀ ਕਢਵਾਇਆ ਜਾਵੇ, ਕੂੜਾ ਕਰਕਟ ਦੀ ਸਫਾਈ ਕਰਵਾਈ ਜਾਵੇ ਅਤੇ ਪਾਣੀ ਨੂੰ ਆਬਾਦੀ ‘ਚ ਜਾਣ ਤੋਂ ਰੋਕਣ ਲਈ ਮਿੱਟੀ ਦੇ ਗੱਟੇ ਆਦਿ ਦੀ ਵਰਤੋਂ ਕੀਤੀ ਜਾਵੇ | ਸੀਵਰੇਜ਼ ਦੇ ਨਾਲ ਨਾਲ ਨਾਲੀਆਂ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਆਵਾਜਾਈ ਵਿਚ ਵਿਘਨ ਨਾ ਪਵੇ |
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਲਗਾਤਾਰ ਨਗਰ ਕੌਂਸਲ ਅਧਿਕਾਰੀਆਂ ਨਾਲ ਰਾਬਤੇ ਵਿਚ ਹਨ | ਪਾਣੀ ਦੀ ਨਿਕਾਸੀ ਲਈ ਹਰ ਢੁਕਵੇਂ ਪ੍ਰਬੰਧ ਨਗਰ ਕੌਂਸਲ ਦੀ ਟੀਮ ਵੱਲੋਂ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੀਵਰੇਜ਼ ਸਮੱਸਿਆ ਦੇ ਹੱਲ ਲਈ ਪਿਛਲੇ ਦਿਨੀ ਹੀ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕਰਵਾਇਆ ਗਿਆ ਹੈ, ਪ੍ਰੰਤੂ ਬਰਸਾਤ ਹੋਣ ਕਾਰਨ ਸ਼ਹਿਰ ਅੰਦਰ ਪਾਣੀ ਜਮ੍ਹਾ ਹੋਇਆ ਜਿਸ ਦੀ ਨਿਕਾਸੀ ਲਈ ਨਗਰ ਕੌਂਸਲ ਮਾਨਸਾ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ |
ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਮੱਸਿਆ ਵੱਡੀ ਹੋਣ ਕਾਰਨ ਇਸ ਦੇ ਹੱਲ ਦੀ ਪ੍ਰਕਿਰਿਆ ‘ਚ ਸਮਾਂ ਲੱਗ ਸਕਦਾ ਹੈ ਪ੍ਰੰਤੂ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਸ਼ਹਿਰ ਨੂੰ ਸੀਵਰੇਜ਼ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ |