ਮੰਡੀ ਬੋਰਡ ਵੱਲੋਂ ਮੋਹਾਲੀ ਦੇ ਫੇਜ਼-11 ਵਿੱਚ 12 ਏਕੜ ਵਿਚ ਬਣੀ ਸਬਜ਼ੀ ਮੰਡੀ ਨੂੰ ਵੇਚਣ ਦਾ ਫ਼ੈਸਲਾ ਲੋਕ ਵਿਰੋਧੀ-ਬਲਬੀਰ ਸਿੱਧੂ
ਕਿਹਾ, ਕਾਂਗਰਸ ਪਾਰਟੀ ਇਸ ਤਜਵੀਜ਼ ਨੂੰ ਰੱਦ ਕਰਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੇਗੀ
ਐਸ.ਏ.ਐਸ. ਨਗਰ, 3 ਅਕਤੂਬਰ 2025
ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਮੰਡੀ ਬੋਰਡ ਵਲੋਂ ਮੋਹਾਲੀ ਦੇ ਫੇਜ਼-11 ਵਿੱਚ 12 ਏਕੜ ਰਕਬੇ ਵਿਚ ਬਣੀ ਅਤਿ-ਆਧੁਨਿਕ ਸਬਜ਼ੀ ਤੇ ਫ਼ਲ ਮੰਡੀ ਦੀ ਜਗ੍ਹਾ ਪੁੱਡਾ ਨੂੰ ਵੇਚਣ ਦੇ ਫੈਸਲੇ ਨੂੰ ਬੇਤੁਕਾ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਤਜਵੀਜ਼ ਨੂੰ ਰੱਦ ਕਰਾਉਣ ਲਈ ਹਰ ਪੱਧਰ ਉੱਤੇ ਲੜਾਈ ਲੜੇਗੀ।
ਸ਼੍ਰੀ ਸਿੱਧੂ ਨੇ ਕਿਹਾ ਕਿ ਮੰਡੀ ਬੋਰਡ ਨੇ ਅਜੇ ਪਿਛਲੇ ਸਾਲ ਹੀ ਇਸ ਮੰਡੀ ਵਿਚ ਬਣੀਆਂ ਦੁਕਾਨਾਂ ਦੀ ਨੀਲਾਮੀ ਕੀਤੀ ਸੀ ਅਤੇ ਦੁਕਾਨਾਂ ਖ਼ਰੀਦਣ ਵਾਲੇ ਕਾਰੋਬਾਰੀਆਂ ਨੇ ਇੱਥੇ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਹੁਣ ਅਚਾਨਕ ਹੀ ਮੰਡੀ ਬੋਰਡ ਨੇ ਇਹ ਫੈਸਲਾ ਕਰ ਲਿਆ ਹੈ ਕਿ ਇਹਨਾਂ ਦੁਕਾਨਦਾਰਾਂ ਦੀ ਰਕਮ 6 ਫੀਸਦੀ ਵਿਆਜ ਸਮੇਤ ਵਾਪਸ ਮੋੜ ਕੇ ਇਹ ਸਾਰੀ ਜਗ੍ਹਾ ਪੁੱਡਾ ਨੂੰ ਕੁਲੈਕਟਰ ਰੇਟ ਉੱਤੇ ਤਬਦੀਲ ਕਰ ਦਿਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਤਜਵੀਜ਼ ਦੇ ਸਿਰੇ ਚੜ੍ਹਣ ਨਾਲ ਇਸ ਮੰਡੀ ਵਿਚ ਕਾਰੋਬਾਰ ਕਰ ਰਹੇ ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ।
ਸਾਬਕਾ ਮੰਤਰੀ ਨੇ ਕਿਹਾ ਕਿ ਮੰਡੀ ਬੋਰਡ ਦਾ ਇਹ ਫ਼ੈਸਲਾ 2013 ਦੇ ਜ਼ਮੀਨ ਗ੍ਰਹਿਣ ਕਾਨੂੰਨ ਦੇ ਵੀ ਵਿਰੁੱਧ ਹੈ ਜਿਹੜਾ ਇਹ ਕਹਿੰਦਾ ਹੈ ਕਿ ਜਿਸ ਪ੍ਰਾਜੈਕਟ ਲਈ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਜੇ ਸਰਕਾਰ ਜ਼ਮੀਨ ਉਸ ਪ੍ਰਾਜੈਕਟ ਲਈ ਨਹੀਂ ਵਰਤਦੀ ਤਾਂ ਉਹ ਜ਼ਮੀਨ ਅਸਲੀ ਮਾਲਕਾਂ ਨੂੰ ਵਾਪਸ ਕਰਨੀ ਪਵੇਗੀ।
ਸ਼੍ਰੀ ਸਿੱਧੂ ਨੇ ਕਿਹਾ ਕਿ ਭੁੱਖੀ-ਨੰਗੀ ਭਗਵੰਤ ਮਾਨ ਸਰਕਾਰ ਆਪਣੇ ਖ਼ਰਚੇ ਚਲਾਉਣ ਲਈ ਪੈਸਾ ਇਕੱਠਾ ਕਰਨ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਸੂਬੇ ਦੀ ਭਵਿੱਖੀ ਲੋੜਾਂ, ਵਿਕਾਸ ਅਤੇ ਜ਼ਰੂਰਤਾਂ ਲਈ ਰਾਖਵੀਆਂ ਰੱਖੀਆਂ ਜਾਇਦਾਦਾਂ ਨੂੰ ਆਪਣੇ ਪੱਟੇ ਟੋਏ ਭਰਨ ਲਈ ਕਬਾੜ ਦੇ ਭਾਅ ਲੁਟਾ ਰਹੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਸਰਕਾਰ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮਹਿਕਮੇ ਤੋਂ ਪਹਿਲਾਂ ਹੀ 2500 ਕਰੋੜ ਰੁਪਏ ਲੈ ਲਏ ਹਨ ਅਤੇ ਹੁਣ ਗਮਾਡਾ ਤੋਂ 1000 ਕਰੋੜ ਰੁਪਏ ਹੋਰ ਲਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰ ਨੇ ਇਹ ਸੌਖਾ ਢੰਗ ਲੱਭ ਲਿਆ ਹੈ ਕਿ ਵੱਖ-ਵੱਖ ਮਹਿਕਮਿਆਂ ਦੀਆਂ ਜਾਇਦਾਦਾਂ ਪੁੱਡਾ ਨੂੰ ਤਬਦੀਲ ਕਰਵਾ ਕੇ ਵੇਚ ਦਿੱਤੀਆਂ ਜਾਣ ਅਤੇ ਉਸ ਬਦਲੇ ਮੋਟਾ ਹਿੱਸਾ ਸਰਕਾਰ ਦੇ ਖਾਤੇ ਵਿਚ ਜਮ੍ਹਾਂ ਕਰਵਾ ਲਿਆ ਜਾਵੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਲੋਕ ਵਿਰੋਧੀ ਫ਼ੈਸਲਾ ਕਿਸੇ ਹਾਲਤ ਵਿਚ ਵੀ ਲਾਗੂ ਨਹੀਂ ਹੋਣ ਦੇਵੇਗੀ ਅਤੇ ਅਦਾਲਤ ਵਿਚ ਜਾਣ ਸਮੇਤ ਹਰ ਕਿਸਮ ਦੀ ਚਾਰਾਜੋਈ ਕਰੇਗੀ।