‘ਯੁੱਧ ਨਸ਼ਿਆਂ ਵਿਰੁੱਧ’ ਦੇ ਨਾਮ ’ਤੇ ਪੰਜਾਬ ਦੇ ਕਰੋੜਾਂ ਰੁਪਏ ਇਸ਼ਤਿਹਾਰਾਂ ’ਚ ਬਰਬਾਦ: ਸਰਬਜੀਤ ਸਿੰਘ ਝਿੰਜਰ ਵੱਲੋਂ ਪਹਿਲੇ ਚਰਨ ’ਤੇ ਵਾਈਟ ਪੇਪਰ ਦੀ ਮੰਗ
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਵੱਡੇ ਡਰੱਗ ਮਾਫ਼ੀਆ ਦੀਆਂ ਗ੍ਰਿਫ਼ਤਾਰੀਆਂ, ਅਸਲ ਬਰਾਮਦਗੀਆਂ ਅਤੇ ਨਸ਼ਾ-ਵਿਰੋਧੀ ਮੁਹਿੰਮ ਤੇ ਇਸ਼ਤਿਹਾਰਾਂ ਉੱਤੇ ਹੋਏ ਖਰਚੇ ਦਾ ਖੁਲਾਸਾ ਕਰਨ ਦੀ ਕੀਤੀ ਮੰਗ
ਚੰਡੀਗੜ੍ਹ | 7 ਜਨਵਰੀ 2026
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਤ ਪ੍ਰਚਾਰਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੋਂ ਸਿੱਧੇ ਜਵਾਬਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਦਾ ਅਸਲ ਫ਼ੈਸਲਾ ਕਰਨ ਵਾਲਾ ਦੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਇਕ ਕਠਪੁਤਲੀ ਬਣ ਕੇ ਰਹਿ ਗਿਆ ਹੈ, ਜੋ ਕਿ ਅੱਜ ਕਰਵਾਏ ਗਏ ਪ੍ਰੋਗਰਾਮ ਤੋਂ ਵੀ ਸਾਫ਼ ਹੋ ਗਿਆ ਹੈ। ਪੰਜਾਬ ਨਾਲ ਸਬੰਧਤ ਸਾਰੀਆਂ ਨੀਤੀਆਂ, ਪ੍ਰਚਾਰ ਅਤੇ ਯੋਜਨਾਵਾਂ ਨਾਲ ਜੁੜੇ ਮਹੱਤਵਪੂਰਨ ਫ਼ੈਸਲੇ ਦਿੱਲੀ ਤੋਂ ਲਏ ਜਾ ਰਹੇ ਹਨ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਜਦੋਂ ਮੁਹਿੰਮ ਦਾ ਦੂਜਾ ਚਰਨ ਵੱਡੇ ਪ੍ਰਚਾਰ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ, ਤਾਂ ਅਰਵਿੰਦ ਕੇਜਰੀਵਾਲ ਨੂੰ ਪਹਿਲੇ ਚਰਨ ਦੇ ਅਸਲੀ ਨਤੀਜਿਆਂ ਬਾਰੇ ਪੰਜਾਬ ਦੇ ਲੋਕਾਂ ਸਾਹਮਣੇ ਇਕ ਵਾਈਟ ਪੇਪਰ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਨਸ਼ਿਆਂ ਖ਼ਿਲਾਫ਼ ਲੜਾਈ ਦੇ ਨਾਮ ’ਤੇ ਫ਼ਲੈਕਸ, ਹੋਰਡਿੰਗਾਂ, ਰਾਜਨੀਤਿਕ ਇਸ਼ਤਿਹਾਰਾਂ ਅਤੇ ਪੇਡ ਨਿਊਜ਼—ਚਾਹੇ ਪੰਜਾਬ ਅੰਦਰ ਹੋਣ ਜਾਂ ਰਾਜ ਤੋਂ ਬਾਹਰ—’ਤੇ ਲੋਕਾਂ ਦਾ ਕਿੰਨਾ ਕਰੋੜਾਂ ਰੁਪਇਆ ਖਰਚ ਕੀਤਾ ਗਿਆ।
ਮੁਹਿੰਮ ਦੀ ਭਰੋਸੇਯੋਗਤਾ ’ਤੇ ਗੰਭੀਰ ਸਵਾਲ ਚੁੱਕਦਿਆਂ, ਝਿੰਜਰ ਨੇ ਅਰਵਿੰਦ ਕੇਜਰੀਵਾਲ ਨੂੰ ਸਪਸ਼ਟ ਕਰਨ ਲਈ ਕਿਹਾ ਕਿ ਕਿੰਨੇ ਵੱਡੇ ਡਰੱਗ ਮਾਫ਼ੀਆ, ਸੰਗਠਿਤ ਡਰੱਗ ਕਾਰਟੇਲ, ਕਿੰਗਪਿਨ ਅਤੇ ਨਸ਼ਾ ਤਸਕਰੀ ਦੇ ਫਾਇਨੈਂਸਰ ਅਸਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਤੇ ਉਨ੍ਹਾਂ ਖ਼ਿਲਾਫ਼ ਕਿੰਨੇ ਮਜ਼ਬੂਤ, ਅਦਾਲਤ ਵਿੱਚ ਟਿਕਣ ਯੋਗ ਕੇਸ ਦਰਜ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਸਰਕਾਰ ਨੇ ਤਾਕਤਵਰ ਡਰੱਗ ਨੈੱਟਵਰਕ ਤੋੜਨ ਦੀ ਹਿੰਮਤ ਦਿਖਾਈ ਜਾਂ ਇਹ ਮੁਹਿੰਮ ਸਿਰਫ਼ ਦਿਖਾਵੇ ਲਈ ਛੋਟੇ ਨਸ਼ੇੜੀਆਂ ਅਤੇ ਸੜਕ-ਪੱਧਰੀ ਤਸਕਰਾਂ ਤੱਕ ਹੀ ਸੀਮਿਤ ਰਹੀ।
ਉਨ੍ਹਾਂ ਨੇ ਅੱਗੇ ਅਸਲ ਨਸ਼ੀਲੇ ਪਦਾਰਥਾਂ ਦੀਆਂ ਬਰਾਮਦਗੀਆਂ ਬਾਰੇ ਜ਼ਿਲ੍ਹਾ-ਵਾਰ, ਤਸਦੀਕਸ਼ੁਦਾ ਅੰਕੜਿਆਂ ਦੀ ਮੰਗ ਕੀਤੀ ਅਤੇ ਕਿਹਾ ਕਿ ਪ੍ਰੈੱਸ ਰਿਲੀਜ਼ਾਂ ਅਤੇ ਵਧਾ-ਚੜ੍ਹਾ ਕੇ ਕੀਤੇ ਦਾਅਵੇ ਠੋਸ ਤੱਥਾਂ ਦੀ ਥਾਂ ਨਹੀਂ ਲੈ ਸਕਦੇ। ਝਿੰਜਰ ਨੇ ਕਿਹਾ, “ਨਸ਼ਿਆਂ ਵਿਰੁੱਧ ਅਸਲੀ ਜੰਗ ਦੀ ਪੈਮਾਇਸ਼ ਟੁੱਟੇ ਹੋਏ ਕਾਰਟੇਲਾਂ ਅਤੇ ਸਜ਼ਾ ਪਾਏ ਕਿੰਗਪਿਨਾਂ ਨਾਲ ਹੁੰਦੀ ਹੈ, ਨਾ ਕਿ ਪੋਸਟਰਾਂ, ਨਾਅਰਿਆਂ ਅਤੇ ਇਸ਼ਤਿਹਾਰਾਂ ਨਾਲ।”
ਸਰਬਜੀਤ ਸਿੰਘ ਝਿੰਜਰ ਨੇ ਇਹ ਵੀ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਇਸ਼ਤਿਹਾਰਾਂ ਅਤੇ ਪ੍ਰਚਾਰ ਸਮਾਗਮਾਂ ’ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ, ਦੂਜੇ ਪਾਸੇ ਪੰਜਾਬ ਵਿੱਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਭਰ ਵਿੱਚ ਪਰਿਵਾਰ ਆਪਣੇ ਨੌਜਵਾਨ ਪੁੱਤਰਾਂ ਅਤੇ ਧੀਆਂ ਨੂੰ ਓਵਰਡੋਜ਼ ਅਤੇ ਨਸ਼ੇ ਦੀ ਲਤ ਕਾਰਨ ਗੁਆ ਰਹੇ ਹਨ, ਪਰ ਸਰਕਾਰ ਜਾਨਾਂ ਬਚਾਉਣ ਦੀ ਬਜਾਏ ਸਿਰਫ਼ ਦਿਖਾਵੇ ’ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ, “ਇਹ ਆਮ ਆਦਮੀ ਪਾਰਟੀ ਸਰਕਾਰ ਦੀ ਨਾਕਾਮੀ ਦਾ ਸਭ ਤੋਂ ਦਰਦਨਾਕ ਸਬੂਤ ਹੈ। ਜੇ ਇਹ ਸੱਚਮੁੱਚ ‘ਯੁੱਧ’ ਹੁੰਦਾ, ਤਾਂ ਪਹਿਲੀ ਤਰਜੀਹ ਮੌਤਾਂ ਰੋਕਣੀ ਹੁੰਦੀ, ਨਾ ਕਿ ਬੈਨਰ ਛਪਵਾਉਣੀ।”
ਉਨ੍ਹਾਂ ਨੇ ਕਿਹਾ, “ਅੱਜ ਦੇ ਸਮਾਗਮ ਨੇ ਇਕ ਵਾਰ ਫਿਰ ਬੇਨਕਾਬ ਕਰ ਦਿੱਤਾ ਹੈ ਕਿ ਪੰਜਾਬ ਨੂੰ ਅਸਲ ਵਿੱਚ ਕੌਣ ਚਲਾ ਰਿਹਾ ਹੈ। ਭਗਵੰਤ ਮਾਨ ਨੂੰ ਸਿਰਫ਼ ਇਕ ਚਿਹਰਾ ਬਣਾ ਕੇ ਰੱਖਿਆ ਗਿਆ ਹੈ, ਜਦਕਿ ਹਕੂਮਤ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਚਲਾ ਰਹੇ ਹਨ। ਜੇ ਕੇਜਰੀਵਾਲ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਲਈ ਸਚਮੁੱਚ ਗੰਭੀਰ ਹਨ, ਤਾਂ ਉਨ੍ਹਾਂ ਨੂੰ ਪੀਆਰ ਮੁਹਿੰਮਾਂ ਦੇ ਪਿੱਛੇ ਲੁਕਣਾ ਛੱਡ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਖੁਦ ਦੇਣੇ ਚਾਹੀਦੇ ਹਨ।”
ਜਵਾਬਦੇਹੀ ਦੀ ਮੰਗ ਕਰਦਿਆਂ, ਝਿੰਜਰ ਨੇ ਕਿਹਾ ਕਿ ਵਾਈਟ ਪੇਪਰ ਵਿੱਚ ਇਹ ਵੀ ਖੁਲਾਸਾ ਕੀਤਾ ਜਾਣਾ ਚਾਹੀਦਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਚਰਨ ਵਿੱਚ ਇਸ਼ਤਿਹਾਰਾਂ ’ਤੇ ਕਰਦਾਤਾਵਾਂ ਦਾ ਹੋਰ ਕਿੰਨਾ ਵਾਧੂ ਪੈਸਾ ਬਰਬਾਦ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ, “ਪੰਜਾਬ ਨੂੰ ਨਸ਼ਿਆਂ ਵਿਰੁੱਧ ਇੱਕ ਸੱਚੀ, ਨਤੀਜਾ-ਕੇਂਦਰਿਤ ਲੜਾਈ ਦੀ ਲੋੜ ਹੈ ਜੋ ਉੱਪਰ ਬੈਠੇ ਡਰੱਗ ਕਾਰਟੇਲਾਂ ਅਤੇ ਕਿੰਗਪਿਨਾਂ ਨੂੰ ਨਿਸ਼ਾਨਾ ਬਣਾਏ, ਕਾਨੂੰਨੀ ਕਾਰਵਾਈ, ਪੁਨਰਵਾਸ ਅਤੇ ਸਜ਼ਾਵਾਂ ’ਤੇ ਧਿਆਨ ਕੇਂਦਰਿਤ ਕਰੇ ਅਤੇ ਵੱਧ ਰਹੀਆਂ ਨਸ਼ਾ-ਸੰਬੰਧੀ ਮੌਤਾਂ ’ਤੇ ਰੋਕ ਲਗਾਏ। ਪੰਜਾਬ ਦੇ ਨੌਜਵਾਨਾਂ ਨੂੰ ਨਾਅਰੇ ਨਹੀਂ, ਠੋਸ ਕਾਰਵਾਈ ਚਾਹੀਦੀ ਹੈ।”







