ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਉਚਿਤ ਤਨਖਾਹਾਂ ਯਕੀਨੀ ਬਣਾਉਣ ਲਈ ਸਪੀਕਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਖਲ ਦੀ ਮੰਗ

0
13

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

*ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਉਚਿਤ ਤਨਖਾਹਾਂ ਯਕੀਨੀ ਬਣਾਉਣ ਲਈ ਸਪੀਕਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਖਲ ਦੀ ਮੰਗ *

ਕੋਟਕਪੂਰਾ ਵਿਖੇ ਗੁਰਬਾਣੀ ਕੀਰਤਨ ਦੌਰਾਨ ਸੰਧਵਾਂ ਨੇ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 24 ਅਕਤੂਬਰ :

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਸੰਧਵਾਂ ਵਿਖੇ ਆਪਣੇ ਜੱਦੀ ਨਿਵਾਸ ਸਥਾਨ ‘ਤੇ ਇੱਕ ਰੂਹਾਨੀ ਗੁਰਬਾਣੀ ਸ਼ਬਦ ਕੀਰਤਨ ਕਰਵਾਇਆ, ਜਿੱਥੇ ਉਨ੍ਹਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਰਾਗੀ -ਸਿੰਘਾਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਦਾ ਸਨਮਾਨ ਕੀਤਾ। ਇਸ ਪਵਿੱਤਰ ਮੌਕੇ ‘ਤੇ, ਉਨ੍ਹਾਂ ਨੇ ਸਿੱਖ ਪੰਥ ਅਤੇ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਅਧਿਆਤਮਿਕ ਸੇਵਾ ਲਈ ਧੰਨਵਾਦ ਵਜੋਂ ਉਨ੍ਹਾਂ ਨੂੰ  ਸਿਰੋਪਾਓ ਭੇਟ ਕੀਤੇ।

ਇਸ ਦੌਰਾਨ ਵਿਸ਼ੇਸ਼ ਮਹਿਮਾਨਾਂ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਆਏ ‘ਪੰਜ ਪਿਆਰਿਆਂ’ ਵਿੱਚੋਂ ਇੱਕ ਭਾਈ ਅਮਨਦੀਪ ਸਿੰਘ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਹਾਲ ਹੀ ਵਿੱਚ ਮੁੜ ਪ੍ਰਕਾਸ਼ਿਤ ਮਹਾਨ ਕੋਸ਼ ਵਿੱਚ ਤਰੁਟੀਆਂ ਦੀ ਸੁਧਾਈ ਲਈ ਸਪੀਕਰ ਸੰਧਵਾਂ ਦੇ ਮਹੱਤਵਪੂਰਨ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਪੀਕਰ ਵੱਲੋਂ ਚੁੱਕੇ ਗਏ ਸੁਧਾਰਾਤਮਕ ਕਦਮ ਸਿੱਖ ਵਿਰਾਸਤ ਅਤੇ ਵਿਦਵਤਾਪੂਰਨ ਪ੍ਰਮਾਣਿਕਤਾ ਪ੍ਰਤੀ ਉਨ੍ਹਾਂ ਦੇ ਡੂੰਘੇ ਸਤਿਕਾਰ ਨੂੰ ਦਰਸਾਉਂਦੇ ਹਨ। ਭਾਈ ਅਮਨਦੀਪ ਸਿੰਘ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਹਵੇਲੀ ਵਿਖੇ ਸਾਂਭ -ਸੰਭਾਲ ਅਤੇ ਮੁੜ -ਬਹਾਲੀ ਦੇ ਕੰਮ ਲਈ ਸੰਧਵਾਂ ਦੀ ਸਮਰਪਿਤ ਨਿਗਰਾਨੀ ਦੀ ਵੀ ਸ਼ਲਾਘਾ ਕੀਤੀI ਇਹ ਸਥਾਨ ਸਿੱਖ ਇਤਿਹਾਸ ਵਿੱਚ ਸਰਵਉੱਚ ਕੁਰਬਾਨੀ ਅਤੇ ਅਕੀਦੇ ਨਾਲ ਜੁੜੇ ਹੋਣ ਕਰਕੇ ਬਹੁਤ ਸਤਿਕਾਰ ਰੱਖਦਾ ਹੈ।
ਉਨ੍ਹਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਤਾਬਦੀ ਸਮਾਰੋਹ ਦੀ ਰੂਪ-ਰੇਖਾ ਤਿਆਰ ਕਰਨ ਲਈ ਸਪੀਕਰ ਦੇ ਉਪਰਾਲਿਆਂ ਅਤੇ ਜਾਤ, ਨਸਲ ਅਤੇ ਧਰਮ ਤੋਂ ਉਪਰ ਉਠਕੇ ਸੇਵਾ, ਦਇਆ  – ਭਾਵਨਾ ਦੀ ਮੂਰਤ  ਭਾਈ ਕਨ੍ਹੲਈਆ ਜੀ ਦੇ ਵਿਸ਼ਵ ਵਿਆਪੀ ਸੰਦੇਸ਼ ਨੂੰ ਫੈਲਾਉਣ ਲਈ ਉਨ੍ਹਾਂ ਦੇ ਨਿਰੰਤਰ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਜਥੇਦਾਰ ਬਾਬਾ ਕੁਲਵੰਤ ਸਿੰਘ ਚਾਣਕਿਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਅਤੇ ਰੂਹਾਨੀ ਅਸੀਸਾਂ ਲਈ ਧੰਨਵਾਦ ਪ੍ਰਗਟ ਕੀਤਾ।

ਆਪਣੇ ਸੰਬੋਧਨ ਵਿੱਚ, ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਸਿੱਖ ਪੰਥ ਦੇ ਮੋਹਤਬਾਰਾਂ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅਤੇ ਹੋਰ ਆਲਮੀ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਨਿਰਪੱਖ ਅਤੇ ਸਨਮਾਨਜਨਕ ਮਿਹਨਤਾਨਾ ਮਿਲੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ, ਜੋ ਗੁਰਬਾਣੀ ਦੇ ਸੰਦੇਸ਼ ਨੂੰ ਲੋਕਾਈ ਤੱਕ ਫੈਲਾਉਣ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ, ਨੂੰ ਵਾਜਿਬ ਵਿੱਤੀ ਸਹਾਇਤਾ ਦਿੱਤੀ ਜਾਣੀ ਲਾਜ਼ਮੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਣ ਅਤੇ  ਪੁਰੇ ਸਨਮਾਨ ਨਾਲ ਆਪਣਾ ਜੀਵਨ ਨਿਰਵਾਹ ਕਰ ਸਕਣ।

ਸੰਧਵਾਂ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਲਿਖਤੀ ਪ੍ਤੀ ਬੇਨਤੀ ਸੌਂਪਣਗੇ ਜਿਸ ਵਿੱਚ ਉਨ੍ਹਾਂ ਨੂੰ ਸਾਰੇ ਗੁਰਦੁਆਰਿਆਂ ਵਿੱਚ ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਲਈ ਘੱਟੋ-ਘੱਟ ਤਨਖਾਹ ਢਾਂਚਾ ਤੈਅ ਕਰਨ ਲਈ ਢੁਕਵੇਂ ਨਿਰਦੇਸ਼ ਜਾਰੀ ਕਰਨ ‘ਤੇ ਵਿਚਾਰ ਕਰਨ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਥ ਲਈ ਸਮੂਹਿਕ ਚਿੰਤਾ ਦੇ ਇਸ ਕਾਰਜ ਨੂੰ ਅੱਗੇ ਵਧਾਉਣ ਲਈ ਜਥੇਦਾਰ ਸਾਹਿਬ ਨੂੰ ਨਿੱਜੀ ਤੌਰ ‘ਤੇ ਵੀ ਮਿਲਣਗੇ।

ਸੰਗਤ ਅੱਗੇ ਆਪਣੀ ਨਿਮਰਤਾ ਪ੍ਰਗਟ ਕਰਦੇ ਹੋਏ, ਸਪੀਕਰ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਸਿੱਖ ਸਿਧਾਂਤਾਂ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੇ ਸ਼ਰਧਾਲੂਆਂ ਅਤੇ ਵਿਦਵਾਨਾਂ ਦੀ ਸੇਵਾ ਲਈ  ਹਮੇਸ਼ਾਂ ਅੱਗੇ  ਰਹੇਗਾ।  ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਮਾਤਾ ਗੁਰਮੇਲ ਕੌਰ, ਬੀਬੀ ਗੁਰਪ੍ਰੀਤ ਕੌਰ ਸੰਧਵਾਂ, ਬੀਬੀ ਪਰਮਜੀਤ ਕੌਰ, ਅਤੇ ਐਡਵੋਕੇਟ ਬੀਰਿੰਦਰ ਸਿੰਘ ਦੇ ਨਾਲ-ਨਾਲ ਕਈ ਪੰਥਕ ਆਗੂਆਂ ਅਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆI ਸਮਾਗਮ ਦੀ ਸਮਾਪਤੀ ਸਿੱਖ ਪੰਥ ਦੀ ਸ਼ਾਂਤੀ, ਏਕਤਾ ਅਤੇ ਚੜ੍ਹਦੀ ਕਲਾ ਲਈ ਸਮੂਹਿਕ ਅਰਦਾਸ ਨਾਲ ਹੋਈ।

————

LEAVE A REPLY

Please enter your comment!
Please enter your name here