ਰਾਜਾ ਵੜਿੰਗ ਦਾ ਅਫੀਮ-ਭੁੱਕੀ ਵਾਲਾ ਬਿਆਨ ‘ਕਮਜ਼ੋਰ ਮਾਨਸਿਕਤਾ’ ਦੀ ਨਿਸ਼ਾਨੀ, ਇੱਕ ਨਸ਼ੇ ਦਾ ਬਦਲ ਦੂਜਾ ਨਸ਼ਾ ਨਹੀਂ ਹੋ ਸਕਦਾ: ਨੀਲ ਗਰਗ

0
7

ਰਾਜਾ ਵੜਿੰਗ ਦਾ ਅਫੀਮ-ਭੁੱਕੀ ਵਾਲਾ ਬਿਆਨ ‘ਕਮਜ਼ੋਰ ਮਾਨਸਿਕਤਾ’ ਦੀ ਨਿਸ਼ਾਨੀ, ਇੱਕ ਨਸ਼ੇ ਦਾ ਬਦਲ ਦੂਜਾ ਨਸ਼ਾ ਨਹੀਂ ਹੋ ਸਕਦਾ: ਨੀਲ ਗਰਗ

ਸੱਤਾ ਵਿੱਚ ਰਹਿੰਦਿਆਂ ਕਾਂਗਰਸ ਨਸ਼ਾ ਖਤਮ ਨਹੀਂ ਕਰ ਸਕੀ, ਹੁਣ ਆਪਣੀ ਸਰਕਾਰ ਦੀ ਨਾਕਾਮੀ ਛੁਪਾਉਣ ਲਈ ਵੜਿੰਗ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ:ਗਰਗ

ਮਾਨ ਸਰਕਾਰ ਨਸ਼ਿਆਂ ਦੀ ਸਪਲਾਈ ਚੇਨ ਤੋੜ ਰਹੀ, ਪਰ ਕਾਂਗਰਸੀ ਆਗੂ ਨੋਜਵਾਨਾਂ ਨੂੰ ਇੱਕ ਨਸ਼ਾ ਛਡਵਾ ਕੇ ਦੁਜੇ ਵਲ ਉਤਸਾਹਿਤ ਕਰ ਰਹੇ- ਗਰਗ

ਚੰਡੀਗੜ੍ਹ, 28 ਅਕਤੂਬਰ:

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਸ਼ਿਆਂ ਦੇ ਬਦਲ ਵਜੋਂ ਅਫੀਮ ਜਾਂ ਭੁੱਕੀ ਦੀ ਖੇਤੀ ਦੀ ਵਕਾਲਤ ਕਰਨ ਵਾਲੇ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸਨੂੰ ਕਾਂਗਰਸ ਦੀ ‘ਕਮਜ਼ੋਰ ਮਾਨਸਿਕਤਾ’ ਦੀ ਨਿਸ਼ਾਨੀ ਕਰਾਰ ਦਿੱਤਾ ਹੈ।

ਇੱਕ ਬਿਆਨ ਵਿੱਚ ਨੀਲ ਗਰਗ ਨੇ ਕਿਹਾ ਕਿ ਇੱਕ ਨਸ਼ੇ ਦਾ ਬਦਲ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ। ਰਾਜਾ ਵੜਿੰਗ ਦਾ ਇਹ ਬਿਆਨ ਕਾਂਗਰਸ ਦੀ ਉਸੇ ਪੁਰਾਣੀ ਮਾਨਸਿਕਤਾ ਦਾ ਸਬੂਤ ਹੈ, ਜਿਸ ਕਾਰਨ ਉਹ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਉਨ੍ਹਾਂ ਕਾਂਗਰਸ ਨੂੰ ਉਸਦਾ ਇਤਿਹਾਸ ਯਾਦ ਦਿਵਾਉਂਦਿਆਂ ਕਿਹਾ ਕਿ 2017 ਵਿੱਚ ਕਾਂਗਰਸ ਦੇ ਤਤਕਾਲੀ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਚਾਰ ਹਫ਼ਤਿਆਂ ਵਿੱਚ ਨਸ਼ੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਪੰਜ ਸਾਲ ਸਰਕਾਰ ਚਲਾਉਣ ਦੇ ਬਾਵਜੂਦ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ। ‘ਆਪ’ ਬੁਲਾਰੇ ਨੇ ਤੰਜ਼ ਕੱਸਦਿਆਂ ਕਿਹਾ, “ਕਿਉਂਕਿ ਕਾਂਗਰਸ ਖੁਦ ਨਸ਼ੇ ਖਤਮ ਨਹੀਂ ਕਰ ਸਕੀ, ਇਸ ਲਈ ਹੁਣ ਰਾਜਾ ਵੜਿੰਗ ਵਰਗੇ ਆਗੂਆਂ ਨੂੰ ਲੱਗਦਾ ਹੈ ਕਿ ਨਸ਼ਾ ਖਤਮ ਹੀ ਨਹੀਂ ਹੋ ਸਕਦਾ।

ਨੀਲ ਗਰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਜਾਰੀ ਜੰਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਯੋਜਨਾਬੱਧ ਤਰੀਕੇ ਨਾਲ ‘ਯੁੱਧ’ ਛੇੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤਿੰਨ ਮੋਰਚਿਆਂ ‘ਤੇ ਇੱਕੋ ਸਮੇਂ ਕੰਮ ਕਰ ਰਹੀ ਹੈ। ਪਹਿਲਾਂ, ਸਰਕਾਰ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਦਿਆਂ ਨਸ਼ਿਆਂ ਦੀ ਸਪਲਾਈ ਚੇਨ ਨੂੰ ਲਗਭਗ ਪੂਰੀ ਤਰ੍ਹਾਂ ਤੋੜ ਦਿੱਤਾ ਹੈ।

ਦੂਜੇ ਮੋਰਚੇ ‘ਤੇ, ਸਰਕਾਰ ਨਸ਼ਿਆਂ ਦੀ ‘ਫਿਊਚਰ ਡਿਮਾਂਡ’ (ਭਵਿੱਖੀ ਮੰਗ) ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਇਸ ਤਹਿਤ ਪੰਚਾਇਤਾਂ, ਕਲੱਬਾਂ, ਸਕੂਲਾਂ ਅਤੇ ਕਾਲਜਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਅਤੇ ਸੈਮੀਨਾਰ ਕਰਵਾਏ ਜਾ ਰਹੇ ਹਨ, ਜਿਸ ਵਿੱਚ ਲੋਕਾਂ ਦੀ ਸ਼ਮੂਲੀਅਤ ਲਗਾਤਾਰ ਵੱਧ ਰਹੀ ਹੈ।

ਤੀਜੇ ਮੋਰਚੇ ਬਾਰੇ ਗੱਲ ਕਰਦਿਆਂ ਗਰਗ ਨੇ ਕਿਹਾ ਕਿ ਸਰਕਾਰ ਨੇ ਸੂਬੇ ਭਰ ਵਿੱਚ ਨਸ਼ਾ ਛੁਡਾਊ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਹੈ, ਤਾਂ ਜੋ ਜਿਹੜੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਦਾ ਸਹੀ ਇਲਾਜ ਕਰਕੇ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ ਅਤੇ ਮੁੜ ਖੇਡਾਂ, ਰੁਜ਼ਗਾਰ, ਸਿੱਖਿਆ ਅਤੇ ਚੰਗੀ ਸਿਹਤ ਵੱਲ ਮੋੜ ਕੇ ਮੁੱਖ ਧਾਰਾ ਵਿੱਚ ਸ਼ਾਮਲ ਕੀਤਾ ਜਾ ਸਕੇ।

ਨੀਲ ਗਰਗ ਨੇ ਦਾਅਵਾ ਕੀਤਾ ਕਿ ਜਦੋਂ ਸਰਕਾਰ ਇਨ੍ਹਾਂ ਤਿੰਨਾਂ ਮੋਰਚਿਆਂ ‘ਤੇ ਇਮਾਨਦਾਰੀ ਨਾਲ ਕੰਮ ਕਰਦੀ ਹੈ ਤਾਂ ਨਸ਼ੇ ਯਕੀਨਨ ਖਤਮ ਹੁੰਦੇ ਹਨ, ਅਤੇ ਪੰਜਾਬ ਵਿੱਚ ਇਹ ਹੁਣ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਵਹਿਣੇ ਸ਼ੁਰੂ ਹੋਏ ਸਨ, ਪਰ ਇਨ੍ਹਾਂ ਨੂੰ ਖਤਮ ਕਰਨ ਦਾ ਇਤਿਹਾਸਕ ਕੰਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਕਰ ਰਹੀ ਹੈ।

LEAVE A REPLY

Please enter your comment!
Please enter your name here