ਲੁਧਿਆਣਾ ਤੋਂ ‘ਆਪ’ ਦੇ ਪਤਨ ਦੀ ਉਲਟੀ ਗਿਣਤੀ ਸ਼ੁਰੂ- ਬ੍ਰਹਮਪੁਰਾ

0
60
ਸ਼੍ਰੋਮਣੀ ਅਕਾਲੀ ਦਲ ਬਿਨਾਂ ਪੰਜਾਬ ਵਿੱਚ ਅਮਨ-ਚੈਨ ਸੰਭਵ ਨਹੀਂ- ਬ੍ਰਹਮਪੁਰਾ
‘ਬਦਲਾਅ’ ਦੇ ਨਾਂ ‘ਤੇ ਆਈ ਤਬਾਹੀ ਲੋਕਾਂ ਨੂੰ ਹੁਣ ਮਨਜ਼ੂਰ ਨਹੀਂ
ਚੋਹਲਾ ਸਾਹਿਬ/ਤਰਨਤਾਰਨ,18 ਜੂਨ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਚੋਹਲਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਸ਼ਾਸਨ ‘ਤੇ ਇੱਕ ਜਨਮਤ ਸੰਗ੍ਰਹਿ (ਰੈਫਰੈਂਡਮ) ਹੈ,ਜਿਸ ਵਿੱਚ ਪੰਜਾਬ ਦੇ ਲੋਕ ‘ਆਪ’ ਦੇ ਝੂਠ ਅਤੇ ਲੁੱਟ ਦੀ ਰਾਜਨੀਤੀ ਨੂੰ ਸਿਰੇ ਤੋਂ ਨਕਾਰ ਦੇਣਗੇ।ਉਨ੍ਹਾਂ ਕਿਹਾ ਕਿ ਪੂਰੇ ਦਿੱਲੀ ਦਰਬਾਰ ਦਾ ਲੁਧਿਆਣਾ ਦੀਆਂ ਗਲੀਆਂ ਵਿੱਚ ਡੇਰੇ ਲਾਉਣਾ ਉਨ੍ਹਾਂ ਦੀ ਤਾਕਤ ਨਹੀਂ,ਸਗੋਂ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਰਟੀ ਦਾ ਪੂਰੇ ਪੰਜਾਬ ਵਿੱਚੋਂ ਜਨ-ਆਧਾਰ ਖਿਸਕ ਚੁੱਕਾ ਹੈ ਅਤੇ ਉਹ ਆਪਣਾ ਆਖਰੀ ਕਿਲ੍ਹਾ ਬਚਾਉਣ ਲਈ ਹਤਾਸ਼ ਹਨ।
ਸ.ਬ੍ਰਹਮਪੁਰਾ ਨੇ ਕਿਹਾ,ਅੱਜ ਪੰਜਾਬ ਦੀ ਸਿਆਸੀ ਹਕੀਕਤ ਇਹ ਹੈ ਕਿ ਸਾਡੇ ਵਿਰੋਧੀ ਵੀ ਇਹ ਮੰਨਣ ਲੱਗੇ ਹਨ ਕਿ ਪੰਜਾਬ ਨੂੰ ਜੇਕਰ ਕੋਈ ਤਾਕਤ ਬਚਾ ਸਕਦੀ ਹੈ,ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੈ।ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਮਨ-ਕਾਨੂੰਨ ਦੀ ਰਾਖੀ ਲਈ ਇੱਕ ਮਜ਼ਬੂਤ ਅਤੇ ਤਜਰਬੇਕਾਰ ਅਕਾਲੀ ਦਲ ਦੀ ਮੌਜੂਦਗੀ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਗਈ ਹੈ।’ਆਪ’ ਸਰਕਾਰ ਦੀ ਕਾਰਗੁਜ਼ਾਰੀ ਦਾ ਪੋਸਟਮਾਰਟਮ ਕਰਦਿਆਂ ਸ.ਬ੍ਰਹਮਪੁਰਾ ਨੇ ਕਿਹਾ,ਆਮ ਆਦਮੀ ਪਾਰਟੀ ਦੀ ਹਾਰ ਯਕੀਨੀ ਹੈ ਅਤੇ ਇਸ ਦੇ ਕਾਰਨ ਕਿਸੇ ਤੋਂ ਲੁਕੇ ਨਹੀਂ ਹਨ। ਪਹਿਲਾਂ,ਇਨ੍ਹਾਂ ਨੇ ਪੰਜਾਬ ਦੀ ਪੱਗ ਨੂੰ ਦਾਗ਼ ਲਾਉਂਦਿਆਂ ਪੈਸੇ ਦੇ ਜ਼ੋਰ ‘ਤੇ ਬਾਹਰੀ ਲੋਕਾਂ ਨੂੰ ਰਾਜ ਸਭਾ ਦੀਆਂ ਸੀਟਾਂ ਵੇਚੀਆਂ।ਦੂਜਾ,ਇਨ੍ਹਾਂ ਨੇ ਪੰਜਾਬ ਨੂੰ ਅਮਨ-ਕਾਨੂੰਨ ਪੱਖੋਂ ਲਾਵਾਰਸ ਕਰਕੇ ਗੈਂਗਸਟਰ ਰਾਜ ਦੀ ਸਥਾਪਨਾ ਕਰ ਦਿੱਤੀ ਹੈ,ਜਿਸ ਕਾਰਨ ਅੱਜ ਹਰ ਵਪਾਰੀ ਅਤੇ ਆਮ ਨਾਗਰਿਕ ਦਹਿਸ਼ਤ ਦੇ ਸਾਏ ਹੇਠ ਜੀਅ ਰਿਹਾ ਹੈ। ਤੀਜਾ,ਨਸ਼ਿਆਂ ਦੇ ਦੈਂਤ ਨੂੰ ਖਤਮ ਕਰਨ ਦੇ ਵਾਅਦੇ ਖੋਖਲੇ ਸਾਬਤ ਹੋਏ ਅਤੇ ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ।ਉਨ੍ਹਾਂ ਨੇ ਅਲੋਚਨਾਂ ਕਰਦਿਆਂ ਕਿਹਾ,ਲੁਧਿਆਣਾ ਪੰਜਾਬ ਦਾ ਆਰਥਿਕ ਧੁਰਾ ਹੈ।ਜਦੋਂ ਇੱਥੋਂ ਦਾ ਵਪਾਰੀ ਅਤੇ ਸੂਝਵਾਨ ਵੋਟਰ ‘ਆਪ’ ਨੂੰ ਨਕਾਰਦਾ ਹੈ,ਤਾਂ ਇਹ ਸਿਰਫ਼ ਇੱਕ ਚੋਣ ਨਤੀਜਾ ਨਹੀਂ, ਸਗੋਂ ‘ਆਪ’ ਸਰਕਾਰ ਦੀਆਂ ਪੰਜਾਬ-ਵਿਰੋਧੀ ਨੀਤੀਆਂ ਖਿਲਾਫ਼ ਇੱਕ ਫ਼ਤਵਾ ਹੈ।ਇਹ ਇਸ ਗੱਲ ਦਾ ਸਬੂਤ ਹੈ ਕਿ ‘ਬਦਲਾਅ’ ਦੇ ਨਾਂ ‘ਤੇ ਆਈ ਇਹ ਤਬਾਹੀ ਹੁਣ ਲੋਕਾਂ ਨੂੰ ਹੋਰ ਬਰਦਾਸ਼ਤ ਨਹੀਂ ਹੈ।ਸ.ਬ੍ਰਹਮਪੁਰਾ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਐਲਾਨ ਕਰਦਿਆਂ ਕਿਹਾ, ‘ਆਪ’ ਸਰਕਾਰ ਦੇ ਕੁਸ਼ਾਸਨ ਦੀ ਇਹ ਹਨੇਰੀ ਰਾਤ ਹੁਣ ਖ਼ਤਮ ਹੋਣ ਵਾਲੀ ਹੈ। ਪੰਜਾਬ ਦੇ ਲੋਕ ਮਾਯੂਸੀ ਦੇ ਹਨੇਰੇ ਨੂੰ ਦੂਰ ਕਰਨ ਲਈ ਤਿਆਰ ਹਨ।ਲੁਧਿਆਣਾ ਦਾ ਨਤੀਜਾ ਉਸ ਨਵੇਂ ਸਵੇਰੇ ਦੀ ਪਹਿਲੀ ਕਿਰਨ ਹੋਵੇਗਾ ਅਤੇ 2027 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸਮੁਖੀ ਰਾਜ ਦਾ ਸੂਰਜ ਪੂਰੇ ਪੰਜਾਬ ‘ਤੇ ਆਪਣੀ ਪੂਰੀ ਆਬੋ-ਤਾਬ ਨਾਲ ਚਮਕੇਗਾ।ਇਸ ਮੌਕੇ ਸਾਬਕਾ ਵਿਧਾਇਕ ਬ੍ਰਹਮਪੁਰਾ ਨਾਲ ਅਮਰੀਕ ਸਿੰਘ ਸਾਬਕਾ ਸਰਪੰਚ, ਦਿਲਬਰ ਸਿੰਘ, ਅਵਤਾਰ ਸਿੰਘ ਸੰਧੂ ਰੇਮੰਡ ਵਾਲੇ,ਹਰਬੰਸ ਸਿੰਘ ਫੌਜੀ,ਡਾਕਟਰ ਜਤਿੰਦਰ ਸਿੰਘ,ਗੁਰਦੇਵ ਸਿੰਘ ਸਮਾਜ ਸੇਵਕ, ਬਲਬੀਰ ਸਿੰਘ ਬੱਲੀ ਅਤੇ ਕੁਰਿੰਦਰ ਸਿੰਘ ਆਦਿ ਮੋਹਤਬਰ ਹਾਜ਼ਰ ਸਨ।

LEAVE A REPLY

Please enter your comment!
Please enter your name here