ਵਿਸ਼ਵ ਅਨੀਮੀਆ ਜਾਗਰੂਕਤਾ ਦਿਵਸ ਮਨਾਇਆ ਗਿਆ
ਯੂਕੋਨ ਤੇ ਹਸਪਤਾਲ ਦਾ ਸਾਂਝਾ ਉਪਰਾਲਾ
ਫ਼ਰੀਦਕੋਟ ,15 ਫਰਵਰੀ 2026
(ਸ਼ਿਵਨਾਥ ) ਸਥਾਨਕ ਯੂਕੋਨ (ਯੂਨੀਵਰਸਿਟੀ ਕਾਲਿਜ ਆਫ਼ ਨਰਸਿੰਗ) ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਦੇ ਬੱਚਾ ਵਿਭਾਗ ਦੇ ਸਾਂਝੇ ਉਪਰਾਲੇ ਅਧੀਨ ਪ੍ਰਿੰਸੀਪਲ ਡਾ. ਹਰਦੀਪ ਕੌਰ ਮੱਲ ਅਤੇ ਡਾ: ਸ਼ਸ਼ੀਕਾਂਤ ਧੀਰ ਦੀ ਸਾਂਝੀ ਅਗਵਾਈ ਹੇਠ ਵਿਸ਼ਵ ਅਨੀਮੀਆ ਜਾਗਰੂਕਤਾ ਦਿਵਸ ਮਨਾਇਆ ਗਿਆ। ਉਕਤ ਹਸਪਤਾਲ ਵਿਖੇ ਮਨਾਏ ਗਏ ਇਸ ਪ੍ਰਭਾਵਸ਼ਾਲੀ ਦਿਵਸ ਸਮਾਰੋਹ ਮੌਕੇ ਬੱਚਿਆਂ ਦੇ ਮਾਪਿਆਂ ਅਤੇ ਹੋਰਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਬੱਚਾ ਵਿਭਾਗ ਦੀ ਪ੍ਰੋ. ਵੰਦਨਾ ਅਤੇ ਐਸੋਸੀਏਟ ਪ੍ਰੋ. ਅਮਨਪ੍ਰੀਤ ਸਿੰਘ ਸੇਠੀ ਨੇ ਬੱਚਿਆਂ ਦੇ ਮਾਪਿਆਂ ਨੂੰ ਖੂਨ ਦੀ ਕਮੀ ਅਤੇ ਇਸ ਸਬੰਧੀ ਧਿਆਨ ਰੱਖਣ ਯੋਗ ਗੱਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐੱਮ.ਐੱਸ.ਸੀ. ਅਤੇ ਬੀ.ਐੱਸ.ਸੀ. ਦੇ ਪੋਸਟ ਬੇਸਿਕ ਵਿਦਿਆਰਥੀਆਂ ਵੱਲੋਂ ਨੁਕੜ ਨਾਟਕ ਦੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਵਾਇਆ ਗਿਆ। ਮਾਪਿਆਂ ਵੱਲੋਂ ਵਿਸ਼ਵ ਅਨੀਮੀਆ ਜਾਗਰੂਕਤਾ ਦਿਵਸ ਦੀ ਸ਼ਲਾਘਾ ਕੀਤੀ ਅਤੇ ਜਾਣਕਾਰੀ ਹਿੱਤ ਪ੍ਰਸ਼ਨ ਵੀ ਸਾਂਝੇ ਕੀਤੇ। ਸਮਾਰੋਹ ਸਮੇਂ ਡਾ. ਪੰਕਜ ਬਾਂਸਲ ਅਤੇ ਡਾ. ਅਵਨੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖੂਨ ਦੀ ਕਮੀ ਹੋ ਜਾਣ ਨਾਲ ਸਾਨੂੰ ਤੁਰੰਤ ਮਾਹਰ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਅਜਿਹੀ ਬਿਮਾਰੀ ਦੇ ਸ਼ਿਕਾਰ ਲੋਕਾਂ ਨੂੰ ਅੰਧ ਵਿਸ਼ਵਾਸ਼ੀ ਤਰੀਕੇ ਨਾ ਅਪਨਾਉਣ ਦੀ ਅਪੀਲ ਵੀ ਕੀਤੀ। ਉਹਨਾਂ ਅੱਗੇ ਕਿਹਾ ਕਿ ਛੋਟੇ ਬੱਚਿਆਂ ਵਿੱਚ ਖੂਨ ਦੀ ਕਮੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸਮਾਰੋਹ ਦੌਰਾਨ ਯੂਕੋਨ ਦੀ ਪ੍ਰੋ. ਵੰਦਨਾ ਨੇ ਖੂਨ ਦੀ ਕਮੀ ਦੌਰਾਨ ਪੌਸ਼ਟਿਕ ਖੁਰਾਕ ਅਤੇ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰੱਖਣ ਦੀ ਅਪੀਲ ਵੀ ਕੀਤੀ। ਸਮਾਰੋਹ ਮੌਕੇ ਯੂਕੋਨ ਦੇ ਹੋਰ ਫੈਕਲਟੀ ਮੈਂਬਰ ਸਿਮਰਨਜੀਤ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਬੱਚਾ ਵਿਭਾਗ ਦੇ ਡਾ. ਪ੍ਰੋ. ਸੀਮਾ ਰਾਏ , ਡਾ. ਵਰੁਣ ਕੌਲ ,ਡਾ: ਅਨਮੋਲ, ਡਾ: ਅਸ਼ੀਸ਼ ਛਾਬੜਾ ਅਤੇ ਡਾ. ਸਤਪ੍ਰੀਤ ਸਿੰਘ ਸਮੇਤ ਹੋਰ ਨਰਸਿੰਗ ਸਟਾਫ ਵੀ ਮੌਜੂਦ ਸੀ।







