‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਵਲੋਂ ਮਿਤੀ 22/02/2026 ਦਿਨ ਐਤਵਾਰ ਨੂੰ ‘ਮਾਂ ਬੋਲੀ ਪੰਜਾਬੀ’ ਨੂੰ ਅਤੇ ‘ਕੌਮਾਂਤਰੀ ਮਹਿਲਾ ਦਿਵਸ’ ਨੂੰ ਸਮਰਪਿਤ ਲਾਈਵ ਕਵੀ ਦਰਬਾਰ ‘ਮਾਂ ਦੀ ਬੋਲੀ ਮਾਂ ਦਾ ਪਿਆਰ’ ਸਿਰਲੇਖ ਹੇਠ ਕਰਵਾਇਆ ਗਿਆ।
ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੇ ਇਸ ਕਵੀ ਦਰਬਾਰ ਵਿੱਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਲਾਈਵ ਹੋ ਕੇ ਬਹੁਤ ਸਾਰੇ ਕਵੀ, ਕਵਿਤਰੀਆਂ ਨੇ ਭਾਗ ਲਿਆ। ਇਸ ਕਵੀ ਦਰਬਾਰ ਵਿੱਚ ਪੰਜਾਬੀ ਮਾਂ ਬੋਲੀ ਦੀ ਸਿਫ਼ਤਾਂ ਦੇ ਨਾਲ ਨਾਲ ਹੋ ਰਹੇ ਵਿਤਕਰੇ ਦੀ ਗੱਲ ਵੀ ਕੀਤੀ ਗਈ, ਔਰਤ ਦੇ ਸਤਿਕਾਰ, ਔਰਤ ਤੇ ਮਾਂ ਬੋਲੀ ਨਾਲ ਹੋ ਰਹੇ ਦੁਰਵਿਵਹਾਰ ਦੀ ਗੱਲ ਕੀਤੀ ਗਈ।
ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਨਾਵਲਕਾਰ ਤੇ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਮੰਚ ਤੇ ਕਹਾਣੀਕਾਰ ਸਰਦਾਰ ਲਾਲ ਸਿੰਘ ਦਸੂਹਾ ਜੀ ਦੇ ਹਾਲ ਵਿੱਚ ਹੋਏ ਦਿਹਾਂਤ ਦਾ ਦੁੱਖ ਪ੍ਰਗਟ ਕੀਤਾ ਤੇ ਸ਼ਰਧਾਂਜਲੀ ਦਿੰਦੇ ਹੋਏ ਮੰਚ ਤੇ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਇਸ ਉਪਰੰਤ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਪੇਸ਼ਕਾਰ/ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਨੂੰ ਸੰਭਾਲਣ ਲਈ ਬੇਨਤੀ ਕੀਤੀ।
ਮੁਖਤਾਰ ਸਿੰਘ ਚੰਦੀ ਜੀ ਨੇ ਪਹਿਲਾਂ ਮਾਂ ਬੋਲੀ ਪੰਜਾਬੀ ਨੂੰ ਸਿਜਦਾ ਕਰਦਿਆਂ ਇੱਕ ਸ਼ੇਅਰ ਮਾਂ ਬੋਲੀ ਪੰਜਾਬੀ ਲਈ ਤੇ ਇੱਕ ਔਰਤ ਦੇ ਸਤਿਕਾਰ ਲਈ ਸੁਣਾਇਆ। ਜਿਸ ਦੇ ਬੋਲ ਸਨ….
ਮਾਂ ਦੀ ਬੋਲੀ ਮਾਂ ਦਾ ਪਿਆਰ,
ਮੰਗ ਲੈ ਖੈਰ ਪੰਜਾਬੀ ਦੀ,
ਮਾਂ ਦੀ ਬੋਲੀ ਮਾਂ ਦਾ ਪਿਆਰ,
ਮੰਗ ਲੈ ਖੈਰ ਪੰਜਾਬੀ ਦੀ,
ਬਣ ਜਾ ਮਾਂ ਦਾ ਪੁੱਤ ਸਚਿਆਰ,
ਮੰਗ ਲੈ ਖੈਰ ਪੰਜਾਬੀ ਦੀ,
ਤੇ ਮਨ ਦਾ ਤਾਜ ਬਣਾ ਲੈ ਇਸਨੂੰ,
ਰੂਹ ਦਿਲ ਤੋਂ ਅਪਣਾ ਲੈ ਇਸ ਨੂੰ,
ਕਰ ਧੁਰ ਦਿਲ ਤੋਂ ਸਤਿਕਾਰ,
ਤੂੰ ਮੰਗ ਲੈ ਖੈਰ ਪੰਜਾਬੀ ਦੀ…..!
ਸਿਰਫ ਔਰਤ ਨਾ ਸਮਝ ਮੈਨੂੰ, ਕਿ ਨਸ਼ਾ ਹਾਂ ਮੈਂ।
ਭੈਣ ਹਾਂ, ਬੇਟੀ ਹਾਂ, ਮਾਂ ਹਾਂ ਅਤੇ ਸ਼ੁਭ ਦੁਆ ਹਾਂ ਮੈਂ।
ਹੁਸਨ ਹਾਂ, ਖੁਸ਼ਬੂ ਹਾਂ, ਤਹਿਕ ਮਹਿਕ ਤੇ ਅਦਾ ਹਾਂ ਮੈਂ।
ਪਿਆਰ ਵੀ, ਇਬਾਦਤ ਵੀ, ਮੁਹੱਬਤ ਤੇ ਵਫਾ ਹਾਂ ਮੈਂ।
ਚੰਦੀ ਜੀ ਨੇ ਸਭ ਤੋਂ ਪਹਿਲਾਂ ਸੱਦਾ ਸਰਦੂਲ ਸਿੰਘ ਭੱਲਾ, ਪਟਿਆਲਾ ਜੀ ਨੂੰ ਦਿੱਤਾ, ਭੱਲਾ ਸਾਹਿਬ ਨੇ ਔਰਤ ਦਾ ਦਰਦ ਬਿਆਨ ਕਰਦਿਆਂ ‘ਔਰਤ ਦੀ ਦਿਸ਼ਾ‘ ਕਵਿਤਾ ਗਾ ਕੇ ਸੁਣਾਈ ਜਿਸ ਵਿੱਚ ਮਜ਼ਦੂਰ ਔਰਤ ਦੀਆਂ ਮਜਬੂਰੀਆਂ ਬਿਆਨ ਕਰਕੇ ਸਭ ਭਾਵੁਕ ਕਰ ਦਿੱਤਾ।
ਦੂਜੇ ਸੱਦੇ ਤੇ ਭੈਣ ਪੋਲੀ ਬਰਾੜ ਜੀ, ਅਮਰੀਕਾ ਜਿਹਨਾਂ ਨੇ “ਮਾਂ ਦੀ ਬੋਲੀ ਮਾਂ ਦਾ ਪਿਆਰ ” ਕਵਿਤਾ ਸੁਣਾਈ ਜਿਸ ਵਿੱਚ ਪੰਜਾਬ ਵਿੱਚ ਹੁੰਦੇ ਮਤਰੇਈ ਮਾਂ ਵਾਲੇ ਸਲੂਕ ਤੇ ਮਾਪਿਆਂ ਨੂੰ ਪੰਜਾਬੀ ਬੋਲੀ ਲਈ ਬੱਚਿਆਂ ਦੀ ਮਦਦ ਨਾ ਕਰਨ ਬਾਰੇ ਦਰਦ ਬਿਆਨ ਕੀਤਾ॥
ਤੀਸਰਾ ਸੱਦਾ ਪੰਜਾਬੀ ਮਾਸਟਰ ਤੇ ਸਮਾਜ ਸੇਵੀ ਸਰੂਪ ਸਿੰਘ ਜੀ, ਰਾਜਸਥਾਨ ਨੂੰ ਦਿੱਤਾ, ਉਹਨਾਂ ਨੇ “ਪੈਂਤੀ ਅੱਖਰੀ” ਗੀਤ ਵਿੱਚ ਮਾਂ ਬੋਲੀ ਪੰਜਾਬੀ ਦੀ ਸਿਫਤ ਕਰਦਿਆਂ ਫ਼ਿਕਰ ਜ਼ਾਹਿਰ ਕੀਤਾ ਤੇ ਕਿਹਾ “ਕਿਤੇ ਸਸਤੇ ਵਿੱਚ ਗਵਾ ਦਿਓ ਨਾ ਵਿਰਸੇ ਦੀ ਚਾਬੀ ਨੂੰ”।
ਚੌਥੇ ਸੱਦੇ ਤੇ ਮਨਜੀਤ ਕੌਰ ਧੀਮਾਨ, ਲੁਧਿਆਣਾ ਨੇ “ਮੈਂ ਗੁਰਮੁਖੀ ਦੀ ਧੀ ਹਾਂ, ਸੁੱਖ ਗੁਰਮਖੀ ਦੀ ਲੋਚਾ” ਕਵਿਤਾ ਗਾ ਕੇ ਮਾਂ ਬੋਲੀ ਦੇ ਸਤਿਕਾਰ ਤੇ ਨਫ਼ਿਆਂ ਦਾ ਗੁਣ ਗਾਏ।
ਅਗਲੇ ਸੱਦੇ ਉੱਤੇ ਚੰਦੀ ਸਾਹਿਬ ਜੀ ਨੇ ਮੰਗਤ ਖਾਨ ਜੀ, ਪਟਿਆਲਾ ਨੂੰ ਮੰਚ ਤੇ ਬੁਲਾਇਆ, ਜਿਨ੍ਹਾਂ ਨੇ ਨਰਾਇਣ ਸਿੰਘ ਕੋਟਕਪੂਰੇ ਦੀ ਕਲਮ ਤੋਂ ਲਿਖਿਆ ਗੀਤਾ “ ਪੰਜਾਬੀ ਮਾਂ ਬੋਲੀ ਤੇ ਵਿਰਸੇ ਦੀ ਆਪਸੀ ਗੱਲਬਾਤ ” ਗਾ ਕੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਤੇ ਵਿਰਾਸਤ ਦਾ ਦਰਦ ਬਾਖੂਬੀ ਬਿਆਨ ਕੀਤਾ।
ਅਗਲੇ ਸੱਦੇ ਤੇ ਮਲਕੀਤ ਮੀਤ, ਪੰਜਾਬ ਨੂੰ ਬੁਲਾਇਆ ਗਿਆ ਜਿਹਨਾਂ ਨੇ ਚੱਲਦੀ ਬੱਸ ਦੇ ਸਫ਼ਰ ਦੌਰਾਨ “ਮਾਂ ਬੋਲੀ ਪੰਜਾਬੀ” ਕਵਿਤਾ ਪੇਸ਼ ਕੀਤੀ। ਅਗਲੇ ਸੱਦੇ ਤੇ ਪੁਰਾਤਨ ਵਿਰਾਸਤੀ ਸ਼ਬਦਾਂ ਨੂੰ ਸਾਂਭਣ ਵਾਲੇ ਵੀਰ ਗੁਰਮੀਤ ਸਿੰਘ ਮੱਲ੍ਹੀ, ਇਟਲੀ ਜੀ ਨੇ ਕਵਿਤਾ “ਔਰਤ” ਗਾ ਕੇ ਔਰਤਾਂ ਲਈ ਸਤਿਕਾਰ ਜਿਤਾਇਆ। ਅਗਲੇ ਸੱਦੇ ਤੇ ਬੰਬੇ ਤੋਂ ਢਾਡੀ ਕਵੀਸ਼ਰ ਪਰਵਿੰਦਰ ਸਿੰਘ ਹੇਅਰ ਜੀ ਨੇ “ਮਾਂ ਬੋਲੀ ਪੰਜਾਬੀ” ਗਜ਼ਲ ਗਾ ਕੇ ਮਾਂ ਬੋਲੀ ਦੀ ਸਿਫ਼ਤ ਕੀਤੀ ਤੇ ਬਾਅਦ ਵਿੱਚ ਔਰਤ ਦੇ ਸਤਿਕਾਰ ਵਿੱਚ “ਮਮਤਾ ਦੀ ਮੂਰਤ ਹੁੰਦੀਆਂ ਮਾਵਾਂ ਠੰਡੀਆਂ ਛਾਵਾਂ” ਕਵਿਤਾ ਗਾ ਕੇ ਸੁਣਾਈ। ਉਸ ਤੋਂ ਅਗਲੇ ਸੱਦੇ ਤੇ ਰਜਨੀ ਵਾਲੀਆਂ, ਪੰਜਾਬ ਜਿੰਨਾਂ ਨੇ “ਮਾਂ ਬੋਲੀ ਨੇ ਬਾਂਹ ਫੜ ਲਈ ਤੇ ਹੋਈ ਨਾ ਮੈਥੋਂ ਨਾਂਹ” ਗੀਤ ਤਰੰਨਮ ਵਿੱਚ ਗਾ ਕੇ ਸਭ ਦਾ ਮਨ ਮੋਹ ਲਿਆ। ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਆਪਣੀ ਕਵਿਤਾ“ ਐਵੇਂ ਨਾ ਤੂੰ ਜਾਣੀ ਸਾਡੀ ਮਾਂ ਬੋਲੀ ਪੰਜਾਬੀ ਨੂੰ” ਸੁਣਾਈ ਜਿਸ ਵਿੱਚ ਉਹਨਾਂ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਈਆਂ।
ਬਾਅਦ ਵਿੱਚ ਮੰਚ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਲਾਈਵ ਚੱਲਦੇ ਪ੍ਰੋਗਰਾਮ ਵਿੱਚ ਸਰੋਤਿਆਂ ਦਾ ਧੰਨਵਾਦ ਕਰਦਿਆਂ ਤੇ ਸਭ ਦੀਆਂ ਹੌਸਲਾ ਅਫਜਾਈ ਟਿੱਪਣੀਆਂ ਪੜ੍ਹ ਕੇ ਸੁਣਾਈਆਂ। ਫੇਰ ਉਹਨਾਂ ਨੇ ਔਰਤਾਂ ਦੇ ਹੱਕ ਦੀ ਗੱਲ ਕਰਦਿਆਂ ਕਵਿਤਾ “ਧੀਏ” ਗਾ ਕੇ ਸੁਣਾਈ। ਦੂਜੀ ਪੇਸ਼ਕਾਰੀ ਵਿੱਚ ਮਾਂ ਬੋਲੀ ਦੀ ਸਿਫ਼ਤ ਕਰਦਿਆਂ “ਯਾਰੋ ਮੈਂ ਪੁੱਤ ਪੰਜਾਬੀ, ਮੇਰੀ ਮਾਂ ਬੋਲੀ ਪੰਜਾਬੀ” ਗੀਤ ਗਾ ਕੇ ਮੁੜ ਆਪਣੇ ਪਿੰਡ ਕੋਲੀਆਂ ਵਾਲ, ਪੰਜਾਬ ਵਿੱਚ ਜਨਮ ਲੈਣ ਦਾ ਸੁਨੇਹਾ ਦਿੱਤਾ। ਮੰਚ ਸੰਚਾਲਨ ਕਰਨ ਦੇ ਨਾਲ ਨਾਲ ਮੁਖਤਾਰ ਸਿੰਘ ਚੰਦੀ ਜੀ ਨੇ ਔਰਤ ਦੀ ਸਿਫ਼ਤ, ਸਤਿਕਾਰ ਕਰਦਿਆਂ “ਕੁਦਰਤ ਦਾ ਵਰਦਾਨ ਹੈ ਔਰਤ” ਗੀਤ ਤਰੰਨਮ ਵਿੱਚ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ ਤੇ ਸਭ ਦਾ ਮਨ ਮੋਹ ਲਿਆ।
ਗੱਲ ਮਾਂ ਬੋਲੀ ਪੰਜਾਬੀ ਦੀ ਹੋਵੇ ਤੇ ਪੰਜਾਬ ਦੀ ਅਮੀਰ ਵਿਰਾਸਤ ਦੇ ਵਾਰਿਸ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਯਾਦ ਨਾ ਕੀਤਾ ਜਾਵੇ ਇਹ ਕਿਵੇਂ ਹੋ ਸਕਦਾ ਸੀ। ਪ੍ਰੋਗਰਾਮ ਦੇ ਅਖੀਰਲੇ ਪੜਾਅ ਵਿੱਚ ਪਰਵਿੰਦਰ ਸਿੰਘ ਹੇਅਰ ਅਤੇ ਬਿੰਦਰ ਕੋਲੀਆਂ ਵਾਲ ਜੀ ਵਲੋਂ ਸਾਂਝੇ ਰੂਪ ਵਿੱਚ ਕਵੀਸ਼ਰੀ ਰੰਗ ਵਿੱਚ ਵਿਧਾਤਾ ਸਿੰਘ ਤੀਰ ਜੀ ਦੀ ਲਿਖੀ ਕਵਿਤਾ “ਇਕੱਲਾ ਸ਼ੇਰ ਨੀ ਚੀਖ਼ਾਂ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ” ਗਾ ਕੇ ਪੰਜਾਬ ਦੀ ਮਹਾਨ ਵਿਰਾਸਤ ਨੂੰ ਯਾਦ ਕੀਤਾ।
ਪ੍ਰੋਗਰਾਮ ਦੇ ਅਖੀਰ ਵਿੱਚ ਪੋਲੀ ਬਰਾੜ ਭੈਣ ਜੀ ਵਲੋਂ ਕਵੀ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਸਾਰੇ ਪੇਸ਼ਕਾਰੀ ਦਾ ਪਿਆਰ ਸਤਿਕਾਰ ਸਹਿਤ ਧੰਨਵਾਦ ਕੀਤਾ ਗਿਆ।
ਸਰਬਜੀਤ ਸਿੰਘ ਜਰਮਨੀ







