ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ 

0
136
ਸਰੀ ਸਿਟੀ ਕੌਂਸਲ ਨੇ 23 ਜੁਲਾਈ ਨੂੰ ‘ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ’ ਐਲਾਨਿਆ 
ਸਰੀ (ਡਾ. ਗੁਰਵਿੰਦਰ ਸਿੰਘ) ਕੈਨੇਡਾ ਦੇ ਪੁਰਾਤਨ ਇਤਿਹਾਸ ਵਿੱਚ ਪ੍ਰਵਾਸੀ ਪੰਜਾਬੀਆਂ ਨਾਲ ਹੋਈਆਂ ਨਸਲਵਾਦੀ ਵਧੀਕੀਆਂ ਦੇ ਮੱਦੇ ਨਜ਼ਰ ਸਿਟੀ ਆਫ ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ‘ਗੁਰੂ ਨਾਨਕ ਜਹਾਜ਼ ਨੂੰ ਸਮਰਪਿਤ ਐਲਾਨਨਾਮਾ’ ਜਾਰੀ ਕੀਤਾ ਗਿਆ। 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਦੀ ਧਰਤੀ ਤੋਂ, ਨਸਲੀ ਵਿਤਕਰੇ ਤੇ ਅਣਮਨੁੱਖੀ ਤਸ਼ੱਦਦ ਕਰਦਿਆਂ ਵਾਪਸ ਮੋੜ ਦਿੱਤਾ ਗਿਆ ਸੀ। ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇਸਿਟੀ ਆਫ ਸਰੀ ਨੇ 23 ਜੁਲਾਈ ਦੇ ਦਿਹਾੜੇ ਨੂੰ ‘ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ’ (ਯਾਦਗਾਰੀ ਦਿਹਾੜਾ’) ਘੋਸ਼ਤ ਕੀਤਾ ਹੈ।
     ਮੇਅਰ ਬਰਿੰਡਾ ਲੌਕ ਵੱਲੋਂ ਇਹ ਪ੍ਰੋਕਲੇਮੇਸ਼ਨ ਕੌਂਸਲ ਦੀ 14 ਜੁਲਾਈ ਸੋਮਵਾਰ ਦੀ ਮੀਟਿੰਗ ਵਿੱਚ ਰੱਖਿਆ ਗਿਆ, ਜਿਸ ਨੂੰ ਕੌਂਸਲਰ ਹੈਰੀ ਬੈਂਸ ਨੇ ਪੜਿਆ। ਮੇਅਰ ਨੇ ਕਿਹਾ ਕਿ ਆਮ ਕਰਕੇ ਐਲਾਨਨਾਮੇ ਕੌਂਸਲ ਇਕੱਤਰਤਾਵਾਂ ਦੌਰਾਨ ਪੜ੍ਹੇ ਨਹੀਂ ਜਾਂਦੇ, ਪਰ ਗੁਰੂ ਨਾਨਕ ਜਹਾਜ਼ ਦਾ ਐਲਾਨਨਾਮਾ ਵਿਸ਼ੇਸ਼ ਹੈ, ਜਿਸ ਕਰਕੇ ਕੌਂਸਲ ਦੀ ਕਾਰਵਾਈ ਦੌਰਾਨ ਮੁਕੰਮਲ ਪੜਿਆ ਜਾ ਰਿਹਾ ਹੈ। ਇਸ ਉਪਰਾਲੇ ਲਈ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਨੇ ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ, ਸਮੁੱਚੀ ਸਿਟੀ ਕੌਂਸਲ ਅਤੇ ਵਿਸ਼ੇਸ਼ ਕਰ ਸ. ਸਰਬਜੀਤ ਸਿੰਘ ਬੈਂਸ ਹੁਰਾਂ ਦੇ ਅਣਥਕ ਉਪਰਾਲੇ ਦਾ ਧੰਨਵਾਦ ਕੀਤਾ।
         23 ਜੁਲਾਈ, ਦਿਨ ਬੁਧਵਾਰ ਨੂੰ ਸਿਟੀ ਹਾਲ ਸਰੀ ਦੇ ਆਡੀਟੋਰੀਅਮ ਵਿਖੇ ਗੁਰੂ ਨਾਨਕ ਜਹਾਜ਼ ਦਿਹਾੜੇ ‘ਤੇ ਸਮਾਗਮ ਹੋਵੇਗਾ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਸ਼ਾਮਿਲ ਹੋਣਗੀਆਂ। ਗੁਰੂ ਨਾਨਕ ਜਹਾਜ਼ ਰਿਮੈਬਰੈਂਸ ਡੇਅ ਦੇ ਸਿਟੀ ਆਫ ਸਰੀ ਦੇ ਐਲਾਨਨਾਮੇ ਤੋਂ ਪਹਿਲਾਂ, ਸਿਟੀ ਆਫ ਵੈਨਕੂਵਰ ਵੱਲੋਂ ਇਸ ਸਾਲ 23 ਮਈ ਨੂੰ ਗੁਰੂ ਨਾਨਕ ਜਹਾਜ਼ ਦਿਹਾੜਾ ਘੋਸ਼ਤ ਕਰਕੇ ਇਤਿਹਾਸਿਕ ਕਦਮ ਚੁੱਕਿਆ ਜਾ ਚੁੱਕਿਆ ਗਿਆ ਹੈ, ਜੋ ਕਿ ਪ੍ਰਸ਼ੰਸਾਯੋਗ ਹੈ।

LEAVE A REPLY

Please enter your comment!
Please enter your name here