ਸ਼੍ਰੀ ਰਾਮ ਮੰਦਰ ਦਾ ਨਿਰਮਾਣ ਸਨਾਤਨ ਸੰਸਕ੍ਰਿਤੀ ਦੇ ਪੁਨਰਜਾਗਰਣ ਤੇ ਯੁੱਗ ਚੇਤਨਾ ਦਾ ਪ੍ਰਤੀਕ : ਮਹੰਤ ਆਸ਼ੀਸ਼ ਦਾਸ।
ਅਯੁੱਧਿਆ ਦੇ ਮਹੰਤ ਨੇ ਡਾ. ਸਲਾਰੀਆ ਅਤੇ ਪ੍ਰੋ. ਖਿਆਲਾ ਨਾਲ ਰਾਸ਼ਟਰੀ ਏਕਤਾ ਅਤੇ ਭਾਈਚਾਰੇ ਦੀ ਮਜ਼ਬੂਤੀ ‘ਤੇ ਵਿਸਤ੍ਰਿਤ ਚਰਚਾ ਕੀਤੀ।
ਅੰਮ੍ਰਿਤਸਰ, 9 ਅਕਤੂਬਰ 2025
ਵਿਸ਼ਵ ਪ੍ਰਸਿੱਧ ਰਾਮ ਨਗਰੀ ਅਯੁੱਧਿਆ ਦੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਪ੍ਰਧਾਨ ਅਤੇ ਮਥੁਰਾ ਦੇ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ ਦੇ ਮੁਖੀ ਸੰਤ ਮਹੰਤ ਨ੍ਰਿਤਿਆ ਗੋਪਾਲ ਦਾਸ ਮਹਾਰਾਜ ਜੀ ਦੇ ਚੇਲੇ, ਰਾਮਾਨੰਦੀ ਵੈਸ਼ਣਵ ਸੰਪਰਦਾ ਦੇ ਸੰਤ ਮਹੰਤ ਆਸ਼ੀਸ਼ ਦਾਸ ਜੀ ਮਹਾਰਾਜ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨੇ ਪ੍ਰਸਿੱਧ ਸਮਾਜ ਸੇਵੀ ਸੰਸਥਾ ਪੀ.ਸੀ.ਟੀ. ਹਿਊਮੈਨਿਟੀ ਦੇ ਸੰਸਥਾਪਕ ਡਾ. ਜੋਗਿੰਦਰ ਸਿੰਘ ਸਲਾਰੀਆ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਧਾਰਮਿਕ ਚਿੰਤਨ, ਰਾਸ਼ਟਰੀ ਏਕਤਾ ਅਤੇ ਹਿੰਦੂ–ਸਿੱਖ ਭਾਈਚਾਰਕ ਸਾਂਝ ਦੀ ਮਜ਼ਬੂਤੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ।
ਮਹੰਤ ਆਸ਼ੀਸ਼ ਦਾਸ ਜੀ ਨੇ ਗੁਰੂ ਪਰੰਪਰਾ ਦੀ ਮਹਿਮਾ ਕਰਦਿਆਂ “ਹਿੰਦ ਦੀ ਚਾਦਰ” ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਸਨਾਤਨ ਦੀਆਂ ਜੜ੍ਹਾਂ ਮਨੁੱਖਤਾ, ਸੇਵਾ ਅਤੇ ਸਚਾਈ ਦੀਆਂ ਮੂਲ ਮਰਿਆਦਾਵਾਂ ’ਤੇ ਟਿਕੀਆਂ ਹਨ। ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਸਿਰਫ਼ ਸਨਾਤਨ ਸੰਸਕ੍ਰਿਤੀ ਦੀ ਪਛਾਣ ਜਾਂ ਪੁਨਰਜਾਗਰਣ ਨਹੀਂ, ਬਲਕਿ ਰਾਸ਼ਟਰ ਦੇ ਸਾਂਝੇ ਸਾਂਸਕ੍ਰਿਤਿਕ ਅਸਤਿਤਵ ਨੂੰ ਨਵੀਂ ਤਾਕਤ ਦੇਣ ਵਾਲਾ ਯੁੱਗ ਚੇਤਨਾ ਵਾਲਾ ਕਦਮ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਮੰਦਰ ਸਮਾਜਿਕ ਸਦਭਾਵਨਾ, ਰਾਸ਼ਟਰੀ ਏਕਤਾ ਤੇ ਇੱਕਜੁੱਟਤਾ ਦਾ ਪ੍ਰਤੀਕ ਬਣ ਚੁੱਕਾ ਹੈ। ਦੇਸ਼ ਵਿੱਚ ਜਿਹੜੀ ਵਿਆਪਕ ਜਨਜਾਗਰੂਕਤਾ ਦੇਖਣ ਨੂੰ ਮਿਲ ਰਹੀ ਹੈ, ਉਹ ਇਸੇ ਦੀ ਨਤੀਜਾ ਹੈ।
ਉਨ੍ਹਾਂ ਪੰਜਾਬੀ ਧਰਤੀ ’ਤੇ ਮਿਲੇ ਪਿਆਰ, ਸਤਿਕਾਰ ਅਤੇ ਆਪਣੇਪਣ ਲਈ ਡੂੰਘਾ ਆਭਾਰ ਪ੍ਰਗਟ ਕੀਤਾ ਅਤੇ ਕਿਹਾ, “ਪੰਜਾਬ ਦੀ ਮਿੱਟੀ ਸਿਰਫ਼ ਖ਼ੁਸ਼ਬੂ ਹੀ ਨਹੀਂ, ਸਗੋਂ ਸ਼ਰਧਾ, ਸਤਿਕਾਰ ਅਤੇ ਸਾਂਝੀ ਰੂਹਾਨੀਅਤ ਦਾ ਸੁਗੰਧ ਵੀ ਹੈ। ਇੱਥੇ ਮੈਨੂੰ ਸਿਰਫ਼ ਮਹਿਮਾਨ ਨਹੀਂ, ਬਲਕਿ ਪਰਿਵਾਰ ਦਾ ਹਿੱਸਾ ਸਮਝ ਕੇ ਪਿਆਰ ਮਿਲਿਆ, ਜਿਸ ਦਾ ਮੁੱਲ ਨਹੀਂ ਤਾਰਿਆ ਜਾ ਸਕਦਾ।”
ਮਹੰਤ ਆਸ਼ੀਸ਼ ਨੇ ਕਿਹਾ ਕਿ ਸਿੱਖ ਅਤੇ ਸਨਾਤਨ ਵੈਸ਼ਣਵ ਪਰੰਪਰਾਵਾਂ ਦੋਹਾਂ ਸੇਵਾ, ਸਚਾਈ ਅਤੇ ਸ਼ਰਧਾ ਦੇ ਸਿਧਾਂਤਾਂ ਤੇ ਆਧਾਰਿਤ ਹਨ। ਗੁਰੂ ਨਾਨਕ ਸਾਹਿਬ ਜੀ ਦੇ “ਸਰਬੱਤ ਦਾ ਭਲਾ” ਦਾ ਸੰਕਲਪ ਤੇ ਸੁਨੇਹੇ ਨੇ ਇਹ ਦਰਸਾਇਆ ਕਿ ਧਰਮ ਦਾ ਮਕਸਦ ਜੋੜਨਾ ਹੈ, ਤੋੜਨਾ ਨਹੀਂ। ਉਨ੍ਹਾਂ ਨੇ ਕਿਹਾ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਨੂੰ ਵੰਡਣ ਦੇ ਕਿਸੇ ਵੀ ਯਤਨ ਦਾ ਰਾਸ਼ਟਰੀ ਏਕਤਾ ਤੇ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਇਸ ਲਈ ਇਨ੍ਹਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਮਹੰਤ ਆਸ਼ੀਸ਼ ਦਾਸ ਜੀ ਨੇ ਕਿਹਾ, ਕਿ ਗੁਰੂ ਪਰੰਪਰਾ ਅਤੇ ਸਿੱਖਾਂ ਦਾ ਕੁਰਬਾਨੀਆਂ ਨਾਲ ਸਿੱਜਿਆ ਇਤਿਹਾਸ ਮੇਰੇ ਮਨ ਨੂੰ ਸੱਚ ਪ੍ਰਤੀ ਪ੍ਰੇਰਿਤ ਕਰਦਾ ਹੈ। ਇਹ ਇਤਿਹਾਸ ਸਿਰਫ਼ ਪੰਜਾਬ ਦੀ ਸ਼ਾਨ ਨਹੀਂ, ਬਲਕਿ ਸਮੁੱਚੀ ਭਾਰਤੀ ਸੰਸਕ੍ਰਿਤੀ ਦਾ ਆਭਾ ਹੈ।”
ਉਨ੍ਹਾਂ ਅੱਗੇ ਕਿਹਾ, “ਜਦੋਂ ਮੈਂ ਸਿੱਖ ਸੰਗਤਾਂ ਨੂੰ ਮਿਲਿਆ, ਤਾਂ ਮਹਿਸੂਸ ਹੋਇਆ ਕਿ ਸਾਡੀਆਂ ਪਰੰਪਰਾਵਾਂ ਰੂਪ ਵਿੱਚ ਭਾਵੇਂ ਵੱਖਰੀਆਂ ਹੋਣ ਦੇ ਪਰ ਰੂਹ ਇੱਕੋ ਹੈ , ਜੋ ਸੱਚ, ਪ੍ਰੇਮ ਅਤੇ ਸੇਵਾ ਵਿੱਚ ਵਿਸ਼ਵਾਸ ਰੱਖਣ ਵਾਲੀ ਹੈ।”
ਮਹੰਤ ਆਸ਼ੀਸ਼ ਦਾਸ ਨੇ ਪ੍ਰੋ. ਖਿਆਲਾ ਅਤੇ ਡਾ. ਸਲਾਰੀਆ ਦਾ ਉਨ੍ਹਾਂ ਦੀ ਮਹਿਮਾਨ ਨਿਵਾਜੀ ਅਤੇ ਸਾਂਝੀ ਭਾਵਨਾ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਜਲਦੀ ਮੁੜ ਪੰਜਾਬ ਆਉਣਗੇ ਤਾਂ ਜੋ ਅਧਿਆਤਮਿਕ ਅਤੇ ਸਮਾਜਿਕ ਸਹਿਯੋਗ ਰਾਹੀਂ ਭਾਈਚਾਰੇ ਦੇ ਰਿਸ਼ਤੇ ਹੋਰ ਮਜ਼ਬੂਤੀ ਲਈ ਉਪਰਾਲੇ ਕੀਤੇ ਜਾ ਸਕਣ।
ਇਸ ਮੌਕੇ ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ ਪੀ.ਸੀ.ਟੀ. ਹਿਊਮੈਨਿਟੀ ਬਿਨਾਂ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੈ ਅਤੇ ਇਹ ਸਾਂਝੇ ਮਾਨਵੀ ਅਤੇ ਸਾਂਸਕ੍ਰਿਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਕੰਮ ਕਰਦੀ ਰਹੇਗੀ। ਉਨ੍ਹਾਂ ਮਹੰਤ ਅਸ਼ੀਸ਼ ਦਾਸ ਦੀ ਹਿੰਦੂ- ਸਿੱਖ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਪ੍ਰਦਾਨ ਕਰਨ ’ਚ ਨਿਭਾਈ ਜਾ ਰਹੀ ਭੂਮਿਕਾ ਲਈ ਸ਼ਲਾਘਾ ਕੀਤੀ।
ਪ੍ਰੋ. ਸਰਚਾਂਦ ਸਿੰਘ ਖਿਆਲਾ, ਜੋ ਦਮਦਮੀ ਟਕਸਾਲ ਦੇ ਸਾਬਕਾ ਮੀਡੀਆ ਬੁਲਾਰੇ ਵੀ ਹਨ, ਨੇ ਕਿਹਾ ਕਿ ਸਿੱਖ ਅਤੇ ਸਨਾਤਨ ਧਰਮ ਦੋਵੇਂ ਭਾਰਤੀ ਅਧਿਆਤਮਵਾਦ ਦੇ ਅਵਿਨਾਸ਼ੀ ਅੰਗ ਹਨ। ਸੱਚ ਦੀ ਖੋਜ ਲਈ ਰਸਤੇ ਵੱਖਰੇ ਹੋ ਸਕਦੇ ਹਨ, ਪਰ ਮੰਜ਼ਿਲ ਇੱਕੋ ਹੈ। ਅਯੁੱਧਿਆ ਤੇ ਸ੍ਰੀ ਅੰਮ੍ਰਿਤਸਰ ਦੋਵੇਂ ਭਾਰਤ ਦੀ ਅਧਿਆਤਮਕ ਧਰੋਹਰ ਦੇ ਕੇਂਦਰ ਹਨ। ਉਨ੍ਹਾਂ ਕਿਹਾ ਕਿ ਸਿੱਖ ਅਤੇ ਹਿੰਦੂ ਭਾਈਚਾਰੇ ਦਾ ਰਿਸ਼ਤਾ ਧਾਰਮਿਕ ਅਤੇ ਸਾਂਝੀ ਰਾਸ਼ਟਰੀ ਭਾਵਨਾ ‘ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾਂ ਸਾਂਝੀਵਾਲਤਾ, ਸੂਰਬੀਰਤਾ, ਸਹਿਣਸ਼ੀਲਤਾ ਅਤੇ ਧਾਰਮਿਕ ਵਿਸ਼ਾਲਤਾ ਦੀ ਅਭਿਵਿਅਕਤੀ ਰਹੀ ਹੈ।
ਇਸ ਮੌਕੇ ਮਹੰਤ ਆਸ਼ੀਸ਼ ਦਾਸ ਜੀ, ਡਾ. ਸਲਾਰੀਆ ਅਤੇ ਬਾਗੇਸ਼ਵਰ ਧਾਮ ਦੇ ਚੇਲੇ ਸ਼੍ਰੀ ਸ਼ਸ਼ਾਂਕ ਬਜਾਜ ਨੂੰ ਸਨਮਾਨਿਤ ਕੀਤਾ ਗਿਆ ।