*ਸਾਲ 2025 ਦੌਰਾਨ ਵਿਕਾਸ ਦਾ ‘ਧੁਰਾ’ ਰਿਹਾ ਹਲਕਾ ‘ਧੂਰੀ’*

0
7

*ਸਾਲ 2025 ਦੌਰਾਨ ਵਿਕਾਸ ਦਾ ‘ਧੁਰਾ’ ਰਿਹਾ ਹਲਕਾ ‘ਧੂਰੀ’*

*-ਧੂਰੀ ਦਾ ਸਰਬਪੱਖੀ ਵਿਕਾਸ ਕਰਕੇ ਮਾਡਲ ਸ਼ਹਿਰ ਵਜੋਂ ਕੀਤਾ ਗਿਆ ਤਿਆਰ*

ਧੂਰੀ, 28 ਦਸੰਬਰ 2025 :

ਸਾਲ 2025 ਹਲਕਾ ਧੂਰੀ ਲਈ ਵਿਕਾਸ ਕਾਰਜਾਂ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਲੋਕ-ਹਿਤਕਾਰੀ ਪਹਿਲਕਦਮੀਆਂ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਸਾਲ ਸਾਬਤ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਯੋਜਨਾਬੱਧ ਢੰਗ ਨਾਲ 329 ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ, ਜਿਸ ਨਾਲ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਸੁਧਾਰ ਸਪਸ਼ਟ ਤੌਰ ’ਤੇ ਨਜ਼ਰ ਆਇਆ।

ਹਲਕਾ ਧੂਰੀ ਜੋ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਵਜੋਂ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਅਤੇ ਇਥੇ ਮਈ 2025 ਵਿੱਚ ਸਥਾਪਤ ਕੀਤਾ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਹਲਕਾ ਵਾਸੀਆਂ ਨੂੰ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਦਾਨ ਕਰਨ ਵਿੱਚ ਅਤੇ ਆਪਣੇ ਹਲਕੇ ਦੇ ਵਿਧਾਇਕ ਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਨਾਲ ਸਿੱਧਾ ਰਾਬਤਾ ਬਣਾਉਣ ਵਿੱਚ ਸਹਾਈ ਹੋਇਆ। ਦਫ਼ਤਰ ਵਿੱਚ ਲੋਕ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਆਪਣੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਦੇ ਹੋਏ ਇਕ ਮਜ਼ਬੂਤ ਕੜੀ ਵਜੋ ਕੰਮ ਕਰ ਰਹੇ ਹਨ ਅਤੇ ਸਮੇਂ-ਸਮੇਂ ’ਤੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦਫ਼ਤਰ ਵਿਖੇ ਆ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਹਨ ਅਤੇ ਹਲਕੇ ਦੇ ਸਰਪੰਚਾਂ ਤੇ ਕੌਂਸਲਰਾਂ ਨਾਲ ਬੈਠਕਾਂ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕਰਕੇ ਮੁੱਖ ਮੰਤਰੀ ਸਹਾਇਤਾ ਕੇਂਦਰ ਵਿੱਚ ਹਲਕੇ ਦੇ ਵਿਕਾਸ ਲਈ ਨਵੀਂਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ।

ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਵੀ ਧੂਰੀ ਨੂੰ ਸਾਲ 2025 ਦੌਰਾਨ ਇੱਕ ਵੱਡੀ ਸੌਗਾਤ ਮਿਲੀ। 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਅਤਿ-ਆਧੁਨਿਕ ਜਨਤਕ ਲਾਇਬ੍ਰੇਰੀ ਲੋਕਾਂ ਲਈ ਖੋਲ੍ਹੀ ਗਈ, ਜੋ 3,710 ਵਰਗ ਫੁੱਟ ਖੇਤਰ ਵਿੱਚ ਸਥਿਤ ਹੈ ਅਤੇ ਵਾਈ-ਫਾਈ, ਡਿਜੀਟਲ ਪਾਠਕ ਸਹੂਲਤਾਂ ਅਤੇ ਸੂਰਜੀ ਊਰਜਾ ਨਾਲ ਲੈਸ ਹੈ। ਇਸਦੇ ਨਾਲ ਹੀ ਧੂਰੀ ਵਿੱਚ ਅਤਿ-ਆਧੁਨਿਕ ਖੇਡ ਸਟੇਡੀਅਮ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ, ਜਿਸ ਨਾਲ ਨੌਜਵਾਨਾਂ ਲਈ ਖੇਡਾਂ ਦੇ ਮੌਕੇ ਵਧਣਗੇ ਅਤੇ ਪਿੰਡ ਬੇਨੜਾ ਵਿਖੇ ਅਤਿ ਆਧੁਨਿਕ ਮਸ਼ੀਨਰੀ ਵਾਲਾ ਜਿੰਮ ਵੀ ਸਥਾਪਤ ਕੀਤਾ ਗਿਆ ਹੈ ਜੋ ਨੌਜਵਾਨਾਂ ਸਮੇਤ ਹਰੇਕ ਉਮਰ ਵਰਗ ਨੂੰ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕਰਦਾ ਹੈ।

ਸਿਹਤ ਸੇਵਾਵਾਂ ਦੇ ਖੇਤਰ ਵਿੱਚ ਹਲਕੇ ਵਿੱਚ ਬਣੇ 10 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਅਤੇ ਹੋਰ 3 ਨਵੇਂ ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ ਜੋ ਜਲਦੀ ਹੀ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਧੂਰੀ ਵਿਖੇ ਤਕਰੀਬਨ 22 ਕਰੋੜ ਰੁਪਏ ਦੀ ਲਾਗਤ ਨਾਲ ਸਬ ਡਵੀਜ਼ਨਲ ਹਸਪਤਾਲ ਅਤੇ ਮੈਟਰਨਲ ਤੇ ਚਾਈਲਡ ਕੇਅਰ ਬਿਲਡਿੰਗ ਦੇ ਨਵੇਂ ਬਲਾਕ ਦੀ ਉਸਾਰੀ ਦੇ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ, ਜੋ ਹਲਕਾ ਵਾਸੀਆਂ ਨੂੰ ਵਿਸ਼ਵਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।

ਸਾਲ 2025 ਦੌਰਾਨ ਧੂਰੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਨੂੰ ਨਵੀਂ ਦਿਸ਼ਾ ਦਿੱਤੀ ਗਈ। 3.35 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਕ੍ਰਾਂਤੀ ਚੌਕ, ਐੱਮਸੀ ਪਾਰਕ, ਇਨਡੋਰ ਸਪੋਰਟਸ ਹਾਲ ਅਤੇ ਪਟਵਾਰ ਖਾਨੇ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਧੂਰੀ ਸ਼ਹਿਰ ਦੀ ਪ੍ਰਮੁੱਖ ਸਿਨਮਾ ਰੋਡ ਨੂੰ 41 ਲੱਖ ਰੁਪਏ ਦੀ ਲਾਗਤ ਨਾਲ 116 ਐਲ.ਈ.ਡੀ. ਸਟਰੀਟ ਲਾਈਟਾਂ ਨਾਲ ਰੌਸ਼ਨ ਕਰਨ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਕੁੱਲ 3550 ਸਧਾਰਨ ਬਲਬ ਬਦਲ ਕੇ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ, ਜਿਸ ਨਾਲ ਰਾਤ ਸਮੇਂ ਸੜਕਾਂ ਅਤੇ ਗਲੀਆਂ ਦੀ ਰੌਸ਼ਨੀ ਵਿੱਚ ਵੱਡਾ ਸੁਧਾਰ ਆਇਆ।

ਧੂਰੀ ਵਿਧਾਨ ਸਭਾ ਹਲਕੇ ਵਿੱਚ ਪਿੰਡਾਂ ਦੀਆਂ ਫਿਰਨੀਆਂ ਤੇ ਨਵੀਨੀਕਰਨ ਅਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਸਾਲ 2025 ਦੌਰਾਨ ਜੰਗੀ ਪੱਧਰ ’ਤੇ ਕੀਤਾ ਗਿਆ ਹੈ ਅਤੇ ਕਰੀਬ 100 ਕਰੋੜ ਰੁਪਏ ਨਾਲ ਸੜਕਾਂ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ 9 ਕਰੋੜ ਰੁਪਏ ਨਾਲ ਸ਼ਹਿਰ ਦੀਆਂ ਸੜਕਾਂ, 30 ਕਰੋੜ ਪਿੰਡਾਂ ਦੀਆਂ ਫਿਰਨੀਆਂ ਅਤੇ 58 ਕਰੋੜ ਮੁੱਖ ਸੜਕਾਂ ਦੇ ਨਵੀਨੀਕਰਨ ’ਤੇ ਖਰਚ ਕੀਤੇ ਜਾ ਰਹੇ ਹਨ।

ਧੂਰੀ ਹਲਕੇ ਅੰਦਰ ਕਰੀਬ 329 ਕਰੋੜ ਰੁਪਏ ਨਾਲ 980 ਕੰਮ ਜਿਸ ਵਿੱਚ 43 ਕੰਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, 48 ਕੰਮ ਪੰਜਾਬ ਮੰਡੀ ਬੋਰਡ, 130 ਕੰਮ ਪੰਚਾਇਤੀ ਰਾਜ ਵਿਭਾਗ, 24 ਲੋਕ ਨਿਰਮਾਣ ਵਿਭਾਗ, 80 ਕੰਮ ਸਿੱਖਿਆ ਵਿਭਾਗ, 37 ਨਗਰ ਕੌਂਸਲ ਧੂਰੀ, 369 ਕੰਮ ਬੀ.ਡੀ.ਪੀ.ਓ. ਧੂਰੀ ਅਤੇ 121 ਕੰਮ ਬੀ.ਡੀ.ਪੀ.ਓ. ਸ਼ੇਰਪੁਰ ਵੱਲੋਂ ਮੁਕੰਮਲ ਕਰ ਦਿੱਤੇ ਗਏ ਹਨ।

ਕੁਲ ਮਿਲਾ ਕੇ ਸਾਲ 2025 ਦੌਰਾਨ ਧੂਰੀ ਹਲਕੇ ਵਿੱਚ ਸੜਕਾਂ, ਸਿੱਖਿਆ, ਖੇਡਾਂ ਅਤੇ ਜਨਤਕ ਢਾਂਚੇ ਨਾਲ ਸੰਬੰਧਤ ਕੀਤੇ ਗਏ ਇਹ ਵਿਕਾਸ ਕਾਰਜ ਇਸ ਗੱਲ ਦਾ ਪ੍ਰਮਾਣ ਹਨ ਕਿ ਧੂਰੀ ਦਾ ਸਰਬਪੱਖੀ ਵਿਕਾਸ ਕਰਕੇ ਇਸ ਨੂੰ ਮਾਡਲ ਸ਼ਹਿਰ ਵਜੋਂ ਤਿਆਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here