ਜੰਡਿਆਲਾ ਗੁਰੂ,27 ਜੁਲਾਈ (ਸ਼ੁਕਰਗੁਜ਼ਾਰ ਸਿੰਘ)- ਸਥਾਨਕ ਕਸਬੇ ਦੇ ਸਾਹਿਤਕਾਰਾਂ ਅਤੇ ਪੱਤਰਕਾਰਾਂ ਨੇ ਪੰਜਾਬੀ ਗਾਇਕੀ ਦੇ ਉਸਤਾਦ ਸੁਰਿੰਦਰ ਛਿੰਦਾ ਦੇ ਆਕਾਲ ਚਲਾਣੇ ‘ਤੇ ਦੁੱਖ ਜ਼ਾਹਿਰ ਕਰਦਿਆਂ ਆਪੋ ਆਪਣੇ ਸ਼ਬਦਾਂ ‘ਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਮਾਝਾ ਪ੍ਰੈੱਸ ਕਲੱਬ(ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਸੁਰਿੰਦਰ ਛਿੰਦਾ ਜੀ ਦੇ ਅਚਨਚੇਤ ਚਲੇ ਜਾਣ ਨੂੰ ਪੰਜਾਬੀ ਗਾਇਕੀ ਦੇ ਇੱਕ ਜੁੱਗ ਦਾ ਅੰਤ ਕਿਹਾ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ ਤੇ ਹਰ ਪੰਜਾਬੀ ਨੂੰ ਭਾਣਾ ਮੰਨਣ ਦਾ ਬੱਲ।
ਕਲੱਬ ਦੇ ਜਨ:ਸਕੱਤਰ ਜਸਵੰਤ ਸਿੰਘ ਮਾਂਗਟ ਨੇ ਆਖਿਆ ਕਿ ਛਿੰਦਾ ਜੀ ਦਾ ਹਮੇਸ਼ਾਂ ਲਈ ਚਲੇ ਜਾਣਾ ਪੰਜਾਬੀ ਗਾਇਕੀ ਦੇ ਦੌਰ ਨੂੰ ਐਸਾ ਘਾਟਾ ਪਾ ਗਿਆ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਪੰਜਾਬੀ ਫਿਲਮੀ ਖੇਤਰ ਨਾਲ ਜੁੜੇ ਰਜਿੰਦਰ ਰਿਖੀ ਜੀ ਨੇ ਛਿੰਦਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਠੇਠ ਪੰਜਾਬੀ ਗਾਇਕੀ ਦੇ ਇੱਕ ਦੌਰ ਦਾ ਅੰਤ ਹੋ ਗਿਆ ਤੇ ਛਿੰਦਾ ਜੀ ਹਮੇਸ਼ਾ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਮੋਹਰੀ ਸਤਰ ‘ਚ ਰਹਿਣਗੇ।
ਪੰਜਾਬੀ ਸਾਹਿਤ ਸਭਾ(ਰਜਿ) ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਮੀਤ ਪ੍ਰਧਾਨ ਸਤਿੰਦਰ ਓਠੀ, ਪ੍ਰੈੱਸ ਸਕੱਤਰ ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ ਨੇ ਸਾਂਝੇ ਬਿਆਨ ਰਾਹੀਂ ਆਖਿਆ ਕਿ ਸੁਰਿੰਦਰ ਛਿੰਦਾ ਦਾ ਜੀ ਦੀ ਆਵਾਜ਼ ਹਮੇਸ਼ਾ ਕੰਨਾਂ ‘ਚ ਗੂੰਜਦੀ ਰਹੇਗੀ ਤੇ ਸ਼ਿੰਦਾ ਜੀ ਕਦੇ ਵੀ ਸੰਗੀਤ ਪਸੰਦ ਵਿਅਕਤੀਆਂ ਦੇ ਮਨਾਂ ਚੋਂ ਨਹੀਂ ਨਿਕਲਣਗੇ। ਛਿੰਦਾ ਜੀ ਦੇ ਅਨੇਕਾਂ ਐਸੇ ਗਾਣੇ ਹਨ ਜੋ ਗੋਰਿਆਂ ਨੂੰ ਵੀ ਨੱਚਣ ਲਈ ਮਜ਼ਬੂਰ ਕਰਦੇ ਆਏ ਹਨ ਤੇ ਕਰਦੇ ਰਹਿਣਗੇ।
ਇਸ ਸ਼ਰਧਾਂਜ਼ਲੀ ਇਕੱਠ ਵਿੱਚ ਮਾਝਾ ਪ੍ਰੈੱਸ ਕਲੱਬ ਦੇ ਸਰਪ੍ਰਸਤ ਅੰਮ੍ਰਿਤਪਾਲ ਸਿੰਘ ਬੇਦੀ ਨੇ ਛਿੰਦਾ ਜੀ ਦੇ ਵੱਖ ਵੱਖ ਗਾਣਿਆਂ ਨੂੰ ਯਾਦ ਕਰਦਿਆਂ ਆਖਿਆ ਕਿ ਛਿੰਦਾ ਜੀ ਦੇ ਜਾਣ ਤੋਂ ਬਾਅਦ ਹਰ ਪੰਜਾਬੀ ਇਸ ਦੁਬਿਧਾ ‘ਚ ਹੈ ਕਿ ਛਿੰਦਾ ਜੀ ਵਰਗੀ ਆਵਾਜ਼ ਤੇ ਛਿੰਦਾ ਜੀ ਵਰਗਾ ਐਕਟਰ ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲੇਗਾ ਜਾਂ ਨਹੀਂ।
ਪੰਜਾਬੀ ਸਾਹਿਤਕਾਰ ਚੈਨ ਸਿੰਘ ਚੱਕਰਵਰਤੀ ਜੀ ਨੇ ਵੀ ਛਿੰਦਾ ਜੀ ਨੂੰ ਯਾਦ ਕਰਦਿਆਂ ਆਖਿਆ ਕਿ ਛਿੰਦਾ ਜੀ ਦੀ ਫੋਟੋ ਵੇਖਕੇ ਇੰਝ ਲੱਗਦਾ ਹੈ ਕਿ ਛਿੰਦਾ ਜੀ ਕਿਤੇ ਨਹੀਂ ਗਏ ਪਰ ਸੱਚ ਇਹ ਹੈ ਕਿ ਹੁਣ ਸਾਡੇ ਕੋਲ ਸਿਰਫ਼ ਤਸਵੀਰ ਰੂਪੀ ਤੇ ਗੀਤਾਂ ਰੂਪੀ ਯਾਦਾਂ ਨੇ ਜਿੰਨਾਂ ਜ਼ਰੀਏ ਛਿੰਦਾ ਜੀ ਸਦਾ ਹਵਾਵਾਂ ‘ਚ ਮਹਿਕਣਗੇ।
ਇਸ ਸ਼ਰਧਾਂਜਲੀ ਇਕੱਠ ਵਿੱਚ ਗੁਰਦੀਪ ਸਿੰਘ ਨਾਗੀ,ਚੈਨ ਸਿੰਘ ਚੱਕਰਵਰਤੀ(ਪੰਜਾਬੀ ਗੀਤਕਾਰ) ਸਮੇਤ ਜਸਵੰਤ ਸਿੰਘ ਮਾਂਗਟ,ਅੰਮ੍ਰਿਤਪਾਲ ਸਿੰਘ ਬੇਦੀ, ਰਜਿੰਦਰ ਰਿਖੀ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਗੁਰਪਾਲ ਸਿੰਘ ਰਾਏ, ਸਵਿੰਦਰ ਸਿੰਘ ਲਾਹੌਰੀਆ, ਹਰੀਸ਼ ਕੱਕੜ, ਸਿਮਰਤਪਾਲ ਸਿੰਘ ਬੇਦੀ, ਕੁਲਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਖਹਿਰਾ, ਸੁਖਦੇਵ ਸਿੰਘ ਬੱਬੂ, ਡਾ.ਗੁਰਮੀਤ ਸਿੰਘ ਨੰਡਾ, ਪਰਵਿੰਦਰ ਸਿੰਘ ਮਲਕ, ਗੁਰਵਿੰਦਰ ਸਿੰਘ, ਸਤਪਾਲ ਵਿਨਾਇਕ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਮਨਦੀਪ ਸਿੰਘ ਜੰਮੂ,ਸਤਿੰਦਰ ਸਿੰਘ ਓਠੀ,ਐਡਵੋਕੇਟ ਵਿਸ਼ਾਲ ਸ਼ਰਮਾ,ਰਛਪਿੰਦਰ ਕੌਰ ਗਿੱਲ, ਐਡਵੋਕੇਟ ਨਵਨੀਤ ਸਿੰਘ, ਜੋਬਨਰੂਪ ਛੀਨਾ, ਪ੍ਰਭਜੀਤ ਕੌਰ, ਸਿਮਬਰਨ ਸਾਬਰੀ, ਮਲਕੀਤ ਸਿੰਘ ਨਿਮਾਣਾ ਆਦਿ ਹਾਜ਼ਿਰ ਸਨ।







