ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਗਤੀਵਿਧੀਆਂ ਜਾਰੀ

0
47
ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਗਤੀਵਿਧੀਆਂ ਜਾਰੀ
ਉਸਾਰੀ ਅਧੀਨ ਇਮਾਰਤਾਂ ਅਤੇ ਨਰਸਰੀਆਂ ‘ਚੋਂ ਲਾਰਵਾ ਲੱਭਿਆ
ਮਾਨਸਾ, 20 ਜੂਨ 2025:
ਸਿਹਤ ਵਿਭਾਗ ਵੱਲੋਂ “ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ ਮਾਨਸਾ ਵਿਖੇ ਉਸਾਰੀ ਅਧੀਨ ਇਮਾਰਤਾਂ ਅਤੇ ਨਰਸਰੀਆਂ ਵਿਖੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ। ਇਨ੍ਹਾਂ ਸਥਾਨਾਂ ‘ਤੇ ਐਂਟੀ ਲਾਰਵਾ ਟੀਮਾਂ ਵੱਲੋਂ ਪਾਣੀ ਨਾਲ ਭਰੇ ਕੰਟੇਨਰਾਂ ਦੀ ਜਾਂਚ ਕੀਤੀ ਗਈ ਅਤੇ ਲਾਰਵਾ ਨਸ਼ਟ ਕਰਵਾਇਆ ਗਿਆ।
ਸਿਵਲ ਸਰਜਨ ਡਾ. ਰਣਜੀਤ ਰਾਏ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ ਪਾਣੀ ਨਾਲ ਭਰੇ ਕੰਟੇਨਰਾਂ ਦੀ ਹਫਤਾਵਾਰੀ ਸਫਾਈ ਅਤੇ ਕੰਟੇਨਰਾਂ ਨੂੰ ਸ਼ੈੱਡਾਂ ਹੇਠ ਰੱਖਣ ਅਤੇ ਢੱਕਣ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਮੀਂਹ ਦਾ ਪਾਣੀ ਇਨ੍ਹਾਂ ਵਿਚ ਇਕੱਠਾ ਨਾ ਭਰੇ।
ਉਨ੍ਹਾਂ ਕਿਹਾ ਕਿ ਏਡੀਜ਼ ਏਜੀਪਟੀ ਮੱਛਰ ਜੋ ਡੇਂਗੂ ਦੀ ਬਿਮਾਰੀ ਨੂੰ ਫੈਲਾਉਂਦਾ ਹੈ, ਇਹ ਮੁੱਖ ਤੌਰ ‘ਤੇ ਕੰਟੇਨਰਾਂ ਜਿੰਨ੍ਹਾਂ ਵਿਚ ਥੋੜ੍ਹਾ ਜਿਹਾ ਵੀ ਪਾਣੀ ਹੋਵੇ ਉੱਥੇ ਪ੍ਰਜਨਣ ਕਰਦਾ ਹੈ। ਡੇਂਗੂ, ਚਿਕਨਗੁਨੀਆ ਦੇ ਮਾਮਲਿਆਂ ਨੂੰ ਰੋਕਣ ਲਈ ਕੰਟੇਨਰਾਂ ਵਿਚ ਪਾਣੀ ਜਮ੍ਹਾਂ ਹੋਣ ਨਾ ਦਿੱਤਾ ਜਾਵੇ।  ਇਹ ਗਤੀਵਿਧੀ ਹਫ਼ਤੇ ਵਿਚ ਇਕ ਵਾਰ ਕੀਤੀ ਜਾਣੀ ਚਾਹੀਦੀ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਐਂਟੀ ਲਾਰਵਾ ਟੀਮਾਂ ਵੱਲੋਂ ਘਰ-ਘਰ ਜਾ ਕੇ ਡੇਂਗੂ ਦੀ ਰੋਕਥਾਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ। ਟੀਮਾਂ ਨੇ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਵੱਖ-ਵੱਖ ਕੰਟੇਨਰਾਂ ‘ਚੋਂ ਪਾਣੀ ਕੱਢ ਕੇ ਮੱਛਰਾਂ ਦੇ ਲਾਰਵੇ ਨੂੰ ਮੌਕੇ ‘ਤੇ ਹੀ ਨਸ਼ਟ ਕੀਤਾ। ਉਨ੍ਹਾਂ ਵੱਲੋਂ ਪਾਣੀ ਰੱਖਣ ਵਾਲੇ ਡੱਬਿਆਂ ਜਿਵੇਂ ਕਿ ਕੂਲਰ, ਟਾਇਰ, ਮਿੱਟੀ ਦੇ ਗਮ੍ਹਲੇ, ਫਰਿੱਜ ਦੇ ਪਿਛਲੇ ਪਾਸੇ ਵਾਲੀ ਟਰੇਅ, ਜਾਨਵਰ/ਪੰਛੀ ਦੇ ਪਾਣੀ ਪੀਣ ਵਾਲੇ ਗਮ੍ਹਲੇ, ਬਾਲ੍ਹਟੀਆਂ, ਬੋਤਲਾਂ ਆਦਿ ਤੋਂ ਪਾਣੀ ਦੀ ਨਿਕਾਸੀ ਲਈ ਜਾਗਰੂਕਤਾ ਫੈਲਾਈ ਗਈ।
ਉਹਨਾਂ ਦੱਸਿਆ ਕਿ ਮੱਛਰਾਂ ਤੋਂ ਬਚਾਅ ਲਈ ਸਵੇਰੇ ਸ਼ਾਮ ਘਰੋਂ ਬਾਹਰ ਨਿਕਲਣ ਵੇਲੇ ਪੂਰੇ ਕੱਪੜੇ ਪਹਿਨ ਕੇ ਰੱਖੋ, ਜਾਲੀ ਦੇ ਦਰਵਾਜ਼ੇ ਬੰਦ ਰੱਖੋ, ਬਾਹਰ ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ। ਸਾਫ ਸਫ਼ਾਈ ਦਾ ਖਿਆਲ ਰੱਖਣ ਨਾਲ ਅਸੀਂ ਕਿਸੇ ਹੱਦ ਤੱਕ ਡੇਂਗੂ ਨੂੰ ਫੈਲਣ ਤੋਂ ਰੋਕ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ ਅਤੇ ਪੇਂਡੂ ਖੇਤਰਾਂ ਵਿਚ ਵੀ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਅਧੀਨ ਟੀਮਾਂ ਜਾਗਰੂਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਮੱਛਰਾਂ ਦੇ ਲਾਰਵੇ ਨੂੰ ਮਾਰਨ ਲਈ ਘੱਟੋ-ਘੱਟ ਹਫ਼ਤਾਵਾਰੀ ਇਹ ਗਤੀਵਿਧੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਲੋਕ ਖੁਦ ਇਸ ਪ੍ਰਤੀ ਜਾਗਰੂਕ ਨਹੀਂ ਹੁੰਦੇ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੰਦੇ, ਤਦ ਤੱਕ ਡੇਂਗੂ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ।
ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਜਸਵੀਰ ਸਿੰਘ ਸੈਕਟਰੀ ਯੂਥ ਵੈਲਫੇਅਰ ਆਈਸ਼ੋਸ਼ੇਸ਼ਨ, ਸ੍ਰੀ ਸੰਜੀਵ ਕੁਮਾਰ ਸਿਹਤ ਸੁਪਰਵਾਈਜ਼ਰ, ਜਸਵਿੰਦਰ ਸਿੰਘ ਸੁਪਰਵਾਈਜ਼ਰ ਮਿਉਂਸਪਲ ਕਮੇਟੀ ਮਾਨਸਾ, ਗੁਰਿੰਦਰਜੀਤ ਸਿੰਘ ਅਤੇ ਬਲਜੀਤ ਸਿੰਘ ਸਿਹਤ ਕਰਮਚਾਰੀ, ਬਲਵੀਰ ਕੌਰ ਅਤੇ ਸੁਖਜੀਤ ਏ.ਐਨ.ਐਮ.ਆਸ਼ਾ ਵਰਕਰਜ਼, ਨਰਸਿੰਗ ਸਟੂਡੈਂਟ ਤੋ ਇਲਾਵਾ ਕੰਸਟ੍ਰਕਸ਼ਨ ਸਾਈਟ ਦੇ ਸੁਪਰਵਾਈਜ਼ਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here