ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਸਕੂਲ ਮੈਗਜ਼ੀਨ ਰਿਲੀਜ਼ ਕੀਤਾ
— ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ
ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸ ਲਈ ਅਧਿਆਪਕਾਂ ਦੇ ਨਾਲ ਮਾਪਿਆਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਮਾਪੇ ਅਧਿਆਪਕ ਮਿਲਣੀ ਵਿੱਚ ਵਿਦਿਆਰਥੀਆਂ ਦੇ ਸਤੰਬਰ ਟੈਸਟ ਦੀ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਜਿਵੇਂ ਸੀਈਪੀ,ਇੰਸਪਾਇਰਡ ਅਵਾਰਡ,ਵੱਖ-ਵੱਖ ਵਜ਼ੀਫਾ ਸਕੀਮਾਂ, ਵਿਦਿਆਰਥੀਆਂ ਦੀ ਹਾਜ਼ਰੀ,ਬੇਸ ਲਾਈਨ ਟੈਸਟ, ਐਂਡ ਲਾਈਨ ਟੈਸਟ, ਇੰਗਲਿਸ਼ ਹੈਲਪਰ ਪ੍ਰੋਗਰਾਮ,ਸਬਜੈਕਟ ਫੇਅਰ ਆਦਿ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਸਾਰੇ ਮਾਪਿਆਂ ਨੇ ਵੱਧ ਚੜ ਕੇ ਇਸ ਮੀਟਿੰਗ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ (ਰਜਿ:) ਦੰਦਰਾਲਾ ਢੀਂਡਸਾ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਸਕੂਲ ਦੇ ਮੈਗਜ਼ੀਨ ‘ਨਾਦਾਨ ਪਰਿੰਦੇ’ ਦੀ ਘੁੰਡ ਚੁਕਾਈ ਐਸਐਮਸੀ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਕੀਤੀ ਗਈ।ਇਸ ਮੈਗਜ਼ੀਨ ਵਿੱਚ ਸਕੂਲ ਦੀਆਂ ਵੱਖ ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ,ਅਧਿਆਪਕ ਸਾਹਿਬਾਨਾਂ ਅਤੇ ਵਿਦਿਆਰਥੀਆਂ ਵੱਲੋਂ ਲਿਖੀਆਂ ਗਈਆਂ ਰਚਨਾਵਾਂ ਆਦਿ ਨੂੰ ਕਲਮਬੱਧ ਕੀਤਾ ਗਿਆ ਹੈ। ਅਖੀਰ ਵਿੱਚ ਸਕੂਲ ਦੇ ਇੰਚਾਰਜ ਸ੍ਰੀਮਤੀ ਦਲਜੀਤ ਕੌਰ ਲੈਕਚਰਾਰ ਕੈਮਿਸਟਰੀ ਵੱਲੋਂ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ’ ਅਤੇ ਐਸਐਮਸੀ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਮੈਂਬਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ ਜਿਨਾਂ ਵੱਲੋਂ ਸਕੂਲ ਦੀ ਬਿਹਤਰੀ ਲਈ ਨਿਰੰਤਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਵੀ ਹਾਜ਼ਰ ਸੀ।