ਸੀਵਰੇਜ਼ ਦੇ ਓਵਰਫਲੋਅ ਅਤੇ ਮੀਂਹ ਦੇ ਪਾਣੀ ਦੀ ਸਮੱਸਿਆ ਜਲਦ ਹੋਵੇਗੀ ਹੱਲ-ਵਿਧਾਇਕ ਵਿਜੈ ਸਿੰਗਲਾ
ਪੰਜਾਬ ਸਰਕਾਰ ਵੱਲੋਂ ਸ਼ਹਿਰ ਮਾਨਸਾ ਦੀ ਸੀਵਰੇਜ਼ ਸਮੱਸਿਆ ਦੇ ਹੱਲ ਲਈ ਜਾਰੀ ਗਰਾਂਟ ਤਹਿਤ ਕੰਮ ਪ੍ਰਗਤੀ ਅਧੀਨ
ਨਗਰ ਕੌਂਸਲ ਮਾਨਸਾ ਵੱਲੋਂ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਨੇ ਪ੍ਰਬੰਧ
ਮਾਨਸਾ, 11 ਜੁਲਾਈ 2025:
ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਅੰਦਰ ਪਾਣੀ ਦੇ ਖੜ੍ਹਾ ਹੋਣ ਅਤੇ ਸੀਵਰੇਜ਼ ਓਵਰਫਲੋਅ ਦੀ ਸਮੱ ਸਿਆ ਨਾਲ ਨਜਿੱਠਣ ਲਈ ਪਿਛਲੇ ਸਮੇਂ ਤੋਂ ਨਗਰ ਕੌਂਸਲ ਅਧਿਕਾਰੀਆਂ ਅਤੇ ਇੰਜੀਨੀਅਰਾਂ ਨਾਲ ਤਾਲਮੇਲ ਕਰਦਿਆਂ ਇਸ ਦੇ ਯੋਗ ਹੱਲ ਲਈ ਵਿਊਾਤਬੰਦੀ ਕੀਤੀ ਜਾ ਰਹੀ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਮਾਨਸਾ ਡਾ. ਵਿਜੈ ਸਿੰਗਲਾ ਨੇ ਕੀਤਾ |
ਵਿਧਾਇਕ ਨੇ ਕਿਹਾ ਕਿ ਬੇਸ਼ੱੱਕ ਇਹ ਸ਼ਹਿਰ ਦੀ ਵੱਡੀ ਸਮੱਸਿਆ ਹੈ ਅਤੇ ਇਹ ਮੁੱਦਾ ਉਹ ਵਿਧਾਨ ਸਭਾ ਵਿਚ ਵੀ ਉਠਾਉਂਦੇ ਰਹੇ ਹਨ | ਇਹ ਮਾਮਲਾ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨਸਾ ਅਤੇ ਮੁੱਖ ਸਕੱਤਰ ਸਾਹਬ ਦੇ ਵੀ ਧਿਆਨ ਵਿਚ ਲਿਆ ਕੇ ਇਸ ਸਮੱਸਿਆ ਦੇ ਢੁੱਕਵੇਂ ਹੱਲ ਲਈ ਉਹ ਲਗਾਤਾਰ ਸੰਪਰਕ ਵਿਚ ਹਨ ਅਤੇ ਇਸ ਦੇ ਸਿੱਟੇ ਵਜ਼ੋਂ ਪਿਛਲੇ ਦਿਨੀ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲੇ ਵਿਭਾਗ, ਪੰਜਾਬ ਮੰਤਰੀ ਸ੍ਰੀ ਰਵਜੋਤ ਸਿੰਘ ਦੁਆਰਾ ਅਰਬਨ ਇਨਫਰਾਸਟਰਕਚਰ ਫੰਡ ‘ਚੋਂ ਸ਼ਹਿਰ ਦੀ ਸੀਵਰੇਜ਼ ਸਮੱਸਿਆ ਅਤੇ ਸੜ੍ਹਕਾਂ ਦੀ ਮੁਰੰਮਤ ਲਈ ਕੁੱਲ 50 ਕਰੋੜ ਰੁਪਏ ਜਾਰੀ ਕੀਤੇ ਗਏ ਹਨ |
ਵਿਧਾਇਕ ਵਿਜੈ ਸਿੰਗਲਾ ਨੇ ਦੱਸਿਆ ਕਿ ਇਸ ਗਰਾਂਟ ਤਹਿਤ ਮਾਨਸਾ ਸੀਵਰੇਜ਼ ਟਰੀਟਮੈਂਟ ਪਲਾਂਟ ਤੋਂ ਸਰਹੰਦ ਚੋਅ ਤੱਕ ਪਾਈਪਲਾਈਨ ਪਾਉਣ ਦਾ ਕੰਮ ਚਲ ਰਿਹਾ ਹੈ ਅਤੇ ਇਹ ਕੰਮ ਮੁਕੰਮਲ ਹੋਣ ‘ਤੇ ਸੀਵਰੇਜ਼ ਓਵਰਫਲੋਅ ਅਤੇ ਮੀਂਹ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਪਾਣੀ ਸੀਵਰੇਜ਼ ਟਰੀਟਮੈਂਟ ਪਲਾਂਟ ਤੋਂ ਸਾਫ ਕਰਕੇ ਕੱਢਿਆ ਜਾਵੇਗਾ |
ਉਨ੍ਹਾਂ ਕਿਹਾ ਕਿ ਇਹ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਹੈ ਜਿਸ ਦਾ ਪੱਕਾ ਹੱਲ ਕਰਨਾ ਜ਼ਰੂਰੀ ਸੀ ਅਤੇ ਇਸ ਦੇ ਲਈ ਟੈਂਡਰ ਪ੍ਰਕਿਰਿਆ ਪੂਰੀ ਹੋਣ ਉਪਰੰਤ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਬਰਸਾਤ ਦਾ ਮੌਸਮ ਹੈ ਜਿਸ ਕਾਰਨ ਸ਼ਹਿਰ ‘ਚ ਜਮ੍ਹਾ ਹੋ ਰਹੇ ਪਾਣੀ ਦੀ ਆਰਜ਼ੀ ਨਿਕਾਸੀ ਲਈ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ, ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਲੱਗੇ ਹੋਏ ਹਨ |
ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਸਦਾ ਤਤਪਰ ਹਨ, ਕੁੱਝ ਮਹੀਨਿਆਂ ਦੇ ਵਿਚ ਸੀਵਰੇਜ਼ ਪਾਈਪਲਾਈਨ ਦਾ ਕੰਮ ਮੁਕੰਮਲ ਹੋ ਜਾਵੇਗਾ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ | ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦਾ ਸਹਿਯੋਗ ਕਰਨ ਅਤੇ ਲੋਕਾਂ ਦੇ ਸਹਿਯੋਗ ਨਾਲ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਮਮੱਸਿਆ ਨੂੰ ਜਲਦ ਹੱਲ ਕਰ ਲਿਆ ਜਾਵੇਗਾ |