ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਨੇ ਸੂਬਾ ਪੱਧਰੀ ਗ੍ਰੀਕੋ ਰੋਮਨ ਕੁਸ਼ਤੀ ਚੈਪੀਅਨਸ਼ਿੱਪ ਵਿਚੋਂ ਚਾਂਦੀ ਦਾ ਮੈਡਲ ਜਿੱਤਿਆ
ਬੰਗਾ , 12 ਜੂਨ 2025
ਨਹਿਰੂ ਸਟਡੀਅਮ ਜ਼ਿਲ੍ਹਾ ਫਰੀਦਕੋਟ ਵਿਖੇ ਬੀਤੇ ਦਿਨੀਂ ਹੋਈ ਗ੍ਰੀਕੋ ਰੋਮਨ ਪੰਜਾਬ ਸਟੇਟ ਕੁਸ਼ਤੀ ਚੈਪੀਅਨਸ਼ਿੱਪ (ਅੰਡਰ 15 ਸਾਲ) ਵਿਚ ਕੁਸ਼ਤੀ ਅਖਾੜੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨ ਹਰਮਨ ਸਿੰਘ ਪੁੱਤਰ ਸ੍ਰੀ ਗੁਰਬਖਸ਼ – ਸ੍ਰੀਮਤੀ ਰੇਖਾ ਰਾਣੀ ਪਿੰਡ ਮਜਾਰੀ ਨੇ 68 ਕਿਲੋ ਭਾਰ ਵਰਗ ਵਿਚ ਸ਼ਾਨਦਾਰ ਕੁਸ਼ਤੀ ਖੇਡ ਦਾ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਆਪਣੇ ਅਖਾੜੇ ਦਾ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕਰ ਕਮਲਾਂ ਨਾਲ ਅਖਾੜੇ ਵਿੱਚ ਜੇਤੂ ਪਹਿਲਵਾਨ ਹਰਮਨ ਸਿੰਘ ਦਾ ਸਨਮਾਨ ਕੀਤਾ ਅਤੇ ਹੌਂਸਲਾ ਅਫਜਾਈ ਕਰਦੇ ਹੋਏ ਉਸਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ । ਉਹਨਾਂ ਨੇ ਨੌਜਵਾਨ ਪਹਿਲਵਾਨ, ਉਸ ਦੇ ਮਾਪਿਆਂ ਅਤੇ ਕੁਸ਼ਤੀ ਕੋਚ ਸ੍ਰੀ ਬਲਬੀਰ ਸੋਂਧੀ ਨੂੰ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਵੀ ਦਿੱਤੀਆਂ । ਪਹਿਲਵਾਨਾਂ ਦੇ ਸਨਮਾਨ ਸਮਾਰੋਹ ਮੌਕੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ, ਸਰਬਜੀਤ ਸਿੰਘ ਸੱਬਾ ਸਾਬਕਾ ਸਰਪੰਚ ਬਾਹੜੋਵਾਲ, ਬਲਬੀਰ ਸੋਂਧੀ ਕੋਚ, ਮਾਸਟਰ ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਲਾਦੀਆਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਲੜਕੇ ਅਤੇ ਲੜਕੀਆਂ ਨੂੰ ਫਰੀ ਸਟਾਈਲ ਤੇ ਗ੍ਰੀਕੋ ਰੋਮਨ ਕੁਸ਼ਤੀ ਦੀ ਫਰੀ ਟਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ।