ਹਾਰਟ ਫ਼ੇਲੀਅਰ ਨਾਲ ਜੂਝ ਰਹੀ 31 ਸਾਲਾਂ ਲੜਕੀ ਦਾ ਢਾਹਾਂ ਕਲੇਰਾਂ ਹਸਪਤਾਲ ਵਿੱਚ ਹੋਇਆ ਸਫ਼ਲ ਇਲਾਜ
ਬੰਗਾ 12 ਦਸੰਬਰ 2025
ਪਿਛਲੇ ਚਾਰ ਦਹਾਕਿਆਂ ਤੋਂ ਮਿਆਰੀ ਸਿਹਤ ਸਹੂਲਤਾਂ ਲਈ ਜਾਣੀ ਜਾਂਦੀ ਦੁਆਬਾ ਖੇਤਰ ਦੀ ਮੋਹਰੀ ਸਿਹਤ ਸੰਸਥਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੈਡੀਕਲ ਵਿਭਾਗ ਦੇ ਮੁਖੀ ਡਾ. ਵਿਵੇਕ ਗੁੰਬਰ ਅਤੇ ਉਨ੍ਹਾਂ ਦੀ ਸਪਰਪਿਤ ਟੀਮ ਵੱਲੋਂ ਦਿਲ ਦੀ ਕਾਰਜ ਪ੍ਣਾਲੀ ਫੇਲ ਹੋਣ ਅਤੇ ਬਲੱਡ ਪੈ੍ਸ਼ਰ ਘਟਣ ਕਰਕੇ ਕੋਮਾ ਵਿੱਚ ਗਈ ਇਕੱਤੀ ਸਾਲ ਉਮਰ ਦੀ ਲੜਕੀ ਦਾ ਸਫਲ ਇਲਾਜ ਕਰਕੇ ਉਸ ਨੂੰ ਮੌਤ ਦੇ ਮੂੰਹ ‘ਚੋਂ ਬਾਹਰ ਕੱਢਣ ਵਿੱਚ ਕਾਮਯਾਬ ਰਹੀ ਹੈ । ਡਾ. ਵਿਵੇਕ ਗੁੰਬਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਕਤ ਲੜਕੀ ਬੇਹੱਦ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਲਿਆਂਦੀ ਗਈ ਸੀ । ਬਲੱਡ ਪੈ੍ਸ਼ਰ ਕਾਫੀ ਘੱਟ ਚੁੱਕਾ ਸੀ ਤੇ ਫੇਫ਼ੜਿਆਂ ਵਿੱਚ ਪਾਣੀ ਭਰ ਚੁੱਕਾ ਸੀ । ਮੁੱਢਲੀ ਜਾਂਚ ਦੌਰਾਨ ਕਰਵਾਏ ਜ਼ਰੂਰੀ ਟੈਸਟਾਂ ਨੇ ਵੀ ਉਕਤ ਬਿਮਾਰੀ ਦੀ ਪੁਸ਼ਟੀ ਕੀਤੀ । ਮਰੀਜ਼ ਦੀ ਹਾਲਤ ਨੂੰ ਧਿਆਨ ਵਿੱਚ ਰਖਦੇ ਹੋਏ ਉਸ ਨੂੰ ਆਈ.ਸੀ.ਯੂ. ਵਿਭਾਗ ਵਿੱਚ ਭਰਤੀ ਕੀਤਾ ਗਿਆ ਤੇ ਇਲਾਜ ਸ਼ੁਰੂ ਕੀਤਾ ਗਿਆ । ਡਾਕਟਰੀ ਟੀਮ ਦੀ ਦਿਨ-ਰਾਤ ਦੀ ਮਿਹਨਤ ਰੰਗ ਲਿਆਈ ਛੇ ਦਿਨ ਆਈ.ਸੀ.ਯੂ ਅਤੇ ਤਿੰਨ ਦਿਨ ਐਚ.ਡੀ.ਯੂ ਵਾਰਡ ਵਿੱਚ ਇਲਾਜ ਤੋਂ ਬਾਅਦ ਉਹ ਲੜਕੀ ਹੁਣ ਤੰਦਰੁਸਤ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰਜਨਾਂ ਨੇ ਮੈਡੀਕਲ ਸਪੈਸ਼ਲਿਸਟ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰਾਂ, ਨਰਸਿੰਗ ਸਟਾਫ ਦਾ ਹਾਰਦਿਕ ਧੰਨਵਾਦ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਵੀ ਡਾਕਟਰੀ ਟੀਮਾਂ ਦੀ ਯੋਗ ਰਹਿਨੁਮਾਈ ਲਈ ਧੰਨਵਾਦ ਕੀਤਾ । ਕਾਬਿਲੇਗੌਰ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇੱਕ ਛੱਤ ਹੇਠਾਂ ਵੱਖ ਵੱਖ ਡਾਕਟਰੀ ਵਿਭਾਗ ਮੌਜੂਦ ਹਨ ਜਿਨ੍ਹਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਵੱਲੋਂ ਮਰੀਜ਼ਾਂ ਦਾ ਮਿਆਰੀ ਇਲਾਜ ਕੀਤਾ ਜਾ ਰਿਹਾ ਹੈ ।






