28 ਪਾਵਨ ਸਰੂਪਾਂ ਦੇ ਮਾਮਲੇ ’ਚ ਬੋਲਣ ’ਤੇ ਪਾਬੰਦੀ ਸਿੱਖ ਅਸੂਲਾਂ, ਪੰਥਕ ਰਵਾਇਤਾਂ ਅਤੇ ਸੰਵਿਧਾਨਕ ਰੂਹ ਦੇ ਖਿਲਾਫ — ਪ੍ਰੋ. ਸਰਚਾਂਦ ਸਿੰਘ ਖਿਆਲਾ

0
8
28 ਪਾਵਨ ਸਰੂਪਾਂ ਦੇ ਮਾਮਲੇ ’ਚ ਬੋਲਣ ’ਤੇ ਪਾਬੰਦੀ ਸਿੱਖ ਅਸੂਲਾਂ, ਪੰਥਕ ਰਵਾਇਤਾਂ ਅਤੇ ਸੰਵਿਧਾਨਕ ਰੂਹ ਦੇ ਖਿਲਾਫ — ਪ੍ਰੋ. ਸਰਚਾਂਦ ਸਿੰਘ ਖਿਆਲਾ
ਅੰਮ੍ਰਿਤਸਰ, 2 ਫ਼ਰਵਰੀ —
ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ’ਕਾਰਜਕਾਰੀ ਜਥੇਦਾਰ ’ ਗਿਆਨੀ ਕੁਲਦੀਪ ਸਿੰਘ ਗਰਗੱਜ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਮੀਡੀਆ, ਸੋਸ਼ਲ ਮੀਡੀਆ ਅਤੇ ਸਮੂਹ ਧਿਰਾਂ ’ਤੇ ਬੋਲਣ ਲਈ ਲਗਾਈ ਗਈ ਪਾਬੰਦੀ ’ਤੇ ਸਖ਼ਤ ਇਤਰਾਜ਼ ਜਤਾਇਆ ਹੈ ਅਤੇ ਇਸ ਪਾਬੰਦੀ ਨੂੰ ਸਿੱਖੀ ਦੇ ਮੂਲ ਅਸੂਲਾਂ, ਪੰਥਕ ਪਰੰਪਰਾਵਾਂ ਅਤੇ ਭਾਰਤੀ ਸੰਵਿਧਾਨ ਦੀ ਰੂਹ ਨਾਲ ਸਿੱਧਾ ਟਕਰਾਅ ਕਰਾਰ ਦਿੱਤਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ, “ਸੱਚ ਕਹਿਣਾ, ਅਨਿਆਇ ਦੇ ਖਿਲਾਫ ਬੋਲਣਾ ਅਤੇ ਜ਼ੁਲਮ ਉੱਤੇ ਸਵਾਲ ਉਠਾਉਣਾ।”  ਪੰਥਕ ਜੈਕਾਰਾ “ਜੋ ਬੋਲੇ ਸੋ ਨਿਹਾਲ” ਸਿਰਫ਼ ਨਾਅਰਾ ਨਹੀਂ, ਬਲਕਿ ਸਿੱਖੀ ਦੀ ਜਾਗਰੂਕਤਾ, ਦ੍ਰਿੜਤਾ ਅਤੇ ਨੈਤਿਕ ਹਿੰਮਤ ਦਾ ਪ੍ਰਤੀਕ ਹੈ। ਇਸ ਅਸੂਲ ਦੇ ਉਲਟ, ਬੋਲਣ ਵਾਲਿਆਂ ਦੇ ਮੂੰਹ ’ਤੇ “ਛਿੱਕੂ ਪਾਉਣ” ਦੀ ਸੋਚ ਸਿੱਖ ਪਰੰਪਰਾ ਨਾਲ ਮੇਲ ਨਹੀਂ ਖਾਂਦੀ।
ਉਨ੍ਹਾਂ ਕਿਹਾ ਕਿ ਇਹ ਸਪਸ਼ਟ ਕੀਤਾ ਜਾਣਾ ਜ਼ਰੂਰੀ ਹੈ ਕਿ ਜਥੇਦਾਰ ਦਾ ਅਧਿਕਾਰ ਖੇਤਰ ਸਿੱਧਾਂਤ ਅਤੇ ਧਾਰਮਿਕ ਮਰਯਾਦਾ ਦੀ ਰਾਖੀ ਦਾ ਹੈ, ਨਾ ਕਿ ਮੀਡੀਆ ਦੀ ਆਜ਼ਾਦੀ, ਲੋਕਤੰਤਰਕ ਸਵਾਲਾਂ ਅਤੇ ਨਾਗਰਿਕ ਅਧਿਕਾਰਾਂ ਨੂੰ ਰੋਕਣ ਦਾ।
ਪ੍ਰੋ. ਖਿਆਲਾ ਨੇ ਕਿਹਾ ਕਿ 328 ਪਾਵਨ ਸਰੂਪਾਂ ਦਾ ਮਾਮਲਾ ਕਿਸੇ ਇੱਕ ਸੰਸਥਾ ਜਾਂ ਸਰਕਾਰ ਦਾ ਨਹੀਂ, ਬਲਕਿ ਸਮੂਹ ਪੰਥ ਅਤੇ ਕੌਮ ਦੀ ਸਾਂਝੀ ਚਿੰਤਾ ਹੈ।  ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਨਿਜਾਮ ਦੀ ਭੂਮਿਕਾ ਅਤੇ ਪ੍ਰਸ਼ਾਸਕੀ ਕਮੀਆਂ ਉੱਤੇ ਸਵਾਲ ਉਠਾਉਣਾ ਨਾ ਤਾਂ ਕੋਈ ਕੁਤਾਹੀ ਹੈ ਅਤੇ ਨਾ ਹੀ ਬੇਅਦਬੀ, ਸਗੋਂ ਇਹ ਪੰਥਕ ਫ਼ਰਜ਼ ਹੈ।
ਉਨ੍ਹਾਂ ਕਿਹਾ ਕਿ “ਮੀਡੀਆ ਟ੍ਰਾਇਲ” ਦੇ ਨਾਂ ’ਤੇ ਪੂਰੀ ਮੀਡੀਆ ਆਵਾਜ਼ ਨੂੰ ਚੁੱਪ ਕਰਵਾਉਣਾ, ਨਾ ਤਾਂ ਸੱਚ ਦੀ ਰਾਖੀ ਕਰਦਾ ਹੈ ਅਤੇ ਨਾ ਹੀ ਸਿੱਖ ਭਾਵਨਾਵਾਂ ਦੀ। ਸੱਚ ਦੀ ਰਾਖੀ ਪਾਰਦਰਸ਼ਤਾ, ਜਵਾਬਦੇਹੀ ਅਤੇ ਖੁੱਲੇ ਸੰਵਾਦ ਨਾਲ ਹੁੰਦੀ ਹੈ, ਪਾਬੰਦੀਆਂ ਨਾਲ ਨਹੀਂ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਵੀ ਚਿੰਤਾਜਨਕ ਹੈ ਕਿ ਇੱਕ ਪਾਸੇ ਜਾਂਚ ਏਜੰਸੀਆਂ, ਅਤੇ ਸ੍ਰੋਮਣੀ ਕਮੇਟੀ ਸ਼ੱਕ ਦੇ ਘੇਰੇ ’ਚ ਹੋਣ ਅਤੇ ਦੂਜੇ ਪਾਸੇ ਸਿੱਖ ਬੁੱਧੀਜੀਵੀ, ਪੱਤਰਕਾਰ ਅਤੇ ਸੰਗਤ ਨੂੰ ਚੁੱਪ ਰਹਿਣ ਲਈ ਕਿਹਾ ਜਾਵੇ। ਇਹ ਦੋਹਰਾ ਮਾਪਦੰਡ ਨਿਰਾਸ਼ਾਜਨਕ ਅਤੇ ਅਸਵੀਕਾਰਯੋਗ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਬੋਚ ਅਥਾਰਟੀ ਹੈ, ਪਰ ਉਸ ਦੀ ਮਹਾਨਤਾ ਡਰ ਜਾਂ ਪਾਬੰਦੀ ਰਾਹੀ ਖਾਮੋਸ਼ ਕਰਨ ਨਾਲ ਨਹੀਂ, ਬਲਕਿ ਸੱਚ, ਨਿਆਂ ਅਤੇ ਨਿਡਰ ਆਵਾਜ਼ ਨਾਲ ਕਾਇਮ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਉੱਤੇ ਪੰਥਕ ਪਦਵੀਆਂ ਦਾ ਮਾਣ ਅਤੇ ਪਰੰਪਰਾਵਾਂ-ਰਵਾਇਤਾਂ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹੈ, ਉਹੀ ਲੋਕ ਅੱਜ ਸਿਆਸੀ ਢਾਲ ਬਣ ਕੇ ਸਿੱਖੀ ਭਾਵਨਾਵਾਂ ਅਤੇ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਫੈਸਲਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਭਾ ਅਤੇ ਜਥੇਦਾਰੀ ਦੇ ਰੁਤਬੇ ਨੂੰ ਗੰਭੀਰ ਢਾਹ ਲਾਈ ਹੈ। ਉਨ੍ਹਾਂ ਪੰਥਕ ਪਦਵੀਆਂ ’ਤੇ ਬਿਰਾਜਮਾਨ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਿਆਸੀ ਧਿਰ ਜਾਂ ਸਿਆਸੀ ਏਜੰਡੇ ਦਾ ਸੰਦ ਨਾ ਬਣਨ, ਬਲਕਿ ਪੰਥਕ ਮਰਯਾਦਾ, ਸਿੱਖ ਅਸੂਲਾਂ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਜ਼ਿੰਮੇਵਾਰੀ ਦੇ ਅਨੁਸਾਰ ਹੀ ਆਪਣੀ ਭੂਮਿਕਾ ਨਿਭਾਉਣ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅੰਤ ਵਿੱਚ ਸਪਸ਼ਟ ਕੀਤਾ ਕਿ ਸਿੱਖੀ ਅਸੂਲਾਂ ਅਨੁਸਾਰ ਸੱਚ ਬੋਲਣਾ, ਸਵਾਲ ਪੁੱਛਣਾ ਅਤੇ ਜਵਾਬ ਮੰਗਣਾ ਨਾ ਤਾਂ ਗੁਸਤਾਖੀ ਹੈ ਅਤੇ ਨਾ ਹੀ ਬਗਾਵਤ—ਇਹੀ ਗੁਰੂ ਦੀ ਸਿੱਖਿਆ ਹੈ।

LEAVE A REPLY

Please enter your comment!
Please enter your name here