35 ਸਾਲ ਪਹਿਲਾਂ ਚਲਾਇਆ ‘ਬਾਲ ਪ੍ਰੀਤ ਮਿਲਣੀ ਕਾਫ਼ਲਾ’- ਡਾ. ਰਮਾ ਰਤਨ 

0
8
35 ਸਾਲ ਪਹਿਲਾਂ ਚਲਾਇਆ ‘ਬਾਲ ਪ੍ਰੀਤ ਮਿਲਣੀ ਕਾਫ਼ਲਾ’- ਡਾ. ਰਮਾ ਰਤਨ
ਪੰਜਾਬ ਵਿੱਚ ਕੀਤਾ ਪੁਸਤਕ ਅਤੇ ਬਾਲ ਸੱਭਿਆਚਾਰ ਦਾ ਪ੍ਰਚਾਰ
ਮਾਹਿਲਪੁਰ , 11 ਅਕਤੂਬਰ 2025:
35 ਸਾਲ ਪਹਿਲਾਂ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ ਸੀ ਬਾਲ ਪ੍ਰੀਤ ਮਿਲਣੀ ਕਾਫ਼ਲਾ। ਜਿਸ ਰਾਹੀਂ ਪੂਰੇ ਪੰਜਾਬ ਵਿੱਚ ਪੁਸਤਕ ਅਤੇ ਬਾਲ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਗਿਆ। ਇਹ ਵਿਚਾਰ ਪੰਜਾਬੀ ਬਾਲ ਸਾਹਿਤ ਤੇ ਪਹਿਲੀ ਪੀਐਚਡੀ ਕਰਨ ਵਾਲੇ ਅਤੇ ਬਾਲ ਪ੍ਰੀਤ ਮਿਲਣੀ ਕਾਫ਼ਲੇ ਦੇ ਮੁੱਖ ਨਿਰਦੇਸ਼ਕ ਡਾਕਟਰ ਰਮਾ ਰਤਨ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਉਸ ਸਮੇਂ ਚਰਚਿਤ ਕਲਾਕਾਰ ਕਮਲਜੀਤ ਨੀਲੋਂ ਨਾਲ ਬੱਚਿਆਂ ਦੀਆਂ ਵੰਨਗੀਆਂ ਪੇਸ਼ ਕਰਨ ਵਾਲੇ ਬਾਲ ਕਲਾਕਾਰ ਮਾਹਿਲਪੁਰ ਵਿੱਚ ਇੱਕ ਹਫ਼ਤੇ ਦੀ ਵਰਕਸ਼ਾਪ ਲਗਾ ਕੇ ਤਿਆਰ ਕੀਤੇ ਗਏ ਸਨ। ਇਸ ਵਰਕਸ਼ਾਪ ਦਾ ਪ੍ਰਬੰਧ ਐਸ ਐਸ ਅਸ਼ੋਕ ਭੌਰਾ, ਬਲਜਿੰਦਰ ਮਾਨ ਅਤੇ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਵੱਲੋਂ ਕੀਤਾ ਗਿਆ ਸੀ। ਇੱਥੋਂ ਤਿਆਰ ਕੀਤੇ ਬੱਚੇ ਜਿੱਥੇ ਪੂਰੇ ਪੰਜਾਬ ਵਿੱਚ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਰਹੇ ਉੱਥੇ ਉਹਨਾਂ ਕਮਲਜੀਤ ਨੀਲੋਂ ਦੀਆਂ ਕੈਸਿਟਾਂ ਵਿੱਚ ਆਪਣੀਆਂ ਸੁਰੀਲੀਆਂ ਆਵਾਜ਼ਾਂ ਵੀ ਰਿਕਾਰਡ ਕਰਵਾਈਆਂ। ਸ਼ੌਂਕੀ ਟਰੱਸਟ ਅਤੇ ਸੰਗਮ ਪਬਲਿਕ ਸਕੂਲ ਦੇ ਇਹਨਾਂ ਵਿਦਿਆਰਥੀਆਂ ਨੇ ਸੱਭਿਆਚਾਰ ਦੇ ਇਤਿਹਾਸਕ ਪੰਨਿਆਂ ਤੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ। ਉਹਨਾਂ ਅੱਗੇ ਕਿਹਾ ਕਿ ਬਾਲ ਪ੍ਰੀਤ ਮਿਲਣੀ ਕਾਫ਼ਲੇ ਤੋਂ ਪ੍ਰੇਰਿਤ ਹੋ ਕੇ ਹੀ ਬਲਜਿੰਦਰ ਮਾਨ ਨੇ 1995 ਵਿੱਚ ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਹੋਣ ਵਾਲਾ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਸ਼ੁਰੂ ਕੀਤਾ ਸੀ। ਜਿਸ ਨੇ 30 ਸਾਲਾਂ ਦਾ ਸਫ਼ਰ ਬੜੀ ਸ਼ਾਨ ਨਾਲ ਪੂਰਾ ਕੀਤਾ ਹੈ ਅਤੇ 31ਵੇਂ ਵਰ੍ਹੇ ਵਿੱਚ ਪ੍ਰਵੇਸ਼ ਹੋ ਰਿਹਾ ਹੈ। ਇਸ ਪ੍ਰਕਾਰ ਮਾਹਿਲਪੁਰ ਦਾ ਨਾਂ ਫੁੱਟਬਾਲ ਤੋਂ ਬਾਅਦ ਪੰਜਾਬੀ ਬਾਲ ਸਾਹਿਤ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਕਲਾਕਾਰ ਕਮਲਜੀਤ ਨੀਲੋਂ ਨੇ ਆਪਣੇ ਗੀਤਾਂ ਨਾਲ ਖੂਬ ਰੌਣਕ ਲਾਈ ਅਤੇ ਕਿਹਾ ਕਿ ਇਹ ਕਾਫ਼ਲਾ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀ ਪਨੀਰੀ ਅਮੀਰ ਨੈਤਿਕ ਕਦਰਾਂ ਕੀਮਤਾਂ ਨਾਲ ਜੁੜੀ ਰਹੇ। ਪੁਸਤਕ ਸੱਭਿਆਚਾਰ ਤੋਂ ਟੁੱਟ ਕੇ ਨਵੀਂ ਪਨੀਰੀ ਨਿਘਾਰ ਵੱਲ ਵਧ ਰਹੀ ਹੈ। ਇਸ ਲਈ ਸਾਡੀ ਇਹ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਆਂ ਖਿੜ ਰਹੀਆਂ ਕਰੂੰਬਲਾਂ ਨੂੰ ਪਾਏਦਾਰ ਸਾਹਿਤ ਅਤੇ ਨਰੋਈਆਂ ਸੱਭਿਆਚਾਰਕ ਸਰਗਰਮੀਆਂ ਨਾਲ ਜੋੜ ਕੇ ਸੰਵਾਰੀਏ ਤੇ ਸ਼ਿੰਗਾਰੀਏ।
      ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਇਸ ਮੌਕੇ ਕਿਹਾ ਕਿ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਆਪਣੀ ਸਮਰੱਥਾ ਅਨੁਸਾਰ ਬੱਚਿਆਂ ਅੰਦਰ ਸਾਹਿਤਕ ਅਤੇ ਕਲਾਤਮਿਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਨਿਰੰਤਰ ਜਾਰੀ ਰੱਖੇ ਹੋਏ ਹਨ। ਹਰ ਸਾਲ ਬਾਲ ਦਿਵਸ ਮੌਕੇ ਬੱਚਿਆਂ ਦੇ ਸਾਹਿਤ ਸਿਰਜਣਾ ਮੁਕਾਬਲੇ ਕਰਵਾ ਕੇ ਜਿੱਥੇ ਉਹਨਾਂ ਨੂੰ ਪੁਸਤਕਾਂ ਦੇ ਸੈਟ ਦਿੱਤੇ ਜਾਂਦੇ ਹਨ ਉੱਥੇ ਨਗਦ ਇਨਾਮਾਂ ਨਾਮਾ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ। ਸਰਪ੍ਰਸਤ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਉਹਨਾਂ ਵੱਲੋਂ ਕੋਸ਼ਿਸ਼ ਹੋਵੇਗੀ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਝ ਸਕੂਲਾਂ ਵਿੱਚ ਇਸ ਬਾਲ ਕਾਫ਼ਲੇ ਨੂੰ ਮੁੜ ਤੋਂ ਚਲਾਇਆ ਜਾਵੇ। ਇਸ ਮੌਕੇ ਨਰਿੰਦਰ ਕੁਮਾਰ ,ਚੈਂਚਲ ਸਿੰਘ ਬੈਂਸ, ਸੁਖਮਨ ਸਿੰਘ, ਪ੍ਰਿੰਸੀਪਲ ਮਨਜੀਤ ਕੌਰ, ਨਿਧੀ ਅਮਨ ਸਹੋਤਾ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਪਵਨ ਸਕਰੂਲੀ ਅਤੇ ਮਨਜਿੰਦਰ ਹੀਰ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ। ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।
ਫੋਟੋ: ਡਾ. ਰਮਾ ਰਾਤਨ ਨੂੰ ਪੁਸਤਕਾਂ ਭੇਂਟ ਕਰਦੇ ਹੋਏ ਬਲਜਿੰਦਰ ਮਾਨ, ਕਮਲਜੀਤ ਨੀਲੋਂ ਅਤੇ ਨਰਿੰਦਰ ਕੁਮਾਰ ਆਦਿ।

LEAVE A REPLY

Please enter your comment!
Please enter your name here