ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਰਲਡ ਪੋਲੀਓ ਦਿਵਸ ਨੂੰ ਸਮਰਪਿਤ ਪੋਲੀਉ ਜਾਗਰੁਕਤਾ ਸੈਮੀਨਾਰ
ਬੰਗਾ 25 ਅਕਤੂਬਰ , 2025
ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਇੰਟਰਨੈਸਨਲ ਦੇ ਮਿਸ਼ਨ “ਐਂਡ ਪੋਲੀਓ ਨਾਓ” ਅਧੀਨ ‘ਵਰਲਡ ਪੋਲੀਓ ਡੇ’ ਨੂੰ ਸਮਰਪਿਤ ਜਾਗੁਰਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਪ੍ਰਧਾਨ ਸ੍ਰੀ ਪਰਵੀਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਿਸ਼ਨ “ਐਂਡ ਪੋਲੀਓ ਨਾਓ” ਅਧੀਨ ਹੋ ਰਹੇ ਜਾਗਰੂਕਤਾ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦਾ ਸੈਮੀਨਾਰ ਨੂੰ ਕਾਮਯਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦੇਣ ਲਈ ਹਾਰਦਿਕ ਧੰਨਵਾਦ ਵੀ ਕੀਤਾ । ਉਪਰੰਤ ਰੋਟਰੀ ਡਿਸਟ੍ਰਿਕਟ 3070 ਦੇ ਰਿਜਨਲ ਚੇਅਰ ਐਂਡ ਪੋਲੀਓ ਸ੍ਰੀ ਰਾਜ ਕੁਮਾਰ ਬਜਾੜ ਨੇ ਇੰਟਰਨੈਸਨਲ ਦੇ “ਐਂਡ ਪੋਲੀਓ ਨਾਉ ” ਮਿਸ਼ਨ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਦੁਨੀਆਂ ਭਰ ਨੂੰ ਪੋਲੀਉ ਮੁਕਤ ਕਰਨ ਲਈ ਰੋਟਰੀ ਕਲੱਬ ਕੀਤੇ ਉੱਦਮਾਂ ਬਾਰੇ ਜਾਣਕਾਰੀ ਦਿੱਤੀ । ਸੈਮੀਨਾਰ ਦੇ ਮੁੱਖ ਬੁਲਾਰੇ ਸਾਬਕਾ ਲੈਫਟੀਨੈਂਟ ਕਰਨਲ ਸ. ਸ਼ਰਨਜੀਤ ਸਿੰਘ ਮੀਤ ਪ੍ਰਧਾਨ ਰੋਟਰੀ ਕਲੱਬ ਬੰਗਾ ਵੱਲੋਂ ਸਲਾਈਡ ਸ਼ੋਅ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਨੇ ਲੋਕ ਸੇਵਾ ਦਾ ਇਹ ਮਿਸ਼ਨ ਸਾਲ 1979 ਵਿੱਚ ਫਿਲੀਪੀਨਜ਼ ਦੇਸ਼ ਤੋਂ ਆਰੰਭ ਕੀਤਾ ਸੀ ਅਤੇ 1985 ਤੋਂ ਪੂਰੀ ਦੁਨੀਆਂ ਨੂੰ ਪੋਲੀਉ ਮੁਕਤ ਕਰਨ ਲਈ ਇਸ ਮਿਸ਼ਨ ਤੇ ਲਗਾਤਾਰ ਕੰਮ ਕਰ ਰਿਹਾ ਹੈ । ਇਸ ਲਈ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਨੂੰ ਰੋਟਰੀ ਇੰਟਰਨੈਸ਼ਨਲ ਵੱਲੋਂ ਪੋਲੀਓ ਦੀ ਵੈਕਸੀਨ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ । ਹੁਣ ਤੱਕ ਐਂਡ ਪੋਲੀਓ ਮਿਸ਼ਨ ‘ਤੇ 2.5 ਮਿਲੀਅਨ ਡਾਲਰ ਖ਼ਰਚ ਆ ਚੁੱਕਾ ਹੈ ਅਤੇ ਪੋਲੀਓ ਬਿਮਾਰੀ ਨੂੰ ਜੜੋਂ ਖਤਮ ਕਰਨ ਤੱਕ ਲਗਾਤਾਰ ਇਹ ਮਿਸ਼ਨ ਨਿਰੰਤਰ ਚੱਲਦਾ ਰਹੇਗਾ । ਉਨ੍ਹਾਂ ਨੇ ਦੱਸਿਆ ਕਿ ਇਸ ਸਾਲ 2025 ਵਿਚ ਪੋਲੀਓ ਦੇ ਸਿਰਫ 36 ਨਵੇਂ ਕੇਸ ਮਿਲੇ ਹਨ, ਜਿਨ੍ਹਾਂ ਵਿੱਚ 29 ਪਾਕਿਸਤਾਨ ਅਤੇ 7 ਅਫ਼ਗ਼ਾਨਿਸਤਾਨ ਵਿੱਚ ਹਨ । ਜਦ ਕਿ 1980 ਦੇ ਦਹਾਕੇ ਦੀ ਗੱਲ ਕਰੀਏ ਤਾਂ ਉਸ ਸਮੇਂ ਹਰ ਸਾਲ ਪੋਲੀਓ ਦੇ 3.5 ਲੱਖ ਨਵੇਂ ਮਰੀਜ਼ ਮਿਲਦੇ ਸਨ । ਮੁੱਖ ਬੁਲਾਰੇ ਸ਼ਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਅਗਲੇ 4 ਸਾਲਾਂ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੂਰੀ ਦੁਨੀਆਂ ਤੋਂ ਪੋਲੀਓ ਦੀ ਬਿਮਾਰੀ ਨੂੰ ਖਤਮ ਕਰ ਦਿੱਤਾ ਜਾਵੇਗਾ । ਹਸਪਤਾਲ ਦੇ ਨਰਸਿੰਗ ਸੁਪਰਡੈਂਟ ਮੈਡਮ ਦਵਿੰਦਰ ਕੌਰ ਨੇ ਰੋਟਰੀ ਕਲੱਬ ਬੰਗਾ ਦਾ ਪੋਲੀਉ ਜਾਗਰੁਕਤਾ ਸੈਮੀਨਾਰ ਕਰਵਾਉਣ ਲਈ ਧੰਨਵਾਦ ਕੀਤਾ । ਇਸ ਸੈਮੀਨਾਰ ਵਿੱਚ ਰੋਟਰੀ ਕਲੱਬ ਬੰਗਾ ਦੇ ਮੈਂਬਰਾਂ ਤੋਂ ਇਲਾਵਾ ਸ੍ਰੀ ਵਿਜੇ ਗੁਣਾਚੌਰ ਸੀਨੀਅਰ ਮੈਂਬਰ ਕਲੱਬ, ਮੈਡਮ ਰਸ਼ਪਾਲ ਕੌਰ, ਸ੍ਰੀ ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਸੈਂਟਰ, ਸ੍ਰੀ ਵੇਦ ਪ੍ਰਕਾਸ਼ ਇੰਚਾਰਜ ਰੇਡੀਉਲੋਜੀ ਵਿਭਾਗ, ਸਮੂਹ ਵਾਰਡ ਇੰਚਾਰਜ, ਸਮੂਹ ਸਟਾਫ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ ।







