‘5 ਮਿੰਟ ‘ਚ ਐਮਐਸਪੀ’ ਦਾ ਵਾਅਦਾ ਕਰਨ ਵਾਲੇ ਹੁਣ ਮੈਦਾਨ ਛੱਡ ਕੇ ਭੱਜੇ- ਬ੍ਰਹਮਪੁਰਾ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ , 20 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਦਿੱਤੇ ਗਏ ਅਸਤੀਫ਼ੇ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਅਤੇ ਜ਼ਿੰਮੇਵਾਰੀ ਤੋਂ ਭੱਜਣ ਦੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਤੋਂ ਵੋਟਾਂ ਬਟੋਰੀਆਂ ਸਨ,ਅੱਜ ਉਹੀ ਆਗੂ ਆਪਣੀ ਸਰਕਾਰ ਦੀ ਨਾਕਾਮੀ ਨੂੰ ਦੇਖ ਕੇ ਅਸਤੀਫ਼ੇ ਦੇ ਕੇ ਪਾਸਾ ਵੱਟ ਰਹੇ ਹਨ।ਸ.ਬ੍ਰਹਮਪੁਰਾ ਨੇ 2022 ਦੀਆਂ ਚੋਣਾਂ ਵੇਲੇ ਦੇ ‘ਆਪ’ ਦੇ ਵਾਅਦਿਆਂ ਨੂੰ ਯਾਦ ਦਿਵਾਉਂਦਿਆਂ ਕਿਹਾ, ਕਿ ਇਹ ਉਹੀ ਆਗੂ ਹਨ ਜੋ ਹਿੱਕ ਠੋਕ ਕੇ ਕਹਿੰਦੇ ਸਨ ਕਿ ਸਾਡੀ ਸਰਕਾਰ ਆਉਣ ‘ਤੇ 5 ਮਿੰਟ ਵਿੱਚ ਹਰ ਫ਼ਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦਿੱਤਾ ਜਾਵੇਗਾ। ਅੱਜ ਢਾਈ-ਤਿੰਨ ਸਾਲ ਬੀਤ ਗਏ ਹਨ,ਪਰ ਘੱਟੋ-ਘੱਟ ਸਮਰਥਨ ਮੁੱਲ ਤਾਂ ਦੂਰ,ਕਿਸਾਨਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ।ਜਦੋਂ ਲੋਕਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਜਵਾਬ ਦੇਣ ਦੀ ਬਜਾਏ ਅਸਤੀਫ਼ਾ ਦੇ ਕੇ ਮੈਦਾਨ ਛੱਡਣਾ ਕਿਹੜੀ ਸਿਆਸਤ ਹੈ?ਉਨ੍ਹਾਂ ਕਿਹਾ ਕਿ ਇਹ ਅਸਤੀਫ਼ਾ ਸਿਰਫ਼ ਇੱਕ ਵਿਧਾਇਕ ਦਾ ਨਹੀਂ, ਸਗੋਂ ਪੂਰੀ ‘ਆਪ’ ਸਰਕਾਰ ਦੀ ਸਮੂਹਿਕ ਨਾਕਾਮੀ ਦਾ ਪ੍ਰਤੀਕ ਹੈ।ਭਗਵੰਤ ਮਾਨ ਸਰਕਾਰ ਹਰ ਫ਼ਰੰਟ ‘ਤੇ ਫੇਲ੍ਹ ਸਾਬਤ ਹੋਈ ਹੈ,ਭਾਵੇਂ ਉਹ ਕਿਸਾਨਾਂ ਦਾ ਮੁੱਦਾ ਹੋਵੇ,ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ,ਜਾਂ ਅਮਨ-ਕਾਨੂੰਨ ਦੀ ਸਥਿਤੀ ਹੋਵੇ।ਇਸੇ ਨਿਰਾਸ਼ਾ ਕਾਰਨ ਹੁਣ ‘ਆਪ’ ਦੇ ਆਪਣੇ ਹੀ ਵਿਧਾਇਕ ਸਰਕਾਰ ਦਾ ਸਾਥ ਛੱਡ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਜਨਤਾ ਵਿੱਚ ਜਾਣ ਦੇ ਕਾਬਲ ਨਹੀਂ ਰਹੇ।ਸ.ਬ੍ਰਹਮਪੁਰਾ ਨੇ ਕਿਹਾ ਕਿ ਅਸਤੀਫ਼ਾ ਦੇਣ ਨਾਲ ‘ਆਪ’ ਆਗੂਆਂ ਦੇ ਗੁਨਾਹ ਮਾਫ਼ ਨਹੀਂ ਹੋਣਗੇ।ਪੰਜਾਬ ਦੇ ਲੋਕਾਂ ਨੇ ਜਿਸ ਵੱਡੇ ਬਦਲਾਅ ਦੀ ਉਮੀਦ ਨਾਲ ‘ਆਪ’ ਨੂੰ ਵੋਟਾਂ ਪਾਈਆਂ ਸਨ,ਉਸ ਉਮੀਦ ਨੂੰ ਤੋੜਨ ਦਾ ਜਵਾਬ ਤਾਂ ਇਨ੍ਹਾਂ ਨੂੰ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਹੇਗਾ ਅਤੇ ਇਨ੍ਹਾਂ ਝੂਠੇ ਵਾਅਦਿਆਂ ਦਾ ਹਿਸਾਬ ਲੈ ਕੇ ਰਹੇਗਾ।