ਮਾਨ ਸਾਹਿਬ!ਨਵੇਂ ਐਲਾਨ ਰਹਿਣ ਦਿਓ,ਸਾਡੇ ਅਧੂਰੇ ਸਟੇਡੀਅਮ ਹੀ ਪੂਰੇ ਕਰ ਦਿਓ,ਮੈਂ ਨਿੱਜੀ ਤੌਰ ‘ਤੇ ਧੰਨਵਾਦੀ ਹੋਵਾਂਗਾ- ਬ੍ਰਹਮਪੁਰਾ
ਖੇਡ ਮੈਦਾਨ ਕਾਗਜ਼ਾਂ ‘ਚ ਨਹੀਂ,ਹਕੀਕਤ ਵਿੱਚ ਚਾਹੀਦੇ- ਰਵਿੰਦਰ ਬ੍ਰਹਮਪੁਰਾ
ਚੋਹਲਾ ਸਾਹਿਬ/ਤਰਨ ਤਾਰਨ ,14 ਜੁਲਾਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 12,500 ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਦੇ ਐਲਾਨ ਨੂੰ ਇੱਕ ਹੋਰ ‘ਹਵਾਈ ਜੁਮਲਾ’ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੋਖਲੇ ਐਲਾਨਾਂ ਤੋਂ ਅੱਕ ਚੁੱਕੇ ਹਨ ਅਤੇ ਧਰਾਤਲ ‘ਤੇ ਕੰਮ ਦੇਖਣਾ ਚਾਹੁੰਦੇ ਹਨ।ਆਪਣੇ ਹਲਕੇ ਦਾ ਦੌਰਾ ਕਰਨ ਦੌਰਾਨ ਇਤਿਹਾਸਕ ਨਗਰ ਚੋਹਲਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ.ਬ੍ਰਹਮਪੁਰਾ ਨੇ ਕਿਹਾ,ਮੁੱਖ ਮੰਤਰੀ ਸਾਹਿਬ ਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਫ਼ਿਕਰ ਸ਼ਲਾਘਾਯੋਗ ਹੈ,ਪਰ ਇਸਦਾ ਹੱਲ ਨਵੇਂ ਹਵਾਈ ਐਲਾਨਾਂ ਵਿੱਚ ਨਹੀਂ,ਬਲਕਿ ਪਹਿਲਾਂ ਤੋਂ ਮੌਜੂਦ ਅਧੂਰੇ ਪ੍ਰਾਜੈਕਟਾਂ ਨੂੰ ਪੂਰਾ ਕਰਨ ਵਿੱਚ ਹੈ। ਸਾਡੇ ਨੌਜਵਾਨਾਂ ਨੂੰ ਖੇਡਾਂ ਦੇ ਮੈਦਾਨਾਂ ਦੀ ਲੋੜ ਅੱਜ ਹੈ, ਕਾਗਜ਼ੀ ਵਾਅਦਿਆਂ ਦੀ ਨਹੀਂ।ਉਨ੍ਹਾਂ ਸਿੱਧਾ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ, ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਉਹ ਨਵੇਂ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ,ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਏ ਅਤੇ ਹੁਣ ਅਧੂਰੇ ਪਏ ਵਿਸ਼ਾਲ ਖੇਡ ਸਟੇਡੀਅਮ ‘ਤੇ ਧਿਆਨ ਦੇਣ।ਜੇਕਰ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੀ ਨੇਪਰੇ ਚਾੜ੍ਹ ਦੇਣ,ਤਾਂ ਮੈਂ ਅਤੇ ਮੇਰੇ ਹਲਕੇ ਦੇ ਲੋਕ ਉਨ੍ਹਾਂ ਦੇ ਨਿੱਜੀ ਤੌਰ ‘ਤੇ ਧੰਨਵਾਦੀ ਹੋਣਗੇ।ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ‘ਆਪ’ ਸਰਕਾਰ ਦੀ ਸਾਂਝੀ ਨਾਲਾਇਕੀ ਕਾਰਨ ਇਹ ਅਹਿਮ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ,ਜਿਸਦਾ ਸਿੱਧਾ ਖਮਿਆਜ਼ਾ ਸਾਡੇ ਨੌਜਵਾਨ ਭੁਗਤ ਰਹੇ ਹਨ ਜੋ ਅੱਜ ਵੀ ਸਹੂਲਤਾਂ ਤੋਂ ਵਾਂਝੇ ਹਨ।ਸ.ਬ੍ਰਹਮਪੁਰਾ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਵੀਆਂ ਨੀਹਾਂ ਰੱਖਣ ਦੀ ਬਜਾਏ, ਪੁਰਾਣੀਆਂ ਉਡੀਕ ਰਹੀਆਂ ਇਮਾਰਤਾਂ ਦੀਆਂ ਛੱਤਾਂ ਪੂਰੀਆਂ ਕਰਨਾ ਜ਼ਿਆਦਾ ਜ਼ਰੂਰੀ ਹੈ।ਸ੍ਰੀ ਗੋਇੰਦਵਾਲ ਸਾਹਿਬ ਦਾ ਇਹ ਸਟੇਡੀਅਮ, ਜਿਸ ਲਈ ਜ਼ਮੀਨ ਮੌਜੂਦ ਹੈ,ਥੋੜ੍ਹੀ ਜਿਹੀ ਲਾਗਤ ਨਾਲ ਹੀ ਤਿਆਰ ਹੋ ਸਕਦਾ ਹੈ ਅਤੇ ਸਾਡੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਇੱਕ ਵੱਡਾ ਤੋਹਫ਼ਾ ਮਿਲ ਸਕਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਖਿਲਾਫ਼ ਅਸਲ ਜੰਗ ਥਾਣਿਆਂ ਤੋਂ ਨਹੀਂ,ਖੇਡ ਮੈਦਾਨਾਂ ਤੋਂ ਸ਼ੁਰੂ ਹੁੰਦੀ ਹੈ,ਪਰ ਉਹ ਮੈਦਾਨ ਪਹਿਲਾਂ ਮੌਜੂਦ ਤਾਂ ਹੋਣ।ਜੇਕਰ ਮੁੱਖ ਮੰਤਰੀ ਸਾਡੇ ਇਸ ਅਧੂਰੇ ਸਟੇਡੀਅਮ ਨੂੰ ਪੂਰਾ ਕਰਵਾ ਦਿੰਦੇ ਹਨ,ਤਾਂ ਇਹ ਨਸ਼ਿਆਂ ਖਿਲਾਫ਼ ਲੜਾਈ ਵਿੱਚ ਉਨ੍ਹਾਂ ਦਾ ਸਭ ਤੋਂ ਠੋਸ ਅਤੇ ਦਿਖਾਈ ਦੇਣ ਵਾਲਾ ਕਦਮ ਹੋਵੇਗਾ।ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਹਲਕੇ ਦੇ ਵਿਕਾਸ ਲਈ ‘ਆਪ’ ਸਰਕਾਰ ਨੂੰ ਹਰ ਸਹਿਯੋਗ ਦੇਣ ਲਈ ਤਿਆਰ ਹਾਂ,ਬਸ਼ਰਤੇ ਸਰਕਾਰ ਦੀ ਨੀਅਤ ਸਾਫ਼ ਹੋਵੇ ਅਤੇ ਉਹ ਸਿਰਫ਼ ਐਲਾਨਾਂ ਤੱਕ ਹੀ ਸੀਮਤ ਨਾ ਰਹੇ। ਸ਼੍ਰੋਮਣੀ ਅਕਾਲੀ ਦਲ ‘ਆਪ’ ਸਰਕਾਰ ਨੂੰ ਉਸਦੇ ਝੂਠੇ ਵਾਅਦਿਆਂ ਅਤੇ ਖੋਖਲੇ ਐਲਾਨਾਂ ‘ਤੇ ਘੇਰਦਾ ਰਹੇਗਾ ਅਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।ਇਸ ਮੌਕੇ ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ,ਬਾਵਾ ਸਿੰਘ ਸਾਬਕਾ ਸਰਪੰਚ ਰੱਤੋਕੇ,ਕਿਸਾਨ ਆਗੂ ਗੁਰਦੇਵ ਸਿੰਘ, ਅਵਤਾਰ ਸਿੰਘ ਸੰਧੂ ਰੇਮੰਡ ਵਾਲੇ ਮਨਜਿੰਦਰ ਸਿੰਘ ਲਾਟੀ,ਡਾਕਟਰ ਜਤਿੰਦਰ ਸਿੰਘ,ਕੁਰਿੰਦਰਜੀਤ ਸਿੰਘ ਚੋਹਲਾ ਖੁਰਦ ਬਲਬੀਰ ਸਿੰਘ ਬੱਲੀ,ਸੂਬੇਦਾਰ ਹਰਬੰਸ ਸਿੰਘ ਅਤੇ ਗੁਰਿੰਦਰ ਸਿੰਘ ਯੂਥ ਆਗੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।