ਫਰਿਜ਼ਨੋ, ਕੈਲੇਫੋਰਨੀਆ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅੰਤਰਰਾਸ਼ਟਰੀ ਪੱਧਰ ਤੇ ਸੇਵਾਵਾਂ ਨਿਭਾ ਰਹੇ ਰੋਟਰੀ ਕਲੱਬ ਕਰਮਨ, ਕੈਲੇਫੋਰਨੀਆਂ ਦੀ ਸ਼ਾਖ਼ਾ ਵੱਲੋਂ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਉੱਘੇ ਸਮਾਜਸੇਵੀ ਗੁਲਬਿੰਦਰ ਗੈਰੀ ਢੇਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਪਿਛਲੇ ਲੰਮੇ ਅਰਸੇ ਤੋਂ ਗੈਰੀ ਢੇਸੀ ਪੰਜਾਬੀ ਭਾਈਚਾਰੇ ਵਿੱਚ ਨਿਰਸਵਾਰਥ ਵੱਖ-ਵੱਖ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਇਸ ਤੋਂ ਇਲਾਵਾ ਉਹ ਕਬੱਡੀ ਦਾ ਚੰਗਾ ਖਿਡਾਰੀ ਅਤੇ ਉੱਭਰ ਰਿਹਾ ਗੀਤਕਾਰ ਵੀ ਹੈ। ਉਹ ਲਗਭਗ ਪਿਛਲੇ ਸਾਲ ਸਾਲ ਤੋਂ ਵਧੀਕ ਸਮੇਂ ਤੋਂ ਰੋਟਰੀ ਕਲੱਬ ਨਾਲ ਜੁੜਿਆ ਹੋਇਆ ਸੀ ਅਤੇ ਹੁਣ ਉਹ ਰੋਟਰੀ ਕਲੱਬ ਦਾ ਸਰਗਰਮ ਮੈਂਬਰ ਬਣ ਗਿਆ ਹੈ। ਸਥਾਨਕ ਰੋਟਰੀ ਕਲੱਬ ਲਈ ਉਹ ਪਿਛਲੇ ਕੁਝ ਸਾਲਾਂ ਤੋਂ ਕਰਮਨ ਵਿਖੇ ਹੋ ਰਹੇ ਸਲਾਨਾ ਹਾਰਵੈਸਟਰ ਫੈਸਟੀਵਲ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਸੱਭਿਆਚਾਰਕ ਸਟੇਜ਼ ਤੋਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਮਾਣ ਦਿਵਾਉਣ ਵਿੱਚ ਮੋਢੀ ਰਿਹਾ ਹੈ। ਹੁਣ ਸਲਾਨਾ ਇਸ ਅਮੈਰੀਕਨ ਮੇਲੇ ਵਿੱਚ ਪੰਜਾਬੀ ਵੀ ਆਪਣੀ ਪਹਿਚਾਣ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ। ਇਸੇ ਤਰ੍ਹਾਂ ਨਿੱਜੀ ਤੋਰ ਤੇ ਆਪਣੇ ਵੱਲੋਂ ਅਤੇ ਪੰਜਾਬੀ ਭਾਈਚਾਰੇ ਦੇ ਖਾਸ ਦੋਸਤਾਂ ਦੇ ਸਹਿਯੋਗ ਨਾਲ ਵੱਖ-ਵੱਖ ਸੰਸਥਾਵਾਂ ਲਈ ਆਰਥਿਕ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। ਉਸ ਦੀਆਂ ਪੰਜਾਬੀ ਭਾਈਚਾਰੇ ਤੋਂ ਇਲਾਵਾ ਸਮੁੱਚੇ ਅਮਰੀਕਨ ਭਾਈਚਾਰੇ ਲਈ ਸੇਵਾਵਾਂ ਦੇਖਦੇ ਹੋਏ ਰੋਟਰੀ ਕਲੱਬ ਕਰਮਨ, ਕੈਲੇਫੋਰਨੀਆ (ਅੰਤਰਰਾਸ਼ਟਰੀ) ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਅਸੀਂ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਤੋਂ ਇਲਾਵਾ ਸਮੁੱਚੇ ਭਾਈਚਾਰੇ ਵੱਲੋਂ ਗੈਰੀ ਢੇਸੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ।
Boota Singh Basi
President & Chief Editor