ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦਾ ਦੌਰਾ
ਸਤਲੁਜ ਕ੍ਰੀਕ ਨੇੜਲੇ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ
ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਸਹੂਲਤਾਂ ਮੁਹੱਈਆ ਕਰਾਉਣ ਦੇ ਦਿੱਤੇ ਨਿਰਦੇਸ਼
ਕਿਹਾ, ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਹੁੰਚਾ ਰਹੀ ਹੈ ਫ਼ੌਰੀ ਮਦਦ
ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਦਿੱਤਾ ਜਾਵੇਗਾ ਮੁਆਵਜ਼ਾ
ਚੰਡੀਗੜ੍ਹ/ਫ਼ਾਜ਼ਿਲਕਾ, 22 ਅਗਸਤ 2025:
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ
ਰਾਹਤ ਕਾਰਜਾਂ ਦੀ ਨਿਗਰਾਨੀ ਕਰਨ
ਅਤੇ ਲੋਕਾਂ ਨਾਲ ਸਿੱਧਾ ਰਾਬਤਾ
ਕਾਇਮ ਕਰਕੇ ਉਨ੍ਹਾਂ ਨੂੰ
ਜ਼ਰੂਰੀ ਸਹੂਲਤਾਂ ਤੁਰੰਤ
ਮੁਹੱਈਆ ਕਰਾਉਣ ਦੇ ਮੁੱਖ ਮੰਤਰੀ
ਸ. ਭਗਵੰਤ ਸਿੰਘ ਮਾਨ ਦੇ
ਦਿਸ਼ਾ-ਨਿਰਦੇਸ਼ਾਂ ਤਹਿਤ ਜਲ
ਸਰੋਤ ਮੰਤਰੀ ਸ੍ਰੀ ਬਰਿੰਦਰ
ਕੁਮਾਰ ਗੋਇਲ ਅਤੇ ਪੇਂਡੂ ਵਿਕਾਸ
ਤੇ ਪੰਚਾਇਤ ਮੰਤਰੀ ਸ.
ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ
ਜ਼ਿਲ੍ਹਾ ਫ਼ਾਜ਼ਿਲਕਾ ਵਿੱਚ
ਕੌਮਾਂਤਰੀ ਸਰਹੱਦ ‘ਤੇ ਪੈਂਦੇ
ਪਿੰਡਾਂ ਦਾ ਦੌਰਾ ਕਰਕੇ ਸਤਲੁਜ
ਦੀ ਕ੍ਰੀਕ ਵਿੱਚ ਆਏ ਪਾਣੀ ਦੇ
ਪ੍ਰਭਾਵ ਦਾ ਜਾਇਜ਼ਾ ਲਿਆ।
ਇਸ ਦੌਰਾਨ ਸ੍ਰੀ ਬਰਿੰਦਰ ਕੁਮਾਰ
ਗੋਇਲ ਨੇ ਜਿੱਥੇ ਪਿੰਡ
ਕਾਵਾਂਵਾਲੀ ਪੱਤਣ ਅਤੇ ਮੁਹਾਰ
ਜਮਸ਼ੇਰ ਦਾ ਦੌਰਾ ਕੀਤਾ, ਉਥੇ ਸ.
ਤਰੁਨਪ੍ਰੀਤ ਸਿੰਘ ਸੌਂਦ ਵੀ
ਮੁਹਾਰ ਜਮਸ਼ੇਰ ਪਿੰਡ ਪਹੁੰਚੇ
ਅਤੇ ਲੋਕਾਂ ਦਾ ਹਾਲ-ਚਾਲ ਜਾਣਿਆ।
ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ
ਸੁਣ ਕੇ ਮੌਕੇ ‘ਤੇ ਮੌਜੂਦ
ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ
ਕਿ ਪ੍ਰਭਾਵਿਤ ਲੋਕਾਂ ਨੂੰ
ਤੁਰੰਤ ਜ਼ਰੂਰੀ ਸਹੂਲਤਾਂ
ਮੁਹੱਈਆ ਕਰਵਾਈਆਂ ਜਾਣ।
ਪਿੰਡ ਨੂੰ ਜੋੜਨ ਵਾਲੀ ਸੜਕ ‘ਤੇ
ਪਾਣੀ ਹੋਣ ਕਾਰਨ ਸ੍ਰੀ ਬਰਿੰਦਰ
ਕੁਮਾਰ ਗੋਇਲ ਅਤੇ ਸ੍ਰੀ
ਤਰੁਨਪ੍ਰੀਤ ਸਿੰਘ ਸੌਂਦ ਪਿੰਡ
ਮੁਹਾਰ ਜਮਸ਼ੇਰ ਦੇ ਅੰਦਰ ਤੱਕ
ਟਰੈਕਟਰ ‘ਤੇ ਗਏ। ਹਾਲਾਂਕਿ ਪਿੰਡ
ਦੇ ਅੰਦਰ ਪਾਣੀ ਦਾਖ਼ਲ ਨਹੀਂ ਹੋਇਆ
ਅਤੇ ਸਾਰੇ ਘਰ ਸੁਰੱਖਿਤ ਹਨ।
ਸ੍ਰੀ ਗੋਇਲ ਨੇ ਦੱਸਿਆ ਕਿ ਡੈਮਾਂ
‘ਤੇ ਫ਼ਿਲਹਾਲ ਪਾਣੀ ਦੀ ਆਮਦ ਘਟੀ
ਹੈ ਅਤੇ ਇਸ ਨਾਲ ਆਉਣ ਵਾਲੇ ਦਿਨਾਂ
ਵਿੱਚ ਰਾਹਤ ਦੀ ਉਮੀਦ ਹੈ।
ਗੱਲਬਾਤ ਦੌਰਾਨ ਦੋਵੇਂ ਕੈਬਨਿਟ
ਮੰਤਰੀਆਂ ਨੇ ਆਖਿਆ ਕਿ ਇਸ ਦੌਰੇ
ਦਾ ਮੁੱਖ ਉਦੇਸ਼ ਜਿੱਥੇ ਲੋਕਾਂ
ਦੀਆਂ ਮੁਸ਼ਕਿਲਾਂ ਦਾ ਫ਼ੌਰੀ ਹੱਲ
ਕਰਨਾ ਹੈ, ਉੱਥੇ ਸਮੱਸਿਆ ਦੇ ਸਥਾਈ
ਹੱਲ ਦੀ ਯੋਜਨਾਬੰਦੀ ਲਈ ਗਰਾਊਂਡ
‘ਤੇ ਜਾ ਕੇ ਸਥਿਤੀ ਦਾ ਮੁਲਾਂਕਣ
ਕਰਨਾ ਹੈ। ਉਨ੍ਹਾਂ ਅਧਿਕਾਰੀਆਂ
ਤੋਂ ਮੌਜੂਦਾ ਸਥਿਤੀ ਦੀ
ਜਾਣਕਾਰੀ ਵੀ ਲਈ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ
ਸਰਕਾਰ ਵੱਲੋਂ ਇਸ ਕੁਦਰਤੀ ਆਫਤ
ਮੌਕੇ ਲੋਕਾਂ ਦੀ ਹਰ ਸੰਭਵ ਮਦਦ
ਕਰਨ ਦੇ ਉਪਰਾਲੇ ਕੀਤੇ ਗਏ ਹਨ ਅਤੇ
ਸਾਰੇ ਪ੍ਰਭਾਵਿਤ ਪਿੰਡਾਂ ਵਿੱਚ
ਮੈਡੀਕਲ ਟੀਮਾਂ, ਪਸ਼ੂ ਪਾਲਣ
ਵਿਭਾਗ ਦੀਆਂ ਟੀਮਾਂ ਭੇਜੀਆਂ ਜਾ
ਰਹੀਆਂ ਹਨ ਅਤੇ ਲੋੜ ਅਨੁਸਾਰ
ਰਾਸ਼ਨ ਵੀ ਉਪਲਬਧ ਕਰਵਾਇਆ
ਜਾਵੇਗਾ। ਉਨ੍ਹਾਂ ਕਿਹਾ ਕਿ ਰਾਤ
ਸਮੇਂ ਸਾਰੇ ਪਿੰਡਾਂ ਵਿੱਚ
ਬਿਜਲੀ ਦੀ ਸਪਲਾਈ ਯਕੀਨੀ ਬਣਾਈ
ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ
ਵੱਲੋਂ ਲੋਕਾਂ ਨੂੰ ਫ਼ੌਰੀ ਮਦਦ
ਉਪਲਬਧ ਕਰਵਾਉਣ ਲਈ ਸਾਰੀਆਂ
ਟੀਮਾਂ ਤਾਇਨਾਤ ਹਨ ਅਤੇ ਸਾਰੇ
ਪ੍ਰਭਾਵਿਤ ਇਲਾਕੇ ਨੂੰ ਸੈਕਟਰਾਂ
ਵਿੱਚ ਵੰਡ ਕੇ ਸੈਕਟਰ ਅਫ਼ਸਰ ਲਗਾਏ
ਗਏ ਹਨ ਤਾਂ ਜੋ ਲੋਕਾਂ ਨਾਲ ਸਿੱਧਾ
ਰਾਬਤਾ ਕਰਕੇ ਜ਼ਰੂਰਤਮੰਦ ਲੋਕਾਂ
ਤੱਕ ਮਦਦ ਮੁਹੱਈਆ ਕਰਵਾਈ ਜਾ
ਸਕੇ। ਉਨ੍ਹਾਂ ਆਖਿਆ ਕਿ ਸਾਰੇ
ਪਿੰਡਾਂ ਦੇ ਲੋਕਾਂ ਦੇ ਸੰਪਰਕ
ਨੰਬਰ ਪ੍ਰਸ਼ਾਸਨ ਵੱਲੋਂ ਇਕੱਠੇ
ਕੀਤੇ ਜਾ ਰਹੇ ਹਨ ਤਾਂ ਜੋ ਹਰੇਕ
ਵਿਅਕਤੀ ਤੱਕ ਸਿੱਧਾ ਸੰਪਰਕ ਹੋ
ਸਕੇ।
ਕੈਬਨਿਟ ਮੰਤਰੀਆਂ ਨੇ ਇਹ ਵੀ
ਕਿਹਾ ਕਿ ਵਿਸੇਸ਼ ਗਿਰਦਾਵਰੀ
ਸਬੰਧੀ ਸਰਕਾਰ ਵੱਲੋਂ ਪਹਿਲਾਂ
ਹੀ ਹੁਕਮ ਕਰ ਦਿੱਤੇ ਗਏ ਹਨ ਅਤੇ
ਕਿਸਾਨਾਂ ਦੇ ਹਰ ਨੁਕਸਾਨ ਦਾ
ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ
ਨੂੰ ਪਿੰਡਾਂ ਵਿਚ ਰਹਿਣ ਦੀ
ਹਦਾਇਤ ਕੀਤੀ ਗਈ ਹੈ ਤਾਂ ਜੋ
ਲੋਕਾਂ ਦੀ ਤੁਰੰਤ ਮਦਦ ਹੋ ਸਕੇ।
ਇਸ ਮੌਕੇ ਲੋਕਾਂ ਵੱਲੋਂ ਮੰਗ
ਪੱਤਰ ਦਿੱਤਾ ਗਿਆ ਅਤੇ ਸ੍ਰੀ
ਤਰੁਨਪ੍ਰੀਤ ਸਿੰਘ ਸੌਂਦ ਨੇ
ਕਿਹਾ ਕਿ ਉਹ ਖੁਦ ਇਹ ਮੰਗ ਪੱਤਰ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ
ਤੱਕ ਪਹੁੰਚਾਉਣਗੇ। ਉਨ੍ਹਾਂ
ਕਿਹਾ ਕਿ ਸਰਹੱਦੀ ਖਿੱਤੇ ਲੋਕ
ਬਹੁਤ ਬਹਾਦਰ ਹਨ ਅਤੇ ਦੇਸ਼ ਦੀ
ਰੱਖਿਆ ਵਿਚ ਵੀ ਸਾਡੀ ਫ਼ੋਰਸ ਨਾਲ
ਖੜਦੇ ਹਨ ਅਤੇ ਇਸ ਮੁਸਕਿਲ ਵਿਚ
ਸਰਕਾਰ ਇਨ੍ਹਾਂ ਦੇ ਨਾਲ ਖੜੀ ਹੈ।
ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ
ਪਾਲ ਸਿੰਘ ਸਵਨਾ ਨੇ ਇਲਾਕੇ ਵਿੱਚ
ਕੱਚੀਆਂ ਜ਼ਮੀਨਾਂ ਦਾ ਮੁੱਦਾ
ਕੈਬਨਿਟ ਮੰਤਰੀ ਸਾਹਮਣੇ ਰੱਖਿਆ।
ਇਸ ‘ਤੇ ਸ੍ਰੀ ਬਰਿੰਦਰ ਕੁਮਾਰ
ਗੋਇਲ ਨੇ ਦੱਸਿਆ ਕਿ ਇਸ ਵਿਸ਼ੇ
ਬਾਰੇ ਕਮੇਟੀ ਪਹਿਲਾਂ ਹੀ ਕੰਮ ਕਰ
ਰਹੀ ਹੈ ਅਤੇ ਸਰਕਾਰ ਲੋਕਾਂ ਦੀਆਂ
ਆਸਾਂ ਅਤੇ ਉਮੀਦਾਂ ਅਨੁਸਾਰ
ਅੱਗੇ ਵਧ ਰਹੀ ਹੈ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ
ਅਤੇ ਬੱਲੂਆਣਾ ਦੇ ਵਿਧਾਇਕ ਸ੍ਰੀ
ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਨੇ ਦੱਸਿਆ ਕਿ ਜ਼ਿਲ੍ਹਾ
ਪ੍ਰਸ਼ਾਸਨ ਵੱਲੋਂ ਲਗਾਤਾਰ
ਇਨ੍ਹਾਂ ਪਿੰਡਾਂ ਵਿੱਚ ਮੰਗ
ਅਨੁਸਾਰ ਪਸ਼ੂ ਚਾਰਾ ਉਪਲਬਧ
ਕਰਵਾਇਆ ਜਾ ਰਿਹਾ ਹੈ। ਉਨ੍ਹਾਂ
ਕਿਹਾ ਕਿ ਪ੍ਰਸ਼ਾਸਨ ਪੂਰੀ
ਮੁਸਤੈਦੀ ਨਾਲ ਲੋਕਾਂ ਦੀ ਭਲਾਈ
ਲਈ ਕੰਮ ਕਰ ਰਿਹਾ ਹੈ ਅਤੇ ਉਹ ਆਪ
ਵੀ ਲਗਾਤਾਰ ਲੋਕਾਂ ਨਾਲ ਸਿੱਧਾ
ਸੰਪਰਕ ਰੱਖ ਰਹੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ
ਅਮਰਪ੍ਰੀਤ ਕੌਰ ਸੰਧੂ ਨੇ
ਜ਼ਿਲ੍ਹੇ ਵਿੱਚ ਹੜ੍ਹ ਰਾਹਤ
ਸਬੰਧੀ ਕੀਤੇ ਪ੍ਰਬੰਧਾਂ ਦੀ
ਜਾਣਕਾਰੀ ਵੀ ਸਾਂਝੀ ਕੀਤੀ। ਇਸ
ਮੌਕੇ ਐਸ.ਡੀ.ਐਮ ਵੀਰਪਾਲ ਕੌਰ, ਜਲ
ਸਰੋਤ ਵਿਭਾਗ ਦੇ ਨਿਗਰਾਨ
ਇੰਜੀਨੀਅਰ ਰਾਜਨ ਢੀਂਗੜਾ,
ਕਾਰਜਕਾਰੀ ਇੰਜੀਨੀਅਰ ਆਲੋਕ
ਚੌਧਰੀ ਵੀ ਹਾਜ਼ਰ ਸਨ।