ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
· ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਦਾ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰਨ ਦੀ ਅਧਿਕਾਰੀਆਂ ਨੂੰ ਕੀਤੀ ਹਦਾਇਤ
· 72 ਬਿਸਤਰਿਆਂ ਵਾਲਾ ਬਿਰਧ ਆਸ਼ਰਮ ਜਲਦ ਕੀਤਾ ਜਾਵੇਗਾ ਲੋੜਵੰਦ ਬਿਰਧਾਂ ਦੇ ਸਪੁਰਦ
· ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ
ਮਾਨਸਾ, 08 ਸਤੰਬਰ :
ਮਾਨਸਾ ਦੀਆਂ ਰਮਦਿੱਤਾ ਕੈਂਚੀਆਂ ਨੇੜੇ ਬਣ ਰਹੇ 72 ਬਿਸਤਰਿਆਂ ਵਾਲੇ ਬਿਰਧ ਆਸ਼ਰਮ ਦਾ ਬਕਾਇਆ ਕੰਮ ਇੱਕ ਹਫ਼ਤੇ ਦੇ ਅੰਦਰ–ਅੰਦਰ ਪੂਰਾ ਕਰਕੇ ਰਿਪੋਰਟ ਦਿੱਤੀ ਜਾਵੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ. ਨੇ ਬਿਰਧ ਆਸ਼ਰਮ ਨੂੰ ਬਣਾਉਣ ਵਾਲੇ ਸਬੰਧਤ ਵਿਭਾਗਾਂ ਨੂੰ ਦਿੱਤੀਆਂ। ਉਹ ਅੱਜ ਆਸ਼ਰਮ ਦੇ ਚੱਲ ਰਹੇ ਕੰਮਾਂ ਸਬੰਧੀ ਵੱਖ–ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਬੀ.ਐਂਡ.ਆਰ. ਵਿਭਾਗ ਦੇ ਐਕਸੀਅਨ ਨੂੰ ਹਦਾਇਤ ਕੀਤੀ ਬਿਲਡਿੰਗ ਜਾਂ ਚਾਰਦੀਵਾਰੀ ਨਾਲ ਸਬੰਧਤ ਜੋ ਵੀ ਕੰਮ ਬਕਾਇਆ ਰਹਿੰਦਾ ਹੈ, ਉਸਨੂੰ ਤੁਰੰਤ ਮੁਕੰਮਲ ਕੀਤਾ ਜਾਵੇ ਅਤੇ ਇਸਦੇ ਵਰਤੋਂ ਸਰਟੀਫਿਕੇਟ ਜਲਦ ਜਮ੍ਹਾਂ ਕਰਵਾਏ ਜਾਣ। ਇਸ ਤੋਂ ਇਲਾਵਾ ਸਾਈਨ ਬੋਰਡ ਅਤੇ ਸਾਫ਼–ਸਫ਼ਾਈ ਦਾ ਕੰਮ ਵੀ ਸਮਾਂ ਰਹਿੰਦਿਆਂ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਇਲੈਕਟਰੀਕਲ ਵਿਭਾਗ ਨੂੰ ਹਦਾਇਤ ਕੀਤੀ ਕਿ ਬਿਰਧ ਆਸ਼ਰਮ ਵਿੱਚ ਸੀ.ਸੀ.ਟੀ.ਵੀ., ਲਾਈਟਾਂ, ਪੱਖੇ, ਲਿਫ਼ਟ ਤੋਂ ਇਲਾਵਾ ਹੋਰ ਕੰਮ ਮੁਕੰਮਲ ਕਰਨ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਪਬਲਿਕ ਹੈਲਥ ਵਿਭਾਗ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਸਾਫ਼ ਪਾਣੀ, ਬਾਥਰੂਮ ਦੀਆਂ ਟਾਇਲਾਂ ਅਤੇ ਪਾਣੀ ਦੇ ਕੁਨੈਕਸ਼ਨ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ, ਤਾਂ ਜੋ ਆਉਂਦੇ ਦਿਨਾਂ ਅੰਦਰ ਇਸ ਬਿਰਧ ਆਸ਼ਰਮ ਦਾ ਉਦਘਾਟਨ ਕੀਤਾ ਜਾ ਸਕੇ।
ਉਨ੍ਹਾਂ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਕੰਮ ਨੂੰ ਜਲਦ ਨੇਪਰੇ ਚਾੜ੍ਹਿਆ ਜਾਵੇ ਅਤੇ ਸਟਾਫ਼ ਦੀ ਵੀ ਜਲਦ ਤਾਇਨਾਤੀ ਲਈ ਉਪਰਾਲੇ ਕੀਤੇ ਜਾਣ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਹਰ੍ਰਪੀਤ ਸਾਗਰ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਕੇਵਲ ਗਰਗ, ਐਕਸੀਅਨ ਇਲੈਕਟ੍ਰੀਕਲ ਸੁਖਜਿੰਦਰ ਸਿੰਘ, ਐਸ.ਡੀ.ਓ. ਕਰਮਜੀਤ ਸਿੰਘ, ਐਸ.ਡੀ.ਓ. ਕੁਨਾਲ ਸਪੋਲੀਆ, ਐਸ.ਡੀ.ਓ. ਰਮੇਸ਼ ਗੋਇਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।