ਪ੍ਰੈੱਸ ਨੋਟ
ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰ–ਰਾਜ ਸਰਕਾਰ ਤੇ ਸਮੂਹ ਪੰਜਾਬੀ ਅੱਗੇ ਆਉਣ: ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ
ਅਜਨਾਲਾ/ਅੰਮ੍ਰਿਤਸਰ, ਨੌ ਅਗਸਤ –
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਚੱਬਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਨੇ ਕਿਹਾ ਕਿ ਸੰਗਤਾਂ ਦੇ ਸਮੂਹਿਕ ਯਤਨਾਂ ਨਾਲ ਹੜ੍ਹਾਂ ਦੇ ਕਹਿਰ ਨੂੰ ਕਾਫ਼ੀ ਹੱਦ ਤੱਕ ਰੋਕਿਆ ਗਿਆ ਹੈ, ਪਰ ਹੁਣ ਕੇਂਦਰ ਤੇ ਰਾਜ ਸਰਕਾਰਾਂ ਨੂੰ ਸਾਂਝੇ ਤੌਰ ’ਤੇ ਹੜ੍ਹ ਪੀੜਤਾਂ ਦੀ ਮੁੜ ਵਸੇਬੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।
ਬਾਬਾ ਦਰਸ਼ਨ ਸਿੰਘ ਅੱਜ ਸਰਹੱਦੀ ਪਿੰਡ ਘੋਨੇਵਾਲ ਵਿਖੇ ਧੁੱਸੀ ਬੰਨ੍ਹ ਦੇ ਵੱਡੇ ਪਾੜ ਨੂੰ ਭਰਨ ਲਈ ਸੰਤ ਬਾਬਾ ਜਗੀਰ ਸਿੰਘ ਅਤੇ ਸੰਤ ਬਾਬਾ ਸਤਨਾਮ ਸਿੰਘ ਕਾਰਸੇਵਾ ਗੁਰੂ ਕੇ ਬਾਗ਼ ਵੱਲੋਂ ਚਲਾਈ ਜਾ ਰਹੀ ਸੇਵਾ ਵਿੱਚ ਲੰਗਰ ਦੀ ਸੇਵਾ ਲੈ ਕੇ ਪਹੁੰਚੇ ਸਨ। ਉਨ੍ਹਾਂ ਸੰਗਤ ਲਈ ਲੰਗਰ ਦੀ ਸੇਵਾ ਵੀ ਨਿਭਾਈ ਅਤੇ ਕਾਰ ਸੇਵਾ ਵਿੱਚ ਹਿੱਸਾ ਲਿਆ।
ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਫ਼ਸਲਾਂ, ਪਸ਼ੂਆਂ, ਰਿਹਾਇਸ਼ੀ ਘਰਾਂ ਅਤੇ ਖੇਤੀਬਾੜੀ ਸੰਦਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਖੇਤਾਂ ਵਿੱਚੋਂ ਹੜ੍ਹਾਂ ਨਾਲ ਆਈ ਰੇਤ ਕੱਢਣ ਤੋਂ ਛੋਟ ਦੇਣ ਦੇ ਸੂਬਾ ਸਰਕਾਰ ਦਾ ਐਲਾਨ ਸਵਾਗਤਯੋਗ ਹੈ, ਪਰ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਕਰਜ਼ੇ ਵੀ ਮੁਆਫ਼ ਹੋਣੇ ਚਾਹੀਦੇ ਹੈ। ਉਨ੍ਹਾਂ ਹੇਠ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਲਈ ਪ੍ਰਤੀ ਏਕੜ ₹50,000 ਮੁਆਵਜ਼ਾ ਦੇਣ, ਖੇਤ ਮਜ਼ਦੂਰਾਂ ਲਈ ਵੀ ਢੁਕਵਾਂ ਮੁਆਵਜ਼ਾ ਦੇਣ, ਮ੍ਰਿਤਕ ਪਰਿਵਾਰਾਂ ਅਤੇ ਪਸ਼ੂਆਂ ਲਈ ਵੱਖਰਾ ਮੁਆਵਜ਼ਾ ਦੇਣ ਅਤੇ ਖੇਤਾਂ ਨੂੰ ਮੁੜ ਵਾਹੀਯੋਗ ਬਣਾਉਣ ਤੋਂ ਇਲਾਵਾ ਖੇਤੀ ਲਈ ਬੀਜ, ਖਾਦ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਸਰਕਾਰਾਂ ਤੋਂ ਮੰਗ ਕੀਤੀ।
ਬਾਬਾ ਦਰਸ਼ਨ ਸਿੰਘ ਨੇ ਸੰਤ ਬਾਬਾ ਸਤਨਾਮ ਸਿੰਘ ਅਤੇ ਸੰਤ ਬਾਬਾ ਜਗੀਰ ਸਿੰਘ ਦੀ ਸੇਵਾ ਦੀ ਸ਼ਲਾਘਾ ਕਰਦੇ ਹੋਏ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਅੱਜ ਵੀ ਭਾਰੀ ਗਿਣਤੀ ਵਿੱਚ ਸੰਗਤਾਂ ਮਿੱਟੀ ਦੀਆਂ ਟਰਾਲੀਆਂ ਲਿਆ ਕੇ ਪਾੜ ਭਰਨ ਦੀ ਸੇਵਾ ਵਿੱਚ ਜੁੱਟੀਆਂ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਸੰਗਤਾਂ ਦੇ ਸਾਂਝੇ ਯਤਨਾਂ ਨਾਲ ਹੀ ਇਹ ਦੁਖਾਂਤ ਦੂਰ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰਧਾਨ ਭਾਈ ਕਸ਼ਮੀਰ ਸਿੰਘ, ਮੈਨੇਜਰ ਭਾਈ ਰਣਦੀਪ ਸਿੰਘ, ਗਿਆਨੀ ਸੁਰਤਾ ਸਿੰਘ, ਸੁਖਵਿੰਦਰ ਸਿੰਘ ਸੁੱਖ ਤੇੜਾ, ਵੀਰ ਇੰਦਰਜੀਤ ਸਿੰਘ, ਭਾਈ ਜਸਬੀਰ ਸਿੰਘ ਗੋਰਾ, ਭਾਈ ਜਗਤਾਰ ਸਿੰਘ, ਭਾਈ ਗੁਰਸੇਵਕ ਸਿੰਘ, ਬਾਬਾ ਬੁੱਧ ਸਿੰਘ ਜੀ (ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ, ਨਿੱਕੇ ਘੁੰਮਣਾ) ਤੋਂ ਐਡਵੋਕੇਟ ਲੋਕਦੀਪ ਸਿੰਘ ਸਮੇਤ ਕਈ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।