ਸਰਕਾਰ ਦੀ ਮੁਫ਼ਤ ਰਾਸ਼ਨ ਸਕੀਮ ਦਾ ਲਾਹਾ ਲੈਣ ਲਈ ਆਪਣੀ ਈ.ਕੇ.ਵਾਈ.ਸੀ.ਕਰਵਾਉਣ ਲਾਭਪਾਤਰੀ
· ਜ਼ਿਲ੍ਹੇ ਅੰਦਰ 4 ਲੱਖ 20 ਹਜ਼ਾਰ 789 ਵਿਅਕਤੀ ਦੇ ਬਣੇ ਹੋਏ ਹਨ ਰਾਸ਼ਨ ਕਾਰਡ
ਮਾਨਸਾ, 12 ਸਤੰਬਰ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ IAS ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਲੋੜਵੰਦ ਲੋਕਾਂ ਨੂੰ ਰਾਸ਼ਨ ਦੇਣ ਦੀ ਸਕੀਮ ਤਹਿਤ ਲਾਭਪਾਤਰੀਆਂ ਦੀ ਈ. ਕੇ.ਵਾਈ.ਸੀ. ਕੀਤੀ ਜਾ ਰਹੀ ਹੈ, ਤਾਂ ਜੋ ਇਸ ਸਕੀਮ ਦਾ ਲਾਹਾ ਨਿਰਵਿਘਨਤਾ ਨਾਲ ਲੋਕਾਂ ਨੂੰ ਮਿਲ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ 4 ਲੱਖ 20 ਹਜ਼ਾਰ 789 ਲਾਭਪਾਤਰੀ ਹਨ। ਜਿਨ੍ਹਾਂ ਵਿੱਚੋਂ 3 ਲੱਖ 84 ਹਜ਼ਾਰ 776 ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ. ਸਫਲਤਾ ਪੂਰਵਕ ਮੁਕੰਮਲ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲਾਭਪਾਤਰੀਆਂ ਦਾ ਸਰਵੇਅ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਸਕੀਮ ਤੋਂ ਵਾਂਝਾ ਨਾ ਰਹਿ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼ਹਿਰੀ ਖੇਤਰਾਂ ਵਿੱਚ ਦਫਤਰ ਫੂਡ ਸਪਲਾਈ ਕੰਟਰੋਲਰ ਦੇ ਅਧਿਕਾਰੀਆਂ ਅਤੇ ਪੇਂਡੂ ਖੇਤਰਾਂ ਵਿੱਚ ਆਂਗਣਵਾੜੀ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਈ.ਕੇ.ਵਾਈ.ਸੀ. ਦੇ ਕੰਮ ਵਿੱਚ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਬਾਕੀ ਰਹਿੰਦੇ 36013 ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ 2025 ਤੋਂ ਪਹਿਲਾਂ-ਪਹਿਲਾਂ ਆਪਣੀ ਈ.ਕੇ.ਵਾਈ.ਸੀ ਕਰਵਾ ਲੈਣ ਤਾਂ ਜੋ ਉਹ ਸਰਕਾਰ ਦੀ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਜਿਸ ਵੀ ਲਾਭਪਾਤਰੀ ਦੀ ਈ.ਕੇ.ਵਾਈ.ਸੀ. ਨਹੀਂ ਹੋਈ ਉਹ ਸਬੰਧਤ ਆਂਗਣਵਾੜੀ ਵਰਕਰ ਜਾਂ ਦਫ਼ਤਰ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਵਿਖੇ ਸੰਪਰਕ ਕਰ ਕੇ ਆਪਣੀ ਈ.ਕੇ.ਵਾਈ.ਸੀ. ਜ਼ਰੂਰ ਕਰਵਾ ਲੈਣ।