ਜੀ. ਐਚ. ਜੀ. ਅਕੈਡਮੀਂ ਦੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਲਏ ਅਹਿਮ ਫੈਸਲੇ
ਜੀ. ਐਚ. ਜੀ. ਅਕੈਡਮੀਂ ਦੇ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਲਏ ਅਹਿਮ ਫੈਸਲੇ
“ਨਵੇਂ ਪ੍ਰੋਗਰਾਮਾਂ ਦੀਆਂ ਤਾਰੀਖਾਂ ਦਾ ਕੀਤਾ ਐਲਾਨ”
ਫਰਿਜ਼ਨੋ, ਕੈਲੇਫੋਰਨੀਆਂ ( ਕੁਲਵੰਤ ਢਾਲ਼ੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਦੇ ਪ੍ਰਬੰਧਕੀ ਬੋਰਡ ਅਤੇ ਕੋਚਾਂ ਦੀ ਅਹਿਮ ਮੀਟਿੰਗ ਕਲੋਵਿਸ ਸ਼ਹਿਰ ਵਿਖੇ ਪਰਮਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਾਲ 2025 ਦੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਅਤੇ 2026 ਵਿੱਚ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਖੁੱਲ ਕੇ ਵਿਚਾਰ ਵਟਾਂਦਰੇ ਕੀਤੇ ਗਏ I ਇਸ ਮੀਟਿੰਗ ਦੀ ਸ਼ੁਰੂਆਤ ਅਕੈਡਮੀ ਦੇ ਮੁੱਖ ਬੁਲਾਰੇ ਗੁਰਦੀਪ ਸਿੰਘ ਸ਼ੇਰਗਿੱਲ ਦੇ ਸਮੂੰਹ ਹਾਜ਼ਰੀਨ ਜੀ ਆਇਆਂ ਕਹਿਣ ਉਪਰੰਤ ਹੋਈ। ਜਿਸ ਦੌਰਾਨ ਅਕੈਡਮੀਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਬਸੰਤ ਸਿੰਘ ਧਾਲੀਵਾਲ ਨੇ 2025 ਦੇ ਹੁਣ ਤੱਕ ਦੇ ਲੇਖੇ-ਜੋਖੇ ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ। ਜਿਸ ਉੱਪਰ ਹਾਜ਼ਰ ਮੈਂਬਰ ਸਾਹਿਬਾਨਾਂ ਵੱਲੋਂ ਪੂਰਨ ਤਸੱਲੀ ਪ੍ਰਗਟ ਕੀਤੀ ਗਈ I ਇਸ ਤੋਂ ਇਲਾਵਾ ਸਮੂੰਹ ਸਹਿਯੋਗੀਆਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ । ਅਜੀਤ ਸਿੰਘ ਗਿੱਲ ਨੇ ਬੱਚਿਆਂ ਨੂੰ ਆਪਣਾ ਵਡਮੁੱਲਾ ਅਸ਼ੀਰਵਾਦ ਦਿੰਦਿਆਂ ਹਰ ਸਾਲ ਦੀ ਤਰ੍ਹਾਂ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਦੈਦੀਪ ਸਿੰਘ ਸਿੱਧੂ ਨੇ ਬੋਲਦਿਆਂ ਯੂਥ ਵਿੰਗ ਅਤੇ ਕੋਚਿੰਗ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਭਵਿੱਖ ਵਿੱਚ ਵਧੇਰੇ ਜੋਸ਼ ਅਤੇ ਮਿਹਨਤ ਨਾਲ ਸੇਵਾ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਤਹਿ ਹੋਇਆ ਕਿ ਅਕੈਡਮੀ ਵੱਲੋਂ ਸਾਲਾਨਾ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਕ ਪਿਕਨਿਕ 28 ਮਾਰਚ, 2026 ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਈ ਜਾਵੇਗੀ। ਇਸੇ ਤਰ੍ਹਾਂ ਜੀ. ਐਚ. ਜੀ. ਸਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ 18 ਜੁਲਾਈ, 2026 ਨੂੰ ਪਿਛਲੇ ਸਾਲ ਦੀ ਤਰ੍ਹਾਂ ਫਰਿਜ਼ਨੋ ਦੇ ਵਿਲੀਅਮ ਸਰੋਏਨ ਥੀਏਟਰ ਵਿਖੇ ਹੋਵੇਗਾ। ਬੱਚਿਆਂ ਦਾ ਸਾਲਾਨਾ ਕੈਂਪ ਜੁਲਾਈ 1 ਨੂੰ ਸ਼ੁਰੂ ਹੋ ਜਾਵੇਗਾ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਸਮੂੰਹ ਸਥਾਨਿਕ ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਦੇ ਇਹਨਾਂ ਪ੍ਰੋਗਰਾਮਾਂ ਦੌਰਾਨ ਤੁਹਾਡੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਕਿਰਪਾ ਕਰਕੇ ਇਹਨਾਂ ਤਰੀਕਾਂ ਵਿੱਚ ਕੋਈ ਹੋਰ ਪ੍ਰੋਗਰਾਮ ਨਾ ਰੱਖਿਆ ਜਾਵੇ। ਮੀਟਿੰਗ ਵਿੱਚ ਪੰਜਾਬ ਦੇ ਵਰਤਮਾਨ ਹਾਲਾਤਾਂ ਬਾਰੇ ਅਤੇ ਹੜ੍ਹਾਂ ਦੀ ਕੁਦਰਤੀ ਕਰੋਪੀ ਕਾਰਨ ਬਹੁਤ ਨੁਕਸਾਨ ਹੋਇਆ ਹੈ। ਇਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਤਹਿ ਹੋਇਆ ਕਿ ਸਭ ਮੈਂਬਰਾਂ ਵੱਲੋ ਆਪੋ ਆਪਣੇ ਪਿੰਡਾਂ ਵਿੱਚ ਪ੍ਰਭਾਵਿਤ ਪਰਿਵਾਰਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ। ਜੀ. ਐਚ. ਜੀ. ਅਕੈਡਮੀ ਇਕ ਗੈਰ ਮੁਨਾਫ਼ਾ ਸੰਸਥਾ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਪ੍ਰਦੇਸ਼ਾਂ ਵਿੱਚ ਜੰਮੀ ਪਲੀ ਨਵੀਂ ਪਨੀਰੀ ਨੂੰ ਆਪਣੇ ਗੌਰਵਮਈ ਸੱਭਿਆਚਾਰਕ ਵਿਰਸੇ ,ਵਿਰਾਸਤੀ ਜੜਾਂ,ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨਾਲ ਜੋੜਨ ਲਈ ਸਾਰਾ ਸਾਲ ਸਰਗਰਮ ਰਹਿੰਦੀ ਹੈ । ਹੁਣ ਅਕੈਡਮੀ ਦੇ ਸਟੂਡੀਓ 4434 W. Ashlan ਵਿੱਚ ਬੱਚਿਆਂ ਦੀਆਂ ਕਲਾਸਾਂ ਸਾਰਾ ਸਾਲ ਲਾਈਆਂ ਜਾਂਦੀਆਂ ਹਨ। ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਕੈਡਮੀ ਦਾ ਹਿੱਸਾ ਬਣਾਓ ਵਧੇਰੇ ਜਾਣਕਾਰੀ ਲਈ www.ghgbhangra.com ਰਾਹੀਂ ਸੰਪਰਕ ਕਰ ਸਕਦੇ ਹੋ। ਜੀ. ਐਚ. ਜੀ. ਅਕੈਡਮੀਂ ਬੱਚਿਆਂ ਨੂੰ ਸਮਰਪਿਤ ਇੱਕ ਅਜਿਹੀ ਸੰਸਥਾ ਹੈ ਜਿਸ ਨੂੰ ਅਕੈਡਮੀ ਦਾ ਯੂਥ ਵਿੰਗ ਹੀ ਚਲਾਉਂਦਾ ਹੈ। ਜੋ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਹਮੇਸ਼ਾ ਉਪਰਾਲੇ ਕਰਦਾ ਰਹਿੰਦਾ ਹੈ।