ਡਾ. ਐਸ. ਪੀ. ਸਿੰਘ ਵੱਲੋਂ ਕਾਂਗਰਸ ਪ੍ਰਤੀ ਜ਼ਾਹਰ ਕੀਤੀ ਹਮਾਇਤ ਇਤਿਹਾਸਕ ਸੱਚਾਈਆਂ ਤੋਂ ਮੂੰਹ ਮੋੜਨ ਦੇ ਬਰਾਬਰ : ਪ੍ਰੋ. ਸਰਚਾਂਦ ਸਿੰਘ ਖਿਆਲਾ

0
89

ਡਾ. ਐਸ. ਪੀ. ਸਿੰਘ ਵੱਲੋਂ ਕਾਂਗਰਸ ਪ੍ਰਤੀ ਜ਼ਾਹਰ ਕੀਤੀ ਹਮਾਇਤ ਇਤਿਹਾਸਕ ਸੱਚਾਈਆਂ ਤੋਂ ਮੂੰਹ ਮੋੜਨ ਦੇ ਬਰਾਬਰ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ, 24 ਸਤੰਬਰ ( ) – ਭਾਜਪਾ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ  ਡਾ. ਐਸ. ਪੀ. ਸਿੰਘ ਵੱਲੋਂ ਲੁਧਿਆਣਾ ਵਿੱਚ ਕੁਝ ਅਧਿਆਪਕਾਂ, ਬੁੱਧੀਜੀਵੀਆਂ ਅਤੇ ਲੇਖਕਾਂ ਦੀ ਇਕ ਗੈਰ ਰਸਮੀ ਇਹ ਇਕੱਤਰਤਾ ਤੋਂ ਬਾਅਦ ਜਾਰੀ ਬਿਆਨ ਵਿੱਚ ਕਾਂਗਰਸ ਪ੍ਰਤੀ ਦਿਖਾਈ ਹਮਾਇਤ ਨੂੰ ਸਖ਼ਤ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਸਿਰਫ਼ ਤੱਥਾਂ ਦੀ ਗ਼ਲਤ ਵਿਆਖਿਆ ਹੀ ਨਹੀਂ ਸਗੋਂ ਪੰਜਾਬ ਦੇ ਇਤਿਹਾਸਕ ਜ਼ਖ਼ਮਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਡਾ. ਸਿੰਘ ਵੱਲੋਂ ਇਹ ਦਲੀਲ ਦੇਣਾ ਕਿ ਓਪਰੇਸ਼ਨ ਬਲ਼ੂ ਸਟਾਰ ਲਈ ਇੰਦਰਾ ਗਾਂਧੀ ਮਜਬੂਰ ਹੋਈ ਸੀ ਅਤੇ ਅਸਲ ਦਬਾਅ ਕਿਸੇ ਹੋਰ ਪਾਰਟੀ ਵੱਲੋਂ ਆਇਆ ਸੀ, ਸੱਚਾਈ ਤੋਂ ਪਰੇ ਹੈ। 1984 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਲਈ ਇੰਦਰਾ ਗਾਂਧੀ ਦੀ ਸਿੱਧੀ ਰਾਜਨੀਤਿਕ ਜ਼ਿੰਮੇਵਾਰੀ ਸਾਬਤ ਇਤਿਹਾਸਕ ਸੱਚ ਹੈ। ਇਸ ਜ਼ਖ਼ਮ ਨੂੰ ਕਿਸੇ ਹੋਰ ਦੇ ਸਿਰ ਮੜ੍ਹਨ ਦੀ ਕੋਸ਼ਿਸ਼ ਕਰਨਾ ਸਿੱਖ ਕੌਮ ਨਾਲ ਧੋਖੇ ਦੇ ਬਰਾਬਰ ਹੈ।
ਪ੍ਰੋ. ਖਿਆਲਾ ਨੇ ਯਾਦ ਕਰਵਾਇਆ ਕਿ 1984 ਦੇ ਨਵੰਬਰ ਕਤਲੇਆਮ ਦੀਆਂ ਰਿਪੋਰਟਾਂ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਅਤੇ ਹੋਰ ਕਾਂਗਰਸੀ ਆਗੂਆਂ ਦੀ ਭੂਮਿਕਾ ਸਿਰਫ਼ “ਕੂੜ ਪ੍ਰਚਾਰ” ਨਹੀਂ ਸੀ ਸਗੋਂ ਸੱਚਮੁੱਚ ਅਦਾਲਤਾਂ ਤੱਕ ਪਹੁੰਚ ਕੇ ਸਜ਼ਾਵਾਂ ਤੱਕ ਪਹੁੰਚਣ ਵਾਲਾ ਦਰਦਨਾਕ ਸੱਚ ਹੈ। ਅੱਜ ਵੀ ਹਜ਼ਾਰਾਂ ਸਿੱਖ ਪਰਿਵਾਰਾਂ ਦੇ ਜ਼ਖ਼ਮ ਤਾਜ਼ਾ ਹਨ। ਅਜਿਹੀ ਪਾਰਟੀ ਨੂੰ “ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ” ਦੱਸਣਾ ਇਤਿਹਾਸ ਨੂੰ ਪੁੱਠਾ ਗੇੜਾ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਕਾਂਗਰਸ ਨੇ ਹੀ ਪੰਜਾਬ ਵਿੱਚ ਦਹਾਕਿਆਂ ਤੱਕ ਧਾਰਮਿਕ, ਰਾਜਨੀਤਿਕ ਤੇ ਖੇਤੀਬਾੜੀ ਹਿੱਤਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ। ਚਾਹੇ ਪੰਜਾਬੀ ਸੂਬੇ ਦੀ ਰਚਨਾ ਵਿੱਚ ਰੁਕਾਵਟਾਂ ਪਾਉਣ ਦੀ ਗੱਲ ਹੋਵੇ, ਪੰਜਾਬ ਦੇ ਪਾਣੀ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋਵੇ ਜਾਂ ਫਿਰ ਪੰਥਕ ਮਸਲਿਆਂ ’ਤੇ ਵੋਟ ਬੈਂਕ ਦੀ ਰਾਜਨੀਤੀ, ਕਾਂਗਰਸ ਦਾ ਰਿਕਾਰਡ ਹਮੇਸ਼ਾ ਸਿੱਖ ਵਿਰੋਧੀ ਹੀ ਰਿਹਾ ਹੈ।

ਪ੍ਰੋ. ਖਿਆਲਾ ਨੇ ਚੇਤਾਵਨੀ ਦਿੱਤੀ ਕਿ ਅੱਜ ਦੀ ਰਾਜਨੀਤਿਕ ਸਥਿਤੀ ਵਿੱਚ ਜੇਕਰ ਕੋਈ ਕਾਂਗਰਸ ਵਰਗੀ ਪਾਰਟੀ ਨੂੰ “ਸਿੱਖਾਂ ਅਤੇ ਘੱਟ ਗਿਣਤੀਆਂ ਦੀ ਸਹੀ ਰਾਖੀ ਕਰਨ ਵਾਲੀ ਤਾਕਤ” ਵਜੋਂ ਪੇਸ਼ ਕਰਦਾ ਹੈ ਤਾਂ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਜਿਨ੍ਹਾਂ ਹੱਥਾਂ ਨੇ 1984 ਵਿੱਚ ਦਰਬਾਰ ਸਾਹਿਬ ਨੂੰ ਗੋਲੀਬਾਰੀ ਦਾ ਮੈਦਾਨ ਬਣਾਇਆ ਅਤੇ ਸ੍ਰੀ ਅਕਾਲ ਤਖ਼ਤ ਢਹਿ ਢੇਰੀ ਕੀਤੀ ਤੇ ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਾਲਿਆਂ ਨੂੰ ਪਾਲਿਆ, ਉਹ ਕਦੇ ਵੀ ਘੱਟ ਗਿਣਤੀਆਂ ਦੇ ਰੱਖਿਅਕ ਨਹੀਂ ਹੋ ਸਕਦੇ।

ਪ੍ਰੋ. ਖਿਆਲਾ ਨੇ ਸਿੱਖ ਬੁੱਧੀਜੀਵੀਆਂ ਅਤੇ ਅਕਾਲੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਇਤਿਹਾਸਕ ਜ਼ਖ਼ਮਾਂ ਨੂੰ ਭੁੱਲਣ ਦੀ ਬਜਾਏ ਸੱਚਾਈ ਦਾ ਸਾਹਮਣਾ ਕਰਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਰਾਜਨੀਤਿਕ ਰਣਨੀਤੀਆਂ ਨੂੰ ਵੋਟ ਬੈਂਕ ਦੀ ਥਾਂ ਸਿਧਾਂਤਾਂ ’ਤੇ ਖੜ੍ਹਾ ਕਰਨ।

LEAVE A REPLY

Please enter your comment!
Please enter your name here