ਡੇਅਟਨ( ਅਮਰੀਕਾ )ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।
ਡੇਅਟਨ (ਅਵਤਾਰ ਸਿੰਘ ਸਪਰਿੰਗਫ਼ੀਲਡ) :ਗੁਰਦੁਆਰਾ ਸਿੱਖ ਸੁਸਾਇਟੀ ਆਫ ਡੇਅਟਨ ਦੇ ਗੁਰੂ ਘਰ ਵਿਖੇ ਬੀਤੇ ਦਿਨ ਨੌਜੁਆਨ ਸਭਾ ਵਲੋਂ ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਪਹਿਲਾਂ ਬੱਚਿਆਂ ਵਲੋਂ ਤੇ ਫਿਰ ਗੁਰੂ ਘਰ ਦੇ ਜਥੇ ਭਾਈ ਪ੍ਰੇਮ ਸਿੰਘ ਤੇ ਭਾਈ ਹੇਮ ਸਿੰਘ ਦੇ ਜਥੇ ਨੇ ਗੁਰਬਾਨੀ ਦਾ ਮਨੋਹਰ ਕੀਰਤਨ ਕੀਤਾ।
ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਬਾਬਾ ਸ਼ੇਖ਼ ਫ਼ਰੀਦ ਜੀ ਦੇ ਜੀਵਨ ਤੇ ਚਾਨਣਾ ਪਾਇਆ। ਇਸ ਸਾਲ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਪੰਜਾਬੀ ਭਾਸ਼ਾ ਦਿਵਸ ਦੇ ਤੋਰ ਤੇ ਸੰਸਾਰ ਵਿਚ ਮਨਾਇਆ ਗਿਆ ਕਿਉਂਕਿ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਹ ਸਭ ਤੋਂ ਪੁਰਾਣੀ ਹੈ। ਇਸ ਬਾਰੇ ਗੁਮਟਾਲਾ ਨੇ ਚਾਨਣਾ ਪਾਇਆ ਤੇ ਸੰਗਤ ਨੂੰ ਅਪੀਲ ਕੀਤੀ ਕਿ ਅਮਰੀਕਾ ਵਿਚ ਰਹਿੰਦੇ ਹੋਏ ਸਾਨੂੰ ਆਪਣੇ ਬੱਚਿਆਂ ਨੂੰ ਗੁਰਮੁੱਖੀ ਜਰੂਰ ਪੜਾਉਣੀ ਚਾਹੀਦੀ ਹੈ। ਅੰਗਰੇਜ਼ੀ ਤਾਂ ਇਸ ਦੇਸ਼ ਦੀ ਭਾਸ਼ਾ ਹੈ, ਉਹ ਤਾਂ ਬੱਚਿਆਂ ਨੇ ਸਿੱਖ ਲੈਣੀ ਹੈ, ਪਰ ਪੰਜਾਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਸਾਡੇ ਬੱਚੇ ਤਾਂ ਹੀ ਸਮਝਣਗੇ ਜੇ ਅਸੀਂ ਘਰ ਵਿਚ ਪੰਜਾਬੀ ਬੋਲੀਏ ਤੇ ਜਦ ਵੱਡੇ ਹੋਣ ਤਾਂ ਉਹਨਾਂ ਨੂੰ ਗੁਰਮੁੱਖੀ ਪੜ੍ਹਾਈਏ। ਉਹਨਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਪੜ੍ਹਨ ਤੇ ਲਿਖਣ ਦੀਆਂ ਕਲਾਸਾਂ ਲਗਦੀਆਂ ਹਨ। ਉਹਨਾਂ ਵਿਚ ਬੱਚਿਆਂ ਨੂੰ ਭੇਜਿਆ ਕਰੋ। ਉਹਨਾਂ ਕਿਹਾ ਕਿ ਕੀਰਤਨ ਕਰਨਾ ਵੀ ਗੁਰੂ ਘਰ ਵਿਚ ਸਿਖਾਇਆ ਜਾਂਦਾ ਹੈ। ਉਸ ਵਿਚ ਵੀ ਬੱਚਿਆਂ ਨੂੰ ਹਿੱਸਾ ਲੈਣ ਲਈ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਛੁੱਟੀਆਂ ਵਿਚ ਸਿੱਖ ਕੈਂਪ ਲਗਦੇ ਹਨ, ਉਹਨਾਂ ਵਿਚ ਵੀ ਹਿੱਸਾ ਲੈਣ ਲਈ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ ਤਾਂ ਜੁ ਉਹ ਸਿੱਖ਼ ਧਰਮ ਬਾਰੇ ਤੇ ਸਿੱਖ਼ੀ ਰਹਿਣੀ ਬਾਰੇ ਜਾਚ ਸਮਝ ਸਕਣ॥।
ਸ. ਅਵਤਾਰ ਸਿੰਘ ਸਪਰਿੰਗਫ਼ੀਲਡ ਨੇ ਨੌਜੁਆਨ ਸਭਾ ,ਸੰਗਤ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਤੇ ਬੱਚਿਆਂ ਵਲੋਂ ਅਖੰਡ ਪਾਠ ਵਿਚ ਯੋਗਦਾਨ ਪਾਉਣ, ਕੀਰਤਨ ਕਰਨ, ਲੰਗਰ ਆਦਿ ਦੀ ਸੇਵਾ ਲਈ ਧੰਨਵਾਦ ਕੀਤਾ।
ਕਮੇਟੀ ਮੈਂਬਰ ਕਰਤਾਰ ਸਿੰਘ ਨੇ ਪੰਜਾਬ ਵਿਚ ਆਏ ਹੜਾਂ ਦੇ ਪੀੜਤ ਲੋਕਾਂ ਲਈ ਵੱਧ ਤੋਂ ਵੱਧ ਮਾਇਆ ਭੇਟ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਦਾਨੀ ਸਜਣਾ ਦੇ ਨਾਂ ਵੀ ਦੱਸੇ ਤੇ ਸੰਗਤ ਦਾ ਧੰਨਵਾਦ ਵੀ ਕੀਤਾ ਤੇ ਅਗਲੇ ਪ੍ਰੋਗਰਾਮਾਂ ਬਾਰੇ ਚਾਨਣਾ ਪਾਇਆ।