ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਅਪਰੇਸ਼ਨ

0
27

ਢਾਹਾਂ ਕਲੇਰਾਂ ਹਸਪਤਾਲ ਦੇ ਡਾ. ਮਾਨਵਦੀਪ ਸਿੰਘ ਬੈਂਸ ਵੱਲੋਂ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਸਫਲ ਅਪਰੇਸ਼ਨ

ਬੰਗਾ , 04 ਅਕਤੂਬਰ 2025

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ ਐਮ.ਐਸ. ਵੱਲੋਂ 18 ਸਾਲ ਦੇ ਮਰੀਜ਼ ਦੀ ਲੱਤ ਦੀਆਂ ਫੁੱਲੀਆਂ ਨਾੜਾਂ (ਵੈਰੀਕੋਜ਼ ਵੇਨਜ਼) ਦਾ ਸਫਲ ਅਪਰੇਸ਼ਨ ਕਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਦੇ ਵਾਸੀ 18 ਸਾਲਾ ਅਮਿਤੋਜ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦੀ ਬਿਮਾਰੀ ਕਰਕੇ ਕਾਫੀ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ । ਜਿਸ ਕਰਕੇ ਲੱਤਾਂ ਤੇ ਪੈਰ ਸੁੱਜ ਜਾਂਦੇ ਸਨ ਅਤੇ ਰੋਜ਼ਾਨਾ ਜੀਵਨ ਦੇ ਕੰਮ-ਕਾਰ ਕਰਨਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ । ਉਹਨਾਂ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਾਹਿਰ ਸਰਜਨ ਡਾ. ਮਾਨਵਦੀਪ ਸਿੰਘ ਬੈਂਸ ਤੋਂ ਆਪਣੀ ਜਾਂਚ ਕਰਵਾਈ । ਡਾ. ਬੈਂਸ ਵੱਲੋਂ ਬਿਮਾਰੀ ਦੀ ਜਾਂਚ ਕਰਨ ਉਪਰੰਤ ਮਰੀਜ਼ ਅਮਿਤੋਜ ਸਿੰਘ ਦੀਆਂ ਲੱਤਾਂ ਦੀਆਂ ਫੁੱਲੀਆਂ ਨਾੜਾਂ ਦਾ ਅਪਰੇਸ਼ਨ ਕੀਤਾ ਗਿਆ ਅਤੇ ਅਪਰੇਸ਼ਨ ਉਪਰੰਤ 24 ਘੰਟੇ ਵਿਚ ਹੀ ਮਰੀਜ਼ ਨੂੰ ਤੰਦਰੁਸਤ ਕਰਕੇ ਚੱਲਣ-ਫਿਰਨ ਕਾਬਲ ਬਣਾ ਦਿੱਤਾ ਹੈ । ਡਾ. ਬੈਂਸ ਨੇ ਦੱਸਿਆ ਕਿ ਹੁਣ ਫੁੱਲੀਆਂ ਨਾੜਾਂ ਦੇ ਮਰੀਜ਼ਾਂ ਨੂੰ ਨਵੀ ਤਕਨੀਕ ਨਾਲ ਅਪਰੇਸ਼ਨ  ਕਰਕੇ ਵੱਡੇ ਕੱਟ ਤੇ ਟਾਂਕੇ ਲਗਾਉੇਣ ਦੀ ਜਰੂਰਤ ਨਹੀ ਪੈਂਦੀ ਹੈ, ਨਾ ਹੀ ਰੀੜ੍ਹ ਦੀ ਹੱਡੀ ਵਾਲਾ ਟੀਕਾ ਲਾਇਆ ਜਾਂਦਾ ਹੈ । ਅਪਰੇਸ਼ਨ ਉਪਰੰਤ ਸ਼ਾਮ ਨੂੰ ਹੀ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਂਦੀ ਹੈ । ਇੱਕ ਦਿਨ ਦੇ ਬਾਅਦ ਮਰੀਜ਼ ਰੋਜ਼ਾਨਾ ਦੇ ਸਾਰੇ ਕੰਮ ਕਾਰ ਖੁਦ ਕਰ ਸਕਦਾ ਹੈ । ਡਾ. ਬੈਂਸ ਨੇ ਆਮ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੇਰ ਤੱਕ ਖੜ੍ਹੇ ਰਹਿਣ ਕਰਕੇ ਲੱਤਾਂ ਦੀਆਂ ਨਾੜੀਆਂ ’ਚ ਖ਼ੂਨ ਦਾ ਦਬਾਅ ਵੱਧ ਜਾਂਦਾ ਹੈ । ਇਹ  ਨਾੜੀਆਂ ਲੱਤਾਂ ਵਿਚੋਂ ਦੀ ਘੱਟ ਆਕਸੀਜਨ ਵਾਲਾ ਖ਼ੂਨ ਇਕੱਠਾ ਕਰ ਕੇ ਦਿਲ ਵੱਲ ਲਿਆਉਂਦੀਆਂ ਹਨ, ਉਹਨਾਂ ’ਚ ਪੱਤਿਆਂ ਵਰਗੇ ਵਾਲ਼ਵ ਫਿੱਟ ਹੁੰਦੇ ਹਨ, ਜੋ ਖ਼ੂਨ ਨੂੰ ਵਾਪਸ ਪੈਰਾਂ ਵੱਲ ਨੂੰ ਜਾਣ ਤੋਂ ਰੋਕਦੇ ਹਨ । ਜਦੋਂ ਲੱਤਾਂ ਵਿਚ ਲੰਬੇ ਸਮੇਂ ਤੱਕ ਹਰਕਤ ਘੱਟ ਹੁੰਦੀ ਹੈ ਤਾਂ ਇਹ ਨਾੜੀਆਂ ਫੁੱਲ ਜਾਂਦੀਆਂ ਹਨ । ਜਿਸ ਕਰਕੇ ਲੱਤਾਂ ਵਿਚ ਦਰਦ ਦੇ ਨਾਲ ਸੋਜ਼ ਵੀ ਪੈ ਜਾਂਦੀ ਹੈ । ਜੋ ਇਸ ਬਿਮਾਰੀ ਦਾ ਮੁੱਖ ਕਾਰਨ ਬਣਦੀ ਹੈ । ਇਸ ਲਈ ਇਸ ਬਿਮਾਰੀ ਤੋਂ ਬਚਾਅ ਲਈ ਰੋਜ਼ਾਨਾ ਲੱਤਾਂ ਦੀ ਕਸਰਤ ਕਰਨੀ ਜਰੂਰੀ ਹੈ । ਇਸ ਮੌਕੇ ਹਪਸਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਜਰਨਲ ਤੇ ਲੈਪਰੋਸਕੋਪਿਕ ਅਪਰੇਸ਼ਨਾਂ ਦੇ ਮਾਹਿਰ ਡਾ. ਮਾਨਵਦੀਪ ਸਿੰਘ ਬੈਂਸ , ਐਨੇਥੀਸੀਆ ਮਾਹਿਰ ਡਾ. ਦੀਪਕ ਦੁੱਗਲ ਤੇ ਸਮੂਹ ਸਟਾਫ ਨੂੰ ਸ਼ਾਨਦਾਰ ਅਪਰੇਸ਼ਨ ਕਰਨ ਦੀਆਂ ਵਧਾਈਆਂ ਦਿੱਤੀਆਂ । ਮਰੀਜ਼ ਅਮਿਤੋਜ ਸਿੰਘ ਨੇ ਉਸ ਦੀਆਂ ਲੱਤ ਦੀਆਂ ਫੁੱਲੀਆਂ ਨਾੜਾਂ ਦਾ ਵਧੀਆ ਅਪਰੇਸ਼ਨ ਕਰਨ ਲਈ ਡਾ. ਮਾਨਵਦੀਪ ਸਿੰਘ ਬੈਂਸ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹੁਣ ਉਹ ਵਾਲੀਵਾਲ ਵੀ ਖੇਡਦੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੈ । ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਮਾਨਵਦੀਪ ਸਿੰਘ ਬੈਂਸ ਪਿੱਤੇ ਦੀ ਪੱਥਰੀ, ਹਰਨੀਆਂ, ਫਿਸ਼ਰ, ਅਪੈਂਡਿਕਸ, ਹਾਈਡਰੋਸੀਲ, ਲੱਤਾਂ ਦੀਆਂ ਫ਼ੁੱਲੀਆਂ ਨਸਾਂ, ਬਵਾਸੀਰ, ਭਗੰਦਰ ਆਪਰੇਸ਼ਨ, ਮੋਟਾਪਾ ਘਟਾਉਣ, ਪੇਟ ਦੇ ਰੋਗਾਂ ਦਾ ਇਲਾਜ ਤੇ ਅਪਰੇਸ਼ਨਾਂ ਦੇ ਮਾਹਿਰ ਡਾਕਟਰ ਹਨ । ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਹਰ ਤਰ੍ਹਾਂ ਦੇ ਵੱਡੇ ਅਤੇ ਦੂਰਬੀਨੀ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰ ਅਤੇ ਨਵੀਨਤਮ ਪ੍ਰਬੰਧ ਹਨ । ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ,  ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here