ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੇ ਹਮਲੇ ਕੀਤੀ ਨਿੰਦਿਆ
ਬਹੁਗਿਣਤੀ ਲੋਕਾਂ ਦੀ ਅੱਜ ਵੀ ਦਲਿਤਾਂ ਪ੍ਰਤੀ ਸੌੜੀ ਮਾਨਸਿਕ ਸੋਚ – ਕਰਮਜੀਤ ਸਿਫ਼ਤੀ
ਖੰਨਾ,10 ਅਕਤੂਬਰ ( ਅਜੀਤ ਖੰਨਾ / ਹਰਪਾਲ ਸਲਾਣਾ)ਅੱਜ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ ਇੱਕ ਹੰਗਾਮੀ ਮੀਟਿੰਗ ਅੰਬੇਡਕਰ ਭਵਨ ਖੰਨਾ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਕੀਤੀ ਗਈ । ਮੀਟਿੰਗ ਵਿੱਚ ਪਿਛਲੇ ਦਿਨੀਂ ਭਾਰਤ ਦੇ ਮਾਣਯੋਗ ਚੀਫ ਜਸਟਿਸ , ਜਸਟਿਸ ਭੂਸ਼ਣ ਰਾਮ ਕ੍ਰਿਸ਼ਨ ਗਵਈ ਤੇ ਇੱਕ ਸਿਰ ਫਿਰੇ ਵਕੀਲ ਰਕੇਸ਼ ਕਿਸ਼ੋਰ ਵੱਲੋਂ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ । ਸਮੂਹ ਸੁਸਾਇਟੀ ਮੈਂਬਰਾਂ ਨੇ ਇਸ ਘਟਨਾ ਨੂੰ ਮਾਣਯੋਗ ਸੁਪਰੀਮ ਕੋਰਟ , ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੁਆਰਾ ਲਿਖੇ ਗਏ ਸੰਵਿਧਾਨ ਅਤੇ ਦੇਸ਼ ਭਰ ਦੇ ਕਰੋੜਾਂ ਦਲਿਤਾਂ ਉੱਤੇ ਹਮਲਾ ਕਰਾਰ ਦਿੱਤਾ । ਸੁਸਾਇਟੀ ਮੈਂਬਰਾਂ ਨੇ ਇੱਕ ਸੁਰ ਵਿੱਚ ਅੱਗੇ ਆਖਿਆ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਬਹੁ ਗਿਣਤੀ ਲੋਕਾਂ ਦੇ ਮਨਾਂ ਵਿੱਚ ਦਲਿਤਾਂ ਪ੍ਰਤੀ ਮਾੜੀ ਮਾਨਸਿਕਤਾ ਵਿਖਾਈ ਦੇ ਰਹੀ ਹੈ ਜੋ ਕਿ ਕਿਸੇ ਵੀ ਦਲਿਤ ਵਿਅਕਤੀ ਨੂੰ ਉੱਚੇ ਅਹੁਦੇ ਉੱਤੇ ਵੇਖਣਾ ਪਸੰਦ ਨਹੀਂ ਕਰਦੇ । ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਘਟੀਆ ਮਾਨਸਿਕਤਾ ਵਾਲੇ ਵਕੀਲ ਰਕੇਸ਼ ਕਿਸ਼ੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ । ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ , ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ , ਈਸ਼ਰ ਸਿੰਘ ਬਾਹੋਮਾਜਰਾ , ਕੈਸ਼ੀਅਰ ਟੇਕ ਚੰਦ , ਸਵਰਨ ਸਿੰਘ ਛਿੱਬਰ , ਖੁਸ਼ੀ ਰਾਮ ਚੌਹਾਨ , ਪ੍ਰੇਮ ਸਿੰਘ ਬੰਗੜ੍ਹ , ਸੁਰਿੰਦਰ ਸਿੰਘ ਮਾਨੂਪੁਰ , ਐਡਵੋਕੇਟ ਹਰਮੇਸ਼ ਕੁਮਾਰ ਜੱਸਲ , ਜਰਨੈਲ ਸਿੰਘ ਅਜਨੇਰ , ਮਹਿੰਦਰ ਸਿੰਘ ਮਾਨੂਪੁਰ , ਹਰੀ ਰਾਮ ਆਦਿ ਮੈਂਬਰ ਹਾਜਰ ਸਨ ।
ਫੋਟੋ ਕੈਪਸ਼ਨ: ਕਰਮਜੀਤ ਸਿਫ਼ਤੀ ਤੇ ਬਾਕੀ ਮੈਂਬਰ ਮੀਟਿੰਗ ਉਪਰੰਤ ਪੱਤਰਕਾਰਾਂ ਦੇ ਰੂ ਬ ਰੂ ਹੁੰਦੇ ਹੋਏ ( ਤਸਵੀਰ: ਅਜੀਤ ਖੰਨਾ )