ਸੰਵਿਧਾਨ ਦਿਵਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਵਫਾਦਾਰੀ ਦਾ ਪ੍ਰਣ ਦਿਵਾਇਆ

0
8
ਸੰਵਿਧਾਨ ਦਿਵਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਨੇ ਦੇਸ਼ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਵਫਾਦਾਰੀ ਦਾ ਪ੍ਰਣ ਦਿਵਾਇਆ
ਪਠਾਨਕੋਟ, 26 ਨਵੰਬਰ (ਰਾਜਨ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਸਹਾਇਕ ਕਮਿਸ਼ਨਰ ਜਨਰਲ ਵਿਕਰਮਜੀਤ ਦੀ ਅਗਵਾਈ ਹੇਠ ਸੰਵਿਧਾਨ ਦਿਵਸ ਮਨਾਉਂਦਿਆਂ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦਾ ਪ੍ਰਣ ਲਿਆ ਗਿਆ। ਸਹਾਇਕ ਕਮਿਸ਼ਨਰ ਜਨਰਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਵਿਧਾਨ ਦਿਵਸ ਮੌਕੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਕੇ ਸੁਣਾਉਣ ਉਪਰੰਤ ਸੰਵਿਧਾਨ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁਕਾਈ ਗਈ, ਜਿਸ ਵਿੱਚ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਣ, ਕਾਨੂੰਨ ਦੁਆਰਾ ਸਥਾਪਿਤ ਭਾਰਤ ਦੀ ਪ੍ਰਭੂਸਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ, ਆਪਣੇ ਅਹੁਦੇ ਦੇ ਕਾਰਜਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ, ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਗਿਆ।
  ਇਸ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਪ੍ਰਣ ਵੀ ਦਿਵਾਇਆ ਗਿਆ ਕਿ ਉਹ ਸਭ ਰਾਸ਼ਟਰੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਵਾਸਤੇ ਆਪਸੀ ਭਾਈਚਾਰਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਤੋਂ ਬਿਨਾਂ ਇਹ ਪ੍ਰਣ ਵੀ ਲਿਆ ਗਿਆ ਕਿ ਅਸੀਂ ਸਾਰੇ ਭਾਰਤ ਦੇ ਸਮੂਹ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਪ੍ਰਗਟਾਵਾ, ਵਿਸ਼ਵਾਸ਼, ਧਰਮ ਤੇ ਪੂਜਾ ਦੀ ਸੁਤੰਤਰਤਾ, ਗੋਰਵ ਅਤੇ ਮੌਕੇ ਦੀ ਸਮਾਨਤਾ ਪ੍ਰਾਪਤ ਕਰਨ ਵਾਸਤੇ ਸਮਾਨ ਅਵਸਰ ਪ੍ਰਦਾਨ ਕਰਾਉਣ ਲਈ ਸੰਵਿਧਾਨ ਪ੍ਰਤੀ ਸਮਰਪਿਤ ਹੋਵਾਂਗੇ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਵੱਲੋਂ ਭਾਰਤ ਨੂੰ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੇਖ, ਲੋਕਤੰਤਰਿਕ ਗਣਰਾਜ ਬਣਾਉਣ ਦਾ ਲਿਆ ਗਿਆ ਸੁਪਨਾ ਪੂਰਾ ਕਰਨ ਲਈ ਵੀ ਅਸੀਂ ਵਚਨਵਧ ਰਹਾਂਗੇ।
  ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ‘ਤੇ ਫੁੱਲ ਮਾਲਾਂ ਭੇਟ ਕਰਨ ਉਪਰੰਤ ਸਹਾਇਕ ਕਮਿਸ਼ਨਰ ਜਨਰਲ ਵਿਕਰਮਜੀਤ ਨੇ ਦੱਸਿਆ ਕਿ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ, ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋਇਆ। ਉਨ੍ਹਾਂ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਲੋਕ ਸੇਵਾ ਵਿੱਚ ਰਹਿੰਦੇ ਹੋਏ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸੰਜੀਵ ਪਠਾਨੀਆ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਗੁਰਪ੍ਰੀਤ ਸਿੰਘ, ਸੁਪਰਡੰਟ ਗ੍ਰੇਡ–1 ਮੇਜਰ ਪਰਮਿੰਦਰ ਸਿੰਘ ਸਮੇਤ ਹੋਰ ਵੀ ਜ਼ਿਲ੍ਹਾ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here