ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਸਿੱਖ ਨਜ਼ਰੀਏ ਤੋਂ ਸਮਾਗਮ

0
5

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਸਿੱਖ ਨਜ਼ਰੀਏ ਤੋਂ ਸਮਾਗਮ

“ਸ਼ਹੀਦ ਖਾਲੜਾ ਦੇ ਦਾਦਾ ਭਾਈ ਹਰਨਾਮ ਸਿੰਘ ਗੁਰੂ ਨਾਨਕ ਜਹਾਜ਼ ਰਾਹੀਂ ਮਨੁੱਖੀ ਹੱਕਾਂ ਦੇ ਸੰਘਰਸ਼ ਲਈ ਪ੍ਰੇਰਨਾ ਬਣੇ”- ਬੀਬੀ ਪਰਮਜੀਤ ਕੌਰ ਖਾਲੜਾ

ਸਰੀ, ਬੀਸੀ :

ਦਸ ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ ਵੱਲੋਂ ਰੱਖੇ ਗਏ ਸਮਾਗਮ ਵਿੱਚ ਅਹਿਮ ਇਤਿਹਾਸਿਕ ਵਿਚਾਰਾਂ ਹੋਈਆਂ। ਇਸ ਮੌਕੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਹਨਾਂ ਗੁਰੂ ਨਾਨਕ ਜਹਾਜ ਦੇ ਸਵਾਰਾਂ ‘ਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਸ਼ਹੀਦ ਖਾਲੜਾ ਦੇ ਦਾਦਾ ਭਾਈ ਹਰਨਾਮ ਸਿੰਘ ਖਾਲੜਾ ਦੀ ਜੀਵਨੀ ‘ਤੇ ਰੌਸ਼ਨੀ ਪਾਈ ਅਤੇ ਮਨੁੱਖੀ ਅਧਿਕਾਰਾਂ ਲਈ ਖਾਲੜਾ ਸਾਹਿਬ ਦੇ ਸੰਘਰਸ਼ ਦੀ ਦਾਸਤਾਨ ਬਿਆਨ ਕੀਤੀ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਡਾਕਟਰ ਗੁਰਵਿੰਦਰ ਸਿੰਘ ਨੇ ਇਸ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ‘ਚ ਗੁਰੂ ਨਾਨਕ ਜਹਾਜ਼, ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਸੰਘਰਸ਼ ਅਤੇ ਮਲਟੀਕਲਚਰਿਜਮ ਦੇ ਪ੍ਰਸੰਗ ‘ਚ ਉਹਨਾਂ ਦੀ ਦੇਣ ਅਤੇ ਉਹਨਾਂ ਬਾਰੇ ਨੈਸ਼ਨਲ ਮੀਡੀਆ ਵਿੱਚ ਗਲਤ ਬਿਰਤਾਂਤ ਸਬੰਧੀ ਖੁੱਲੀ ਗੱਲਬਾਤ ਕੀਤੀ।
ਪ੍ਰੋਗਰਾਮ ਵਿੱਚ ਸ. ਜਰਨੈਲ ਸਿੰਘ ਚਿੱਤਰਕਾਰ ਵੱਲੋਂ ਤਿਆਰ ਕੀਤੀਆਂ ਗੁਰੂ ਨਾਨਕ ਜਹਾਜ਼ ਦੀਆਂ ਚਾਰ ਵਡ-ਆਕਾਰੀ ਪੇਂਟਿੰਗਾਂ ਨੁਮਾਇਸ਼ ਵਜੋਂ ਸਾਂਝੀਆਂ ਕੀਤੀਆਂ ਗਈਆਂ, ਜਦਕਿ ਹੋਰ ਤਸਵੀਰਾਂ ਅਤੇ ਪੈਨਲ ਦੀ ਸਾਂਝ ਵੀ ਕੀਤੀ ਗਈ।
ਵਣਜਾਰਾ ਨੋਮੈਡ ਕਲੈਕਸ਼ਨਜ ਦੇ ਰਾਜ ਸਿੰਘ ਭੰਡਾਲ ਵੱਲੋਂ ‘ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ’ ਅਤੇ ਵੈਨਕੂਵਰ ਯੂਨੀਵਰਸਿਟੀ ਵਿੱਚ ‘ਓਵਰਕਾਸਟ’ ਨਾਂ ਤੇ ਪ੍ਰਦਰਸ਼ਨੀ ਤੋਂ ਇਲਾਵਾ, ਮਿਊਜ਼ੀਅਮ ਦੇ ਸਬੰਧ ਵਿੱਚ ਖੜੇ ਵਿਵਾਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ‘ਤੇ ਪ੍ਰਬੰਧ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰਾਂ ਨੇ ਤਨ-ਦੇਹੀ ਨਾਲ ਸੇਵਾ ਨਿਭਾਈ। ਸਮਾਗਮ ਦਾ ਸੰਚਾਲਨ ਤਜਿੰਦਰਪਾਲ ਸਿੰਘ ਨੇ ਕੀਤਾ ਅਤੇ ਸੰਗਤਾਂ ਦਾ ਧੰਨਵਾਦ ਡਾਕਟਰ ਜਸਜੋਤ ਸਿੰਘ ਮਾਨ ਵੱਲੋਂ ਕੀਤਾ ਗਿਆ। ਤਾਜ ਕਨਵੈਂਸ਼ਨ ਸੈਂਟਰ ਦੇ ਕੁਲਤਾਰ ਸਿੰਘ ਥਿਆੜਾ ਅਤੇ ਸਮੂਹ ਪ੍ਰਬੰਧਕਾਂ ਨੇ ਪਰਜੋਰ ਸਹਿਯੋਗ ਦਿੱਤਾ।
ਇਸ ਮੌਕੇ ਤੇ ਵੱਖ ਵੱਖ ਗੁਰਦੁਆਰਾ ਸੁਸਾਇਟੀਆਂ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਈਆਂ, ਜਿਨਾਂ ਨੇ ਪਿਛਲੇ ਲੰਮੇ ਸਮੇਂ ਦੌਰਾਨ ਗੁਰੂ ਨਾਨਕ ਜਹਾਜ਼ ਦੇ ਨਾਂ ਦੀ ਮਾਨਤਾ ਸਮੇਤ ਵੱਖ ਵੱਖ ਮੁੱਦਿਆਂ ਤੇ ਬੇਅੰਤ ਸਹਿਯੋਗ ਦਿੱਤਾ। ਸਮੁੱਚੇ ਰੂਪ ਵਿੱਚ ਇਸ ਸਮਾਗਮ ਦੌਰਾਨ ਗੁਰੂ ਨਾਨਕ ਜਹਾਜ਼ ਦੇ ਇਤਿਹਾਸਿਕ ਪ੍ਰਸੰਗ, ਅਸੀਂ ਦੱਖਣੀ ਏਸ਼ੀਆਈ ਨਹੀਂ ਹਾਂ ਅਤੇ ਯੂਨੀਵਰਸਿਟੀਆਂ ‘ਚ ਹੋ ਰਹੀ ‘ਸਿੱਖ ਵਿਰੋਧੀ ਸਿਧਾਂਤਕ ਘੇਰਾਬੰਦੀ’ ਬਾਰੇ ਡੂੰਘੀ ਵਿਚਾਰ ਚਰਚਾ ਹੋਈ। ਸਮਾਗਮ ਤਿੰਨ ਘੰਟੇ ਚਲਿਆ ਅਤੇ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here