ਸਤਿ ਸ੍ਰੀ ਅਕਾਲ ਜੀ, ਨਵੀਂ ਲਿਖਤ ਪ੍ਰਵਾਨ ਕਰਨੀ ਜੀ।
ਸੁੰਨੇ ਰਹਿ ਗਏ ਆਲ੍ਹਣੇ
ਸ਼ਨੀਵਾਰ 13 ਦਸੰਬਰ 2025 ਨੂੰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਆਪਣੇ ਲੜੀਵਾਰ ਪ੍ਰੋਗਰਾਮ “ਅੱਖਰ ਬੋਲਦੇ ਨੇ” ਵਿੱਚ ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਨਾਵਲ ਦੇ ਲੇਖਕ ਬਿੰਦਰ ਕੋਲੀਆਂ ਵਾਲ ਇਸ ਤੋਂ ਪਹਿਲਾਂ ਅੱਠ ਨਾਵਲ ਆਪਣੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਚਰਚਾ ਵਿੱਚ ਪੰਜਾਬ ਤੋਂ ਇਲਾਵਾ ਕੈਨੇਡਾ ਤੋਂ ਵੀ ਵਿਦਵਾਨਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਕਾਫ਼ਲੇ ਦੇ ਸਰਪ੍ਰਸਤ ਬਿੰਦਰ ਕੋਲੀਆਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਵਿਦਵਾਨਾਂ ਨੂੰ ਜੀ ਆਇਆਂ ਜੀ ਕਹਿੰਦੇ ਹੋਏ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਰਮਜੀਤ ਕੌਰ ਰਾਣਾ ਨੂੰ ਸੌਂਪੀ । ਨਾਵਲ ਦੇ ਵੱਖ-ਵੱਖ ਵਿਸ਼ਿਆ ਉੱਪਰ ਗੱਲਬਾਤ ਕੀਤੀ ਗਈ। ਨਾਵਲ “ਸੁੰਨੇ ਰਹਿ ਗਏ ਆਲ੍ਹਣੇ” ਪ੍ਰਵਾਸ ਦੀ ਜ਼ਿੰਦਗੀ ਬਿਆਨ ਕਰਦਾ ਯਥਾਰਥ ਨਾਲ ਜੁੜਿਆ ਨਾਵਲ ਹੈ। ਲੇਖਕ ਬਿੰਦਰ ਕੋਲੀਆਂ ਵਾਲ ਨੇ ਇਸ ਨਵਾਲ ਵਿੱਚ ਪੰਜਾਬ ਅਤੇ ਕੈਨੇਡਾ ਦੀ ਦੁਹਰੀ ਜ਼ਿੰਦਗੀ ਨੂੰ ਬਿਆਨ ਕੀਤਾ ਹੈ। ਜਿੱਥੇ ਕੈਨੇਡਾ ਵਿੱਚ ਪੰਜਾਬ ਦੀ ਰੁਲਦੀ ਜਵਾਨੀ ਬਾਰੇ ਚਿੰਤਾ ਕੀਤੀ ਗਈ ਉੱਥੇ ਨਾਲ ਹੀ ਪੰਜਾਬ ਵਿੱਚ ਬੰਦ ਪਏ ਮਹਿਲਾਂ ਵਰਗੇ ਘਰਾਂ ਬਾਰੇ ਵੀ ਲੇਖਕ ਚਿੰਤਤ ਹੈ। ਨਾਵਲ ਦੇ ਨਾਮਕਰਣ ਤੇ ਨਿਭਾਅ ਬਾਰੇ ਗੱਲਬਾਤ ਮੋਤੀ ਸ਼ਾਇਰ ਪੰਜਾਬੀ ਨੇ ਕੀਤੀ । ਮੋਤੀ ਸ਼ਾਇਰ ਪੰਜਾਬੀ ਨੇ ਨਾਵਲ ਦੇ ਨਾਮਕਰਣ ਬਾਰੇ ਸਿਰਲੇਖ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਆਲ੍ਹਣੇ ਕੇਵਲ ਪੰਛੀ ਹੀ ਨਹੀਂ ਬਣਾਉਂਦੇ ਸਗੋਂ ਮਨੁੱਖ ਵੀ ਆਪਣੇ ਜਜ਼ਬਾਤਾਂ ਤੇ ਮਿਹਨਤ ਨਾਲ ਘਰ ਬਣਾਉਂਦੇ ਹਨ। ਪ੍ਰਿੰਸੀਪਲ ਲਖਬੀਰ ਸਿੰਘ ਸੈਦਪੁਰ ਨੇ ਨਾਵਲ ਦੀ ਪਾਤਰ ਉਸਾਰੀ ਤੇ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਸਮੇਂ ਮੁਤਾਬਿਕ ਪਾਤਰ ਦੇ ਮੂੰਹੋਂ ਭਾਸ਼ਾ ਬੁਲਵਾਈ ਗਈ ਹੈ। ਨਾਵਲਕਾਰ ਵੱਲੋਂ ਵਰਤੀਆਂ ਨਾਵਲੀ ਯੁਗਤਾਂ ਬਾਰੇ ਗੱਲ ਕਰਦਿਆਂ ਮੁਖਤਾਰ ਸਿੰਘ ਚੰਦੀ ਨੇ ਕਿਹਾ ਕਿ ਨਾਵਲਕਾਰ ਵੱਲੋਂ ਯੁਗਤਾਂ ਨੂੰ ਵਧੀਆ ਢੰਗ ਨਾਲ ਵਰਤਿਆ ਗਿਆ ਹੈ। ਉਸ ਤੋਂ ਬਾਅਦ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਜੀ, ਦਸੂਹਾ ਪੰਜਾਬ ਹੁਰਾਂ ਨੇ ਆਪਣੇ ਬਹੁਤ ਸੋਹਣੇ ਸ਼ਬਦਾਂ ਵਿੱਚ ਬਹੁਤ ਡੂੰਘੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਨਾਵਲਕਾਰ ਬਿੰਦਰ ਕੋਲੀਆਂ ਬਹੁਤ ਜਲਦ ਨਾਵਲਕਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋਣਗੇ। ਅਗਲੇ ਸੱਦੇ ਤੇ ਖੁੱਲ੍ਹੀ ਕਵਿਤਾ ਦੇ ਮਾਹਿਰ ਪ੍ਰਿੰਸੀਪਲ ਹਰਸ਼ਰਨ ਕੌਰ ਜੀ ਕੈਨੇਡਾ ਨੇ ਨਾਵਲ ਵਿੱਚ ਪੇਸ਼ ਕੀਤੇ ਕੈਨੇਡਾ ਵਿੱਚ ਪੰਜਾਬੀਆਂ ਦੇ ਚੰਗੇ ਤੇ ਮਾੜੇ ਕਿਰਦਾਰਾਂ ਤੇ ਚਾਨਣਾ ਪਾਇਆ। ਉਸ ਤੋਂ ਬਾਅਦ ਰਾਣਾ ਜੀ ਨੇ ਨਾਵਲਕਾਰ ਸੁਰਿੰਦਰ ਸਿੰਘ ਨੇਕੀ, ਦਸੂਹਾ ਪੰਜਾਬ ਹੋਰਾਂ ਨੂੰ ਮੰਚ ਤੇ ਆਉਣ ਲਈ ਬੇਨਤੀ ਕੀਤੀ। ਨੇਕੀ ਜੀ ਆਪ ਨਾਵਲਕਾਰ ਹੋਣ ਨਾਤੇ ਨਾਵਲ ਵਿਧਾ ਨੂੰ ਬਹੁਤ ਚੰਗੀ ਤਰਾਂ ਸਮਝਦੇ ਹਨ। ਉਹਨਾਂ ਨੇ ਆਪਣੀ ਡੂੰਘੀ ਪਰਖ ਅਨੁਸਾਰ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅਖੀਰ ਵਿੱਚ ਸਰਬਜੀਤ ਸਿੰਘ ਜਰਮਨੀ ਨੇ ਮੰਚ ਤੇ ਮੌਜੂਦ ਸਾਰੇ ਬੁੱਧੀਜੀਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਮੰਨਣਾ ਇਹ ਹੈ ਕਿ ਸਾਹਿਤ ਲਿਖਣਾ, ਸਾਹਿਤ ਦੀ ਸਭ ਤੋਂ ਵੱਡੀ ਤੇ ਔਖੀ ਵਿਧਾ ਨਾਵਲ ਲਿਖਣਾ ਬਹੁਤ ਜਿਆਦਾ ਔਖਾ ਕਾਰਜ ਹੈ , ਤੇ ਉਸ ਤੋਂ ਜ਼ਿਆਦਾ ਔਖਾ ਹੈ ਨਾਵਲ ਨੂੰ ਪੜ੍ਹ ਕੇ ਉਸ ਤੇ ਪੜਚੋਲ ਕਰਕੇ ਆਪਣੇ ਆਪਣੇ ਵਿਚਾਰ ਦੇਣੇ। ਅਖੀਰ ਮੈਂ ਪਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਬਿੰਦਰ ਕੋਲੀਆਂ ਵਾਲ ਜੀ ਦੀ ਕਲਮ ਇਸੇ ਤਰ੍ਹਾਂ ਚੱਲਦੀ ਰਹੇ ਤੇ ਅਸੀਂ ਸਾਰੇ ਇਸੇ ਤਰ੍ਹਾਂ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦੇ ਮੰਚ ਤੇ ਇਕੱਠੇ ਹੋ ਕੇ ਪ੍ਰੋਗਰਾਮ ਪੇਸ਼ ਕਰਕੇ ਮਾਂ ਬੋਲੀ ਪੰਜਾਬੀ ਦੇ ਮਾਣ ਸਨਮਾਨ ਵਿੱਚ ਵਾਧਾ ਕਰਦੇ ਰਹੀਏ।






