ਗੁਰਮੀਤ ਸਿੰਘ ਖੁੱਡੀਆਂ ਵੱਲੋਂ ਫਾਰੇਸ ਸਾਏਬ ਨਾਲ ਮੀਟਿੰਗ; ਇਜ਼ਰਾਈਲ ਨੇ ਪੰਜਾਬ ਤੋਂ ਅਨਾਜ ਬੀਜਾਂ ਦੀ ਦਰਾਮਦ ਵਿੱਚ ਡੂੰਘੀ ਦਿਲਚਸਪੀ ਦਿਖਾਈ

0
7
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

ਸੂਬੇ ਨੂੰ ਸੀਡ ਕੈਪੀਟਲ ਵਜੋਂ ਸਥਾਪਤ ਕਰਨ ਲਈ ਪੰਜਾਬ ਤੇ ਇਜ਼ਰਾਈਲ ਕਰਨਗੇ ਰਣਨੀਤਕ ਖੇਤਬਾੜੀ ਭਾਈਵਾਲੀ

*• ਗੁਰਮੀਤ ਸਿੰਘ ਖੁੱਡੀਆਂ ਵੱਲੋਂ ਫਾਰੇਸ ਸਾਏਬ ਨਾਲ ਮੀਟਿੰਗ; ਇਜ਼ਰਾਈਲ ਨੇ ਪੰਜਾਬ ਤੋਂ ਅਨਾਜ ਬੀਜਾਂ ਦੀ ਦਰਾਮਦ ਵਿੱਚ ਡੂੰਘੀ ਦਿਲਚਸਪੀ ਦਿਖਾਈ*

*•ਅਕਾਦਮਿਕ ਆਦਾਨ-ਪ੍ਰਦਾਨ ਤਹਿਤ ਇਜ਼ਰਾਈਲ ਦੀ ਅਤਿ-ਆਧੁਨਿਕ ਖੇਤੀਬਾੜੀ ਤਕਨੀਕਾਂ ਅਪਣਾਏਗਾ ਪੰਜਾਬ: ਖੁੱਡੀਆਂ*

ਚੰਡੀਗੜ੍ਹ, 22 ਦਸੰਬਰ:

ਪੰਜਾਬ ਨੂੰ ਆਲਮੀ ਸੀਡ ਕੈਪੀਟਲ ਵਜੋਂ ਸਥਾਪਤ ਕਰਨ ਲਈ ਸੂਬਾ ਸਰਕਾਰ ਵੱਲੋਂ ਅਤਿ-ਆਧੁਨਿਕ ਖੇਤੀਬਾੜੀ ਤਕਨੀਕਾਂ ਅਪਨਾਉਣ ਵਾਸਤੇ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇਜ਼ਰਾਈਲ ਦੇ ਸਫ਼ਾਰਤਖ਼ਾਨੇ ਦੇ ਮੰਤਰੀ, ਡਿਪਟੀ ਮਿਸ਼ਨ ਹੈੱਡ ਸ੍ਰੀ ਫਾਰੇਸ ਸਾਏਬ ਨਾਲ ਉੱਚ-ਪੱਧਰੀ ਮੀਟਿੰਗ ਕੀਤੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਸਹਿਯੋਗ ਚਾਰ ਮੁੱਖ ਖੇਤਰਾਂ ‘ਤੇ ਕੇਂਦਰਿਤ ਹੋਵੇਗਾ, ਜਿਨ੍ਹਾਂ ਵਿੱਚ ਇਜ਼ਰਾਈਲ ਨੂੰ ਅਨਾਜ ਬੀਜਾਂ ਦੀ ਬਰਾਮਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਅਤੇ ਇਜ਼ਰਾਈਲੀ ਸੰਸਥਾਵਾਂ ਦਰਮਿਆਨ ਅਕਾਦਮਿਕ ਆਦਾਨ-ਪ੍ਰਦਾਨ, ਸਿਟਰਸ ਫਲਾਂ ਦਾ ਲੈਣ-ਦੇਣ ਅਤੇ ਉੱਨਤ ਜਲ-ਪ੍ਰਬੰਧਨ ਤਕਨੀਕਾਂ ਨੂੰ ਅਪਣਾਉਣਾ ਸ਼ਾਮਲ ਹੈ।

ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਵਿਚਾਰ-ਵਟਾਂਦਰੇ ਦੌਰਾਨ ਇਜ਼ਰਾਈਲ ਦੀ ਪ੍ਰਭਾਵੀ ‘ਐਨ-ਡ੍ਰਿਪ’ ਸਿੰਜਾਈ ਪ੍ਰਣਾਲੀ ਦੇ ਲਾਗੂਕਰਨ ‘ਤੇ ਵਿਸ਼ੇਸ਼ ਚਰਚਾ ਹੋਈ, ਜੋ 70 ਫੀਸਦ ਤੱਕ ਪਾਣੀ ਦੀ ਬਚਤ ਕਰਦੀ ਹੈ ਅਤੇ ਊਰਜਾ ਦੀ ਖਪਤ ਨੂੰ ਵੀ ਕਾਫ਼ੀ ਘਟਾਉਂਦੀ ਹੈ। ਸੂਬਾ ਸਰਕਾਰ ਵੱਲੋਂ ਇਜ਼ਰਾਈਲ ਦੇ ਮਾਡਲ, ਜਿਸ ਤਹਿਤ 95 ਫੀਸਦ ਸੋਧੇ ਹੋਏ ਗੰਦੇ ਪਾਣੀ ਨੂੰ ਮੁੜ ਖੇਤੀਬਾੜੀ ਉਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ, ਦੀ ਤਰਜ਼ ‘ਤੇ ਸੀਵਰੇਜ ਅਤੇ ਪਿੰਡ ਦੇ ਛੱਪੜਾਂ ਦੇ ਪਾਣੀ ਨੂੰ ਸੋਧ ਕੇ ਸਿੰਜਾਈ ਲਈ ਵਰਤਣ ਵਾਸਤੇ ਇਜ਼ਰਾਈਲ ਦੀ ਮੁਹਾਰਤ ਨੂੰ ਆਪਨਾਉਣ ਸਬੰਧੀ ਸੰਭਾਵਨਾਵਾਂ ਦੀ ਵੀ ਪੜਚੋਲ ਸ਼ਾਮਲ ਸੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਰਣਨੀਤਕ ਭਾਈਵਾਲੀ ਪੰਜਾਬ ਦੇ ਕਿਸਾਨ ਭਾਈਚਾਰੇ ਲਈ ਲਾਹੇਵੰਦ ਤੇ ਦੂਰਅੰਦੇਸ਼ ਕਦਮ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਇਜ਼ਰਾਈਲ ਦੀ ਤਕਨਾਲੋਜੀ ਅਤੇ ਮੁਹਾਰਤ ਨੂੰ ਆਪਣੀ ਖੇਤੀਬਾੜੀ ਸਮਰੱਥਾ ਨਾਲ ਜੋੜਦਿਆ ਪਾਣੀ ਦੇ ਸਰੋਤਾਂ ਦੀ ਸੁਰੱਖਿਆ, ਕਿਸਾਨਾਂ ਦਾ ਮੁਨਾਫ਼ਾ ਵਧਾਉਣਾ ਅਤੇ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਬੀਜ ਉਤਪਾਦਨ ਅਤੇ ਟਿਕਾਊ ਅਭਿਆਸਾਂ ਵਿੱਚ ਮੋਹਰੀ ਬਣਾਉਣਾ ਹੈ।”

ਖੇਤੀਬਾੜੀ ਖੋਜ ਤੇ ਵਿਕਾਸ ਅਤੇ ਸੋਧੇ ਪਾਣੀ ਦੀ ਮੁੜ ਵਰਤੋਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਤੋਂ ਇੱਕ ਉੱਚ ਪੱਧਰੀ ਵਫ਼ਦ ਨੂੰ ਇਜ਼ਰਾਈਲ ਦੌਰੇ ਦਾ ਸੱਦਾ ਦਿੰਦਿਆਂ ਸ੍ਰੀ ਫਾਰੇਸ ਸਾਏਬ ਨੇ ਪੰਜਾਬ ਤੋਂ ਅਨਾਜ ਬੀਜਾਂ ਦੀ ਦਰਾਮਦ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਇਸ ਗੱਲ ‘ਤੇ ਵੀ ਚਾਨਣਾ ਪਾਇਆ ਕਿ ਦਿੱਲੀ ਤੋਂ ਇਜ਼ਰਾਈਲ ਲਈ ਸਿੱਧੀ ਹਵਾਈ ਉਡਾਣ, ਜਿਸ ਨਾਲ ਸਫ਼ਰ ਮਹਿਜ਼ ਛੇ ਘੰਟੇ ਰਹਿ ਜਾਵੇਗਾ, ਜਨਵਰੀ 2026 ਵਿੱਚ ਸ਼ੁਰੂ ਹੋਵੇਗੀ।

ਮੀਟਿੰਗ ਵਿੱਚ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਸ੍ਰੀ ਅਰਸ਼ਦੀਪ ਸਿੰਘ ਥਿੰਦ, ਐਮਡੀ ਪੰਜਾਬ ਐਗਰੋ ਹਰਗੁਣਜੀਤ ਕੌਰ, ਵਿਸ਼ੇਸ਼ ਸਕੱਤਰ ਖੇਤੀਬਾੜੀ ਬਲਦੀਪ ਕੌਰ, ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

———

LEAVE A REPLY

Please enter your comment!
Please enter your name here