ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਸਟ, ਜਰਮਨੀ ਵਿਖੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ  ਸ਼ਹੀਦੀ ਸਮਾਗਮ ਕਰਵਾਇਆ ਗਿਆ

0
10

ਸਫ਼ਰ-ਏ-ਸ਼ਹਾਦਤ
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਸਟ, ਜਰਮਨੀ ਵਿਖੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ  ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਿਨ ਬੁੱਧਵਾਰ 24 ਦਸੰਬਰ 2025  ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ ਅਤੇ ਦਿਨ ਸ਼ੁੱਕਰਵਾਰ 26 ਦਸੰਬਰ 2025 ਨੂੰ  ਭੋਗ ਪਾਇਆ ਗਿਆ। ਭੋਗ ਪਾਉਣ ਉਪਰੰਤ ਸਮੂਹ ਸਾਧ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਅਰਦਾਸ ਉਪਰੰਤ ਢਾਡੀ ਜਥਾ ਭਾਈ ਸਤਪਾਲ ਸਿੰਘ ਗਰਚਾ, ਆਸਟਰੀਆ ਵਾਲਿਆਂ ਦੇ ਢਾਡੀ ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖਾਲਸਾ ਪੰਥ ਸਜਾਉਣ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੱਕ ਦਾ ਇਤਿਹਾਸ ਵੀਰ ਰਸ ਵਿੱਚ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸੱਤਪਾਲ ਸਿੰਘ ਜੀ ਨੇ ਢਾਡੀ ਦਰਬਾਰ ਦੀ ਸ਼ੁਰੂਆਤ ਇਸ ਸ਼ੇਅਰ ਨਾਲ ਕੀਤੀ।

ਸਾਡਾ ਸੰਗਲ ਗੁਲਾਮੀ ਦਾ ਤੋੜ ਦਿੱਤਾ,
ਮੇਲ ਜੋੜ ਕੇ ਚੌਹਾਂ ਸ਼ਰੇਣੀਆਂ ਨੂੰ,
ਵੱਖਰੇ ਮੋੜ ਵੱਲ ਕੌਮ ਨੂੰ ਮੋੜ ਦਿੱਤਾ।
ਤੇਰੇ ਬਾਟਿਓਂ ਅੰਮ੍ਰਿਤ ਦੀ ਬੂੰਦ ਪੀ ਕੇ,
ਤੇ ਫੜ ਕੇ ਚਿੜੀ ਨੇ ਬਾਜ਼ ਮਰੋੜ ਦਿੱਤਾ।
ਇੱਕ ਹੱਥ ਮਾਲਾ ਦੂਜੇ ਤਲਵਾਰ ਦੇ ਕੇ,
ਹੋ ਸਕਦੀ ਭਗਤੀ ਨੂੰ ਇਕੱਠਿਆ ਜੋੜ ਦਿੱਤਾ,
ਸ਼ਕਤੀ ਭਗਤੀ ਨੂੰ ਇਕੱਠਿਆਂ ਜੋੜ ਦਿੱਤਾ।

ਗੁਰੂ ਨਾਨਕ ਪਾਤਸ਼ਾਹ ਦੇ ਲਾਏ ਸਿੱਖੀ ਦੇ ਬੂਟੇ ਨੂੰ ਨੌ ਗੁਰੂ ਸਾਹਿਬਾਨਾਂ ਨੇ ਉਸ ਸਿੱਖੀ ਦੇ ਬੂਟੇ ਨੂੰ ਪਾਣੀ ਲਾ ਕੇ ਜਵਾਨ ਕੀਤਾ। ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੇਂ ਸਰੂਪ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਅੰਦਰ ਸੰਗਤਾਂ ਨੂੰ ਤਾਰ ਰਹੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ 1675 ਈਸਵੀ ਸੰਮਤ 1732 ਬਿਕਰਮੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਹਿੰਦੂ ਧਰਮ ਬਚਾਉਣ ਲਈ ਸ਼ਹੀਦ ਹੋ ਗਏ ਸਨ। ਨੌਵੇਂ  ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਤਕਰੀਬਨ 24 ਸਾਲ ਤੱਕ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖ਼ਾਲਸਾ ਪੰਥ ਸਜਾਇਆ। ਖ਼ਾਲਸਾ ਪੰਥ ਸਜਾਉਣ ਨਾਲ ਸਿੱਖਾਂ ਵਿੱਚ ਗੁਰੂ ਸਾਹਿਬ ਜੀ ਨੇ ਐਸਾ ਜੋਸ਼ ਭਰ ਦਿੱਤਾ ਕਿ ਜਿਸ ਨੂੰ ਆਰੇ ਵੀ ਚੀਰ ਨਾ ਸਕੇ, ਲਾਲਚ ਵੀ ਖਰੀਦ ਨਾ ਸਕੇ, ਅੱਗ ਸਾੜ ਨਾ ਸਕੀ। ਗੁਰੂ ਸਾਹਿਬ ਜੀ ਦੀ ਮਹਿਮਾ ਮੁਗ਼ਲਾਂ ਤੇ ਹਿੰਦੂ ਰਾਜਿਆਂ ਤੋਂ ਸਹਾਰੀ ਨਾ ਗਈ। ਉਹਨਾਂ ਗੁਰੂ ਸਾਹਿਬ ਜੀ ਤੇ ਕਈ ਹਮਲੇ ਕੀਤੇ ਪਰ ਹਾਰ ਗਏ। ਅਖੀਰ ਸ੍ਰੀ ਅਨੰਦ ਪੁਰ ਸਾਹਿਬ ਵਿੱਚ ਕਿਲ੍ਹੇ ਨੂੰ ਕਈ ਮਹੀਨੇ ਕਈ ਲੱਖਾਂ ਫੌਜਾਂ ਨਾਲ ਘੇਰਾ ਪਾਈ ਰੱਖਿਆ। ਆਖ਼ਰ ਉਹਨਾਂ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਜੀ ਨੂੰ ਬਚਨ ਦਿੱਤਾ ਕਿ ਜੇਕਰ ਉਹ ਕਿਲ੍ਹਾ ਖਾਲੀ ਕਰ ਦੇਣ ਤਾਂ ਉਹ ਕੁਝ ਨਹੀਂ ਕਰਨਗੇ। ਕਈ ਮਹੀਨਿਆਂ ਦੇ ਘੇਰੇ ਕਰਕੇ ਕਿਲ੍ਹੇ ਅੰਦਰ ਸਿੰਘਾ ਦੇ ਖਾਣ ਦੀ ਰਸਤ ਵੀ ਖ਼ਤਮ ਹੋ ਚੁੱਕੀ ਸੀ ਜਿਸ ਕਰਕੇ ਕਈ ਸਿੰਘ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਤੇ ਕਿਲ੍ਹਾ ਛੱਡ ਕੇ ਚਲੇ ਗਏ।  ਜਿਸ ਦਿਨ ਗੁਰੂ ਸਾਹਿਬ ਜੀ ਨੇ ਕਿਲ੍ਹਾ ਛੱਡਿਆ ਉਸ ਦਿਨ ਦਾ ਬਿਆਨ ਢਾਡੀ ਜਥੇ ਨੇ ਇਸ ਵਾਰ ਰਾਹੀ ਕੀਤਾ।

ਮੈਨੂੰ ਦੱਸ ਦਿਓ ਦਾਤਾ ਜੀ ਮੁੜ ਕੇ ਕਦੋਂ ਅਨੰਦਪੁਰ ਆਉਣਾ,  ਘੋੜਿਆਂ ਦੀ ਬਾਜਾਂ ਵਾਲੇ ਸਤਿਗੁਰ ਕਰੀ ਤਿਆਰੀ ਸੀ,
ਕੁਦਰਤ ਰਾਣੀ ਨੇ ਤੱਕ ਕੇ ਥਾਹਾਂ ਅੰਬਰ ਤੋਂ ਮਾਰੀ ਸੀ,
ਦਿਲ ਭਰ ਕੇ ਸਾਧੂ ਕੇ ਸਾਨੂੰ ਕਿਸ ਨੇ ਧੀਰ ਧਰਾਉਣਾ ,
ਮੈਨੂੰ ਦੱਸ ਦਿਓ ਦਾਤਾ ਜੀ ਮੁੜ ਕੇ ਕਦੋਂ ਅਨੰਦਪੁਰ ਆਉਣਾ।
ਇਸੇ ਹੀ ਧਰਤੀ ਤੋਂ ਸਤਿਗੁਰੂ ਨੌਵੇਂ ਤੇਗ਼ ਬਹਾਦਰ ਜੀ,
ਬਣ ਕੇ ਤੁਰੇ  ਹਿੰਦ ਦੀ ਚਾਦਰ ਰੁੜ੍ਹਦਾ ਧਰਮ ਬਚਾਵਣ ਲਈ,
ਸੀ ਦੁਖੀਆਂ ਦਾ ਕਿਸ ਨੇ ਜੰਜੂ ਤਿਲਕ ਬਚਾਉਣਾ,
ਮੈਨੂੰ ਦੱਸ ਦਿਓ ਦਾਤਾ ਜੀ ਮੁੜ ਕੇ ਕਦੋਂ ਅਨੰਦਪੁਰ ਆਉਣਾ,
ਮੈਨੂੰ ਦੱਸ ਦਿਓ ਦਾਤਾ ਜੀ ਮੁੜ ਕੇ ਕਦੋਂ ਅਨੰਦਪੁਰ ਆਉਣਾ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੜੀ ਚਮਕੌਰ ਵਿੱਚ ਠਹਿਰਨਾ ਤੇ ਮੁਗਲਾਂ ਦਾ ਕੁਰਾਨ ਦੀਆਂ ਕਸਮਾਂ ਖਾ ਕੇ ਧੋਖਾ ਦੇ ਜਾਣਾ, ਪਿੱਠ ਤੇ ਵਾਰ ਕਰਨਾ, ਗੜ੍ਹੀ ਚਮਕੌਰ ਦੀ ਭਿਆਨਕ ਜੰਗ ਹੋਣਾ, ਗੁਰੂ ਸਾਹਿਬ ਜੀ ਦਾ ਆਪਣੇ ਸਾਹਿਬਜ਼ਾਦਿਆਂ ਨੂੰ ਸਿੰਘਾਂ ਦੇ ਬਰਾਬਰ ਸਮਝਣਾ, ਬਾਬਾ ਅਜੀਤ ਸਿੰਘ ਦਾ ਜੰਗ ਵਿੱਚ ਜਾਣ ਲਈ ਗੁਰੂ ਪਿਤਾ ਤੋਂ ਇਜਾਜ਼ਤ ਲੈਣਾ ਤੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋ ਜਾਣਾ, ਬਾਅਦ ਵਿੱਚ ਸਾਹਿਬਜਾਦਾ ਜੁਝਾਰ ਸਿੰਘ ਜੀ ਦਾ ਗੁਰੂ ਪਿਤਾ ਤੋਂ ਇਜਾਜ਼ਤ ਲੈਣਾ,  ਗੁਰੂ ਸਾਹਿਬ ਜੀ ਦੇ ਮਨਾ ਕਰਨ ਤੇ ਵੀ ਬੇਨਤੀ ਕਰਨਾ ਤੇ ਜੰਗ ਵਿੱਚ ਜਾ ਕੇ ਵੱਡੀ ਉਮਰ ਦੇ ਸਿੰਘਾਂ ਤੋਂ ਵੱਧ ਕੇ ਜੌਹਰ ਦਿਖਾਉਣੇ ਤੇ ਕਈਆਂ ਵੈਰੀਆਂ ਨੂੰ ਮਾਰ ਮੁਕਾਉਣਾ, ਗੁਰੂ ਸਾਹਿਬ ਦੇ ਢਾਈ ਮਣ ਤੀਰ ਕਮਾਣ ਦੀ ਸਿਫ਼ਤ, ਗੁਰੂ ਸਾਹਿਬ ਦੇ ਸਿੰਘਾਂ ਦੀ ਸਿਫ਼ਤ, ਗੁਰੂ ਸਾਹਿਬ ਜੀ ਦੇ ਬਾਣੇ ਦੀ ਸਿਫ਼ਤ, ਗੁਰੂ ਸਾਹਿਬ ਦੇ ਜੀ ਦਾ ਆਪਣੇ ਸਾਹਿਬਜ਼ਾਦਿਆਂ ਅਤੇ ਆਪਣੇ ਸਿੱਖਾਂ ਵਿੱਚ ਫਰਕ ਨਾ ਕਰਨ ਦੀ ਸਿਫ਼ਤ ਬਹੁਤ ਖੂਬ ਬਿਆਨ ਕੀਤਾ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪਾ ਗਏ ਤਾਂ ਗੁਰੂ ਸਾਹਿਬ ਜੀ ਨੇ ਆਪ ਯੁੱਧ ਵਿੱਚ ਜਾਣਾ ਚਾਹਿਆ। ਪੰਜ ਸਿੰਘਾ ਨੇ ਗੁਰੂ ਸਾਹਿਬ ਜੀ ਨੂੰ ਯੁੱਧ ਵਿੱਚ ਜਾਣ ਤੋਂ ਰੋਕਿਆ ਤੇ ਬੇਨਤੀ ਕੀਤੀ ਕਿ ਤੁਸੀਂ ਗੜ੍ਹੀ ਛੱਡ ਕੇ ਨਿਕਲ ਜਾਓ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਪਿੱਠ ਵਿਖਾ ਕੇ ਨਹੀਂ ਸਗੋਂ ਦੁਸ਼ਮਣਾਂ ਨੂੰ ਲਲਕਾਰ ਕੇ ਜਾਵਾਂਗਾ। ਉਸ ਵੇਲੇ ਪਾਤਸ਼ਾਹ ਜੀ ਨੇ ਉੱਚੀ ਪਹਾੜੀ ਤੇ ਖਲੋ ਕੇ ਇੱਕ ਨਾਰਾ ਲਾਇਆ।

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ।
ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ।
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ।

ਨਾਲ ਹੀ ਢਾਡੀ ਜੱਥੇ ਨੇ ਇਹ ਵਾਰ ਗਾ ਕੇ ਗੁਰੂ ਸਾਹਿਬ ਜੀ ਦੀ ਮਹਿਮਾ ਬਿਆਨ ਕੀਤੀ।

ਮੈਂ ਨਾਗਣ ਪਾਵਾਂਗਾ ਤੀਰਾਂ ਦੇ ਅੱਗੇ,
ਮੈਂ ਬਿਜਲੀ ਨਚਾ ਦੇਓ ਸ਼ਮਸ਼ੀਰਾਂ ਦੇ ਅੱਗੇ,
ਮੈਂ ਸੁੱਤੀ ਗਰੀਬਾਂ ਦੀ ਕਿਸਮਤ ਨੂੰ ਜੋੜਾਂ,
ਇੱਕ ਧਾਰ ਅੱਗੇ ਬਾਈ ਧਾਰ ਰੋਣਾ,
ਮੈਂ ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ,
ਇਹਨਾਂ ਮੋਇਆ ਦੇ ਮੂੰਹ ਤੇ ਲਿਆਉਣੇ ਨੇ ਹਾਸੇ,
ਜਿਹੜੇ ਕੰਮ ਰਹਿ ਗਏ ਨੇ ਕਲਮ ਤੋਂ ਅਧੂਰੇ,
ਉਹ ਕਰਾਂਗਾ ਮੈਂ ਤਲਵਾਰ ਨਾਲ ਪੂਰੇ।…….

ਇਸ ਢਾਡੀ ਜੱਥੇ  ਦੀ ਇੱਕ ਖਾਸੀਅਤ ਇਹ ਵੀ ਹੈ ਕਿ ਲਗਭਗ ਢਾਈ ਘੰਟੇ ਦੇ ਦੀਵਾਨ ਵਿੱਚ ਸੰਗਤ ਵਿੱਚੋਂ ਕੋਈ ਵੀ ਉੱਠ ਕੇ ਨਾ ਗਿਆ ਸਗੋਂ ਸਜੇ ਹੋਏ ਦੀਵਾਨ ਵਿੱਚ ਜਿੱਥੇ ਬਜ਼ੁਰਗਾਂ, ਵੱਡਿਆਂ ਨੇ ਸ਼ਾਂਤੀ ਬਣਾਈ ਰੱਖੀ ਉੱਥੇ ਨਾਲ ਹੀ ਜਰਮਨੀ ਦੇ ਜੰਮਪਲ ਬੱਚੇ ਵੀ ਗੰਭੀਰਤਾ ਨਾਲ ਢਾਡੀ ਵਾਰਾਂ ਸੁਣ ਰਹੇ ਸਨ ਤੇ  ਢਾਡੀ ਵਾਰਾਂ ਸੁਣ ਕੇ ਗੁਰੂ ਸਾਹਿਬ ਦੇ ਲਾਲਾਂ ਦੀ ਵੀਰਤਾ ਨੂੰ ਸਨਮਾਨ ਕਰ ਰਹੇ ਸਨ। ਅਖੀਰ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਢਿੱਲੋਂ ਜੀ ਦੀ ਬੇਨਤੀ ਤੇ ਢਾਡੀ ਜੱਥੇ ਨੇ ਸਿੱਖ ਇਤਿਹਾਸ ਵਿੱਚ ਹੋਏ ਘੱਲੂਘਾਰਿਆਂ ਦਾ ਇਤਿਹਾਸ ਸਾਂਝਾ ਕੀਤਾ।

ਜਿੰਨੀ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ,
ਸੂਲੀ, ਫਾਂਸੀ, ਚਰਖੜੀ ਤੇ ਆਰਿਆਂ ਦੇ,
ਦੰਦੇ ਤੱਕ  ਰਤਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ,
ਇੱਕ ਦੋ ਨਹੀਂ ਸੈਂਕੜੇ ਹਜ਼ਾਰ ਤੇ ਲੱਖਾਂ ਵਾਰ ਗਏ ਨੇ,
ਅਜ਼ਮਾਏ  ਸ਼ਹੀਦ ਮੇਰੀ ਕੌਮ ਦੇ।

1716 ਈਸਵੀ ਵਿੱਚ ਪਹਿਲੇ ਘੱਲੂਘਾਰੇ ਸਮੇਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਤਾਂ 500 ਗੱਡੇ ਭਰ ਕੇ ਸਿੰਘਾਂ ਦੇ ਸਿਰਾਂ ਵੱਢ ਕੇ ਦਿੱਲੀ ਲਿਆਂਦਾ ਗਿਆ ਸੀ। 3000 ਸਿੰਘਾਂ ਦੇ ਸਿਰ ਵੱਢ ਕੇ ਬਾਸਾਂ ਉੱਤੇ ਟੰਗ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਜਲੂਸ ਕੱਢਿਆ ਗਿਆ ਸੀ।  ਸ਼੍ਰੋਮਣੀ ਕਮੇਟੀ ਵੱਲੋਂ ਇਸ ਘੱਲੂਘਾਰੇ ਨੂੰ ਗਿਣਿਆ ਨਹੀਂ ਗਿਆ ਇਸ ਕਰਕੇ ਸਿੱਖ ਧਰਮ ਵਿੱਚ ਇਸ ਬਾਰੇ ਜ਼ਿਆਦਾ ਲਿਖਿਆ ਨਹੀਂ ਗਿਆ। ਫਿਰ ਉਸ ਤੋਂ ਬਾਅਦ ਵੱਡਾ ਘੱਲੂਘਾਰਾ ਹੋਇਆ। ਵੱਡਾ ਘੱਲੂਘਾਰਾ  1962 ਫ਼ਰਵਰੀ ਵਿੱਚ ਪਿੰਡ ਕੁੱਪ ਰੁਹੀੜੇ  ਤੋਂ ਸ਼ੁਰੂ ਹੋਇਆ ਤੇ ਪਿੰਡ ਧਲੇਰ ਝਨੇਰ ਵਿੱਚ ਦੀ ਹੋ ਕੇ  ਪਿੰਡ ਕੁਤਬਾ ਬਾਹਮਣੀਆਂ ਵਿੱਚ ਜਾ ਕੇ ਖ਼ਤਮ ਹੋਇਆ ਜਿਸ ਵਿੱਚ 35 ਹਜ਼ਾਰ ਸਿੰਘ ਸਿੰਘਣੀਆਂ, ਬੀਬੀਆਂ, ਬੱਚੇ ਸ਼ਹੀਦ ਹੋਏ ਸਨ। ਢਾਡੀ ਜੱਥੇ ਨੇ ਜੂਨ 1984 ਵਿੱਚ ਹੋਏ ਹਰਿਮੰਦਰ ਸਾਹਿਬ ਤੇ ਹਮਲੇ ਬਾਰੇ ਬਿਆਨ ਕੀਤਾ। ਛੋਟਾ ਘੱਲੂਘਾਰਾ ਮਈ 1746 ਈਸਵੀ ਨੂੰ ਜ਼ਿਲ੍ਹਾ ਗੁਰਦਾਸ ਪੁਰ ਦੇ ਪਿੰਡ ਕਾਹਨੂੰਵਾਨ ਛੰਭ ਵਿੱਚ ਹੋਇਆ ਜਿਸ ਵਿੱਚ  10-12 ਹਜ਼ਾਰ ਦੇ ਕਰੀਬ ਸਿੰਘਣੀਆਂ,  ਬੀਬੀਆਂ ਬੱਚੇ ਸ਼ਹੀਦ ਹੋਏ ਸਨ। ਫੇਰ ਹੋਇਆ “ਸਾਕਾ ਨੀਲਾ ਤਾਰਾ” ਭਾਵ ਜੂਨ 1984 ਦਾ ਘੱਲੂਘਾਰਾ। ਜਿਸ ਬਾਰੇ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਤੇ ਬਹੁਤਿਆਂ ਨੇ ਤਨ ਤੇ ਹੰਢਾਇਆ ਵੀ ਹੈ।

1984  ਨੂੰ ਦਿੱਲੀ ਵਿੱਚ ਇੱਕ ਮੀਟਿੰਗ ਬੁਲਾਈ ਗਈ। ਇੰਡੀਅਨ ਆਰਮੀ  ਦੇ ਪੰਜੇ ਜਨਰਲਾਂ ਨੂੰ ਸੰਬੋਧਨ ਕਰਦਿਆਂ ਇੰਦਰਾ ਗਾਂਧੀ ਨੇ ਦਿੱਲੀ ਦੇ ਵਿੱਚ ਮੀਟਿੰਗ ਵਿੱਚ ਜਨਰਲ ਕੁਲਦੀਪ ਬਰਾੜ, ਜਰਨਲ ਅਰੁਣ  ਵਜਦਿਆ, ਜਨਰਲ ਰਣਜੀਤ ਦਿਆਲ, ਜਨਰਲ ਵਰਮ ਮਿਸ਼ਰਾ।   ਪੰਜੇ ਜਨਰਲ ਇਕੱਠੇ ਕਰਕੇ ਪਹਿਲਾਂ ਦੇਹਰਾਦੂਨ ਵਿੱਚ ਟ੍ਰੇਨਿੰਗ ਦਿੱਤੀ ਗਈ ਫੇਰ  ਹਿਮਾਚਲ ਵਿੱਚ ਟ੍ਰੇਨਿੰਗ ਦਿੱਤੀ ਗਈ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਕਿਵੇਂ ਅਟੈਕ ਕਰਨਾ ਹੈ। ਲਗਭਗ 6 ਲੱਖ ਇੰਡੀਅਨ ਆਰਮੀ ਦੇ ਜਵਾਨ ਚੜ ਕੇ ਆਏ।  ਇਸ ਦੇ ਨਾਲ ਨਾਲ 38 ਹੋਰ ਗੁਰਧਾਮਾਂ ਦੀ ਬੇਅਦਬੀ ਕੀਤੀ ਗਈ। ਢਾਈ ਲੱਖ ਇੰਡੀਅਨ ਆਰਮੀ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ। ਆਰਮੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਇਹ ਕੁਝ ਕਰਦਿਆਂ ਤੁਹਾਡੇ ਕੋਲੋਂ ਕਿੰਨੀ ਵੀ ਵੱਡੀ ਕੁਤਾਹੀ ਹੋਵੇ ਤਾਂ ਵੀ ਤੁਹਾਡਾ ਕੋਰਟ  ਮਾਰਸ਼ਲ ਨਹੀਂ ਕੀਤਾ ਜਾਵੇਗਾ। ਕਿਸੇ ਧੀ ਭੈਣ ਦੀ ਬੇਅਦਬੀ ਕਰਨੀ ਤਾਂ ਵੀ ਬੇਝਿਜਕ ਕਰੋ। ਸਾਰੀ ਆਰਮੀ ਦੇ ਜਵਾਨ ਜੁੱਤੀ ਸਣੇ ਹਰਿਮੰਦਰ ਸਾਹਿਬ ਅੰਦਰ ਦਾਖਲ ਹੋਏ ਸਨ। ਪਹਿਲੀ ਜੂਨ ਨੂੰ ਅੰਨੇ ਵਾਹ ਫਾਇਰ ਕੀਤੇ ਗਏ ਤਾਂ ਭਾਈ ਮਹਿੰਗਾ ਸਿੰਘ ਜੀ ਸ਼ਹੀਦ ਹੋ ਗਏ। ਦੋ ਜੂਨ ਨੂੰ ਵੀ ਇਸੇ ਤਰ੍ਹਾਂ ਹੋਇਆ।  ਤਿੰਨ ਜੂਨ ਆਈ ਤਾਂ ਬਿਜਲੀ ਪਾਣੀ ਬੰਦ ਕਰ ਦਿੱਤਾ ਗਿਆ। ਫਿਰ  4 ਜੂਨ ਦੀ ਰਾਤ ਨੂੰ  ਹਮਲਾ ਕੀਤਾ ਗਿਆ।  2500 ਜਵਾਨ ਰੇਂਗ ਕੇ ਅੰਦਰ ਗਏ ਤੇ 2500 ਜਵਾਨ ਨੂੰ ਰਿਕਵਰੀ ਦੇਣ ਲਈ ਤਿਆਰ ਕੀਤਾ ਗਿਆ। ਬਾਅਦ ਵਿੱਚ ਜਿੱਥੋਂ ਤੱਕ ਵੀ ਹੋ ਸਕਿਆ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਲਈ ਆਰਮੀ ਵਲੋਂ ਪੂਰਾ ਜ਼ੋਰ ਲਗਾਇਆ ਗਿਆ।
ਅਖੀਰ ਦੀਵਾਨ ਦੀ ਸਮਾਪਤੀ ਕੀਤੀ ਤੇ ਸਾਧ ਸੰਗਤ ਨੂੰ ਗੁਰੂ ਸਾਹਿਬ ਜੀ ਦੀ  ਬਖਸ਼ੀ  ਖੰਡੇ ਬਾਟੇ ਦੀ ਦਾਤ  ਅੰਮ੍ਰਿਤ ਛਕ ਕੇ ਸਿੰਘ ਸਜਣ ਲਈ ਬੇਨਤੀ ਕੀਤੀ। ਇਸ ਢਾਡੀ ਜਥੇ ਦੀ ਇੱਕ ਵੱਡੀ ਖਾਸੀਅਤ ਹੈ ਕਿ ਇਹ ਤਿੰਨੋ ਗੁਰਸਿੱਖ ਵੀਰ ਯੂਰਪ ਦੇ ਤਿੰਨ ਵੱਖ ਵੱਖ ਮੁਲਕਾਂ ਤੋਂ ਇਕੱਠੇ ਹੋ ਕੇ ਢਾਡੀ ਦਰਬਾਰ ਵਿਚ ਹਾਜ਼ਰੀ ਭਰਦੇ ਹਨ। ਭਾਈ ਸਤਪਾਲ ਸਿੰਘ ਗਰਚਾ, ਆਸਟਰੀਆ ਤੋਂ, ਭਾਈ ਪਰਮਜੀਤ ਸਿੰਘ ਇਟਲੀ ਤੋਂ, ਸਰੰਗੀ ਮਾਸਟਰ ਭਾਈ ਅਮਰਜੀਤ ਸਿੰਘ ਪੁਰਤਗਾਲ ਤੋਂ ਹਨ।  ਵੱਖਰੇ ਮੁਲਕਾਂ ਵਿੱਚ ਰਹਿ ਕੇ ਸਿੱਖੀ ਸਰੂਪ ਵਿੱਚ ਰਹਿਣਾ ਤੇ ਇਕੱਠੇ ਮਿਲ ਕੇ ਢਾਡੀ ਦਰਬਾਰ ਲਗਾਉਣਾ ਸੰਗਤ ਨੂੰ ਜੋੜਨਾ ਇੰਨਾ ਵੀ ਸੌਖਾ ਨਹੀਂ ਹੈ। ਗੁਰੂ ਸਾਹਿਬ ਕਿਰਪਾ ਕਰਨ ਤੇ ਇਹ ਢਾਡੀ ਜਥਾ ਹਮੇਸ਼ਾ ਇਸੇ ਤਰ੍ਹਾਂ ਢਾਡੀ ਦਰਬਾਰ ਲਗਾ ਕੇ ਗੁਰੂ ਜੀ ਦੀ ਸਿੱਖੀ ਦੀਆਂ ਬਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਦਾ ਰਹੇ।

ਸਾਰੀਆਂ ਸੰਗਤਾਂ ਵੱਲੋਂ ਢਾਡੀ ਜਥੇ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ ਕਿਉਂਕਿ ਕਿਸੇ ਵੀ ਧਾਰਮਿਕ ਪੁਰਬ ਨੂੰ ਮਨਾਉਣ ਲਈ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੀ ਹੈ ਤਾਂ ਜੋ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾ ਸਕੇ ਤੇ ਸੰਗਤਾਂ ਲਈ ਹਰ ਸੰਭਵ ਸਹੂਲਤਾਂ ਦਿੱਤੀਆਂ ਜਾ ਸਕਣ। ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਜੋਸਟ ਵਾਂਗ ਸੇਵਾ ਭਾਵਨਾ ਨਾਲ ਹਮੇਸ਼ਾ ਕਾਰਜ ਕਰਦੀ ਰਹੇ।

ਧੰਨ ਧੰਨ ਮਾਤਾ ਗੁਜਰੀ ਜੀ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ।
ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ।
ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ।
ਧੰਨ ਧੰਨ ਬਾਬਾ ਫ਼ਤਿਹ ਸਿੰਘ ਸਾਹਿਬ ਜੀ।

LEAVE A REPLY

Please enter your comment!
Please enter your name here