ਕਈ ਮਹੀਨੇ ਬੀਤਣ ਬਾਵਜੂਦ ਘੱਗਰ ਦਰਿਆ ਦੇ ਪਾੜ ਨਾ ਭਰਨ ’ਤੇ ਸਰਬਜੀਤ ਸਿੰਘ ਝਿੰਜਰ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ
ਹੜ੍ਹਾਂ ਕਾਰਨ ਦਰਿਆ ਵਿੱਚ ਪਏ ਪਾੜ ਕਾਰਨ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ ਸੀ- ਝਿੰਜਰ
ਪੰਜਾਬ ਸਰਕਾਰ ਮਾਈਨਿੰਗ ਕਰ ਕੇ ਆਪਣਾ ਖ਼ਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ- ਝਿੰਜਰ
ਘਨੌਰ, 10 ਜਨਵਰੀ 2026
ਹਲਕਾ ਘਨੌਰ ਤੋਂ ਯੂਥ ਅਕਾਲੀ ਦਲ (ਯੂਥ ਵਿੰਗ) ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਘਨੌਰ ਵਿੱਚ ਵਹਿੰਦੇ ਘੱਗਰ ਦਰਿਆ ਵਿੱਚ ਪਏ ਪਾੜਾਂ ਦਾ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਆਏ ਹੜ੍ਹਾਂ ਕਾਰਨ ਘੱਗਰ ਦਰਿਆ ਵਿੱਚ ਵੱਡੇ-ਵੱਡੇ ਪਾੜ ਪੈ ਗਏ ਸਨ, ਜਿਸ ਕਾਰਨ ਨੇੜਲੇ ਦਰਜਨ ਤੋਂ ਵੱਧ ਪਿੰਡਾਂ ਨੂੰ ਭਾਰੀ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ। ਪਰ ਅਫ਼ਸੋਸ ਦੀ ਗੱਲ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਹ ਪਾੜ ਅਜੇ ਤੱਕ ਨਹੀਂ ਭਰੇ ਗਏ।
ਸਰਬਜੀਤ ਸਿੰਘ ਝਿੰਜਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਥਾਂ ਮਾਈਨਿੰਗ ਕਰ ਕੇ ਆਪਣਾ ਖ਼ਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਟੈਂਡਰ ਦੇ ਕੇ ਮਾਈਨਿੰਗ ਤਾਂ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਕੋਈ ਪਾਰਦਰਸ਼ੀ ਹਿਸਾਬ-ਕਿਤਾਬ ਨਹੀਂ, ਪਰ ਦਰਿਆ ਵਿੱਚ ਪਏ ਖ਼ਤਰਨਾਕ ਪਾੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਨੇ ਕਾਂਗਰਸੀ ਆਗੂ ਮਦਨਲਾਲ ਜਲਾਲਪੁਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਉਹ ਘੱਗਰ ਦਰਿਆ ਦੇ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰ ਰਿਹਾ ਹੈ, ਜਦਕਿ 2017 ਤੋਂ 2022 ਤੱਕ ਉਨ੍ਹਾਂ ਦੀ ਸਰਕਾਰ ਦੇ ਸਮੇਂ ਅਤੇ ਉਸ ਤੋਂ ਪਹਿਲਾਂ ਵੀ ਜਦੋਂ ਉਹ ਵਿਧਾਇਕ ਸੀ, ਉਸ ਦੌਰਾਨ ਘੱਗਰ ਦਰਿਆ ਵਿੱਚ ਨਜਾਇਜ਼ ਮਾਈਨਿੰਗ ਹੁੰਦੀ ਰਹੀ। ਉਸ ਸਮੇਂ ਨਾ ਤਾਂ ਉਨ੍ਹਾਂ ਨੇ ਕੋਈ ਸਵਾਲ ਉਠਾਇਆ ਅਤੇ ਨਾ ਹੀ ਕੋਈ ਕਾਰਵਾਈ ਕਰਵਾਈ।
ਉਨ੍ਹਾਂ ਨੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ‘ਤੇ ਵੀ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਵਿਧਾਇਕ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ। ਉਸ ‘ਤੇ “ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸ਼ੇ ਪੀਵੇ” ਵਾਲੀ ਕਹਾਵਤ ਪੂਰੀ ਤਰ੍ਹਾਂ ਸਹੀ ਬੈਠਦੀ ਹੈ। ਹੜ੍ਹਾਂ ਦੌਰਾਨ ਨੁਕਸਾਨ ਝੱਲ ਚੁੱਕੇ ਲੋਕ ਅਜੇ ਤੱਕ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਹਨ।
ਝਿੰਜਰ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੇ ਮਸਲੇ ਹੱਲ ਕਰਨ ਦੀ ਬਜਾਏ ਦਿੱਲੀ ਭੇਜਿਆ ਜਾ ਰਿਹਾ ਹੈ। ਪੰਜਾਬ ਅੱਜ ਕਰਜ਼ੇ ਹੇਠਾਂ ਦੱਬਿਆ ਹੋਇਆ ਹੈ, ਪਰ ਸਰਕਾਰ ਦੀ ਤਰਜੀਹ ਪੰਜਾਬ ਦੇ ਕਿਸਾਨਾਂ, ਪਿੰਡਾਂ ਅਤੇ ਦਰਿਆਈ ਇਲਾਕਿਆਂ ਦੀ ਸੁਰੱਖਿਆ ਦੀ ਥਾਂ ਆਪਣੇ ਆਕਾਵਾਂ ਦੀ ਗੁਲਾਮੀ ਕਰਨ ਉੱਤੇ ਲੱਗਿਆ ਹੋਇਆ ਹੈ।
ਸਰਬਜੀਤ ਸਿੰਘ ਝਿੰਜਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਲਾ ਮਾਨਸੂਨ ਨੇੜੇ ਹੈ, ਪਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠੇ ਹੋਏ ਹਨ। ਜੇ ਸਮੇਂ ਸਿਰ ਘੱਗਰ ਦਰਿਆ ਦੇ ਪਾੜ ਨਾ ਭਰੇ ਗਏ ਤਾਂ ਦੁਬਾਰਾ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ, ਜਿਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਅਖੀਰ ਵਿੱਚ ਉਨ੍ਹਾਂ ਮੰਗ ਕੀਤੀ ਕਿ ਘੱਗਰ ਦਰਿਆ ਦੇ ਸਾਰੇ ਪਾੜ ਤੁਰੰਤ ਭਰੇ ਜਾਣ, ਨਜਾਇਜ਼ ਮਾਈਨਿੰਗ ’ਤੇ ਸਖ਼ਤ ਰੋਕ ਲਗਾਈ ਜਾਵੇ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਕਦਮ ਨਾ ਚੁੱਕੇ ਤਾਂ ਯੂਥ ਅਕਾਲੀ ਦਲ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।







