*ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਚਾਈਨਾ ਡੋਰ ਨਾਲ ਗੰਭੀਰ ਜ਼ਖਮੀ ਨੌਜਵਾਨ ਦੀ ਜਾਨ ਬਚਾਈ ਗਈ*
ਬੰਗਾ , 28 ਜਨਵਰੀ 2026
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਖਤਰਨਾਕ ਧਾਰਦਾਰ ਚਾਈਨਾ ਡੋਰ ਕਰਕੇ ਗੰਭੀਰ ਜ਼ਖਮੀ ਨੌਜਵਾਨ ਲਖਵੀਰ ਸਿੰਘ ਪਿੰਡ ਬਹਾਦਰਪੁਰ ਬਾਹੀਆ ਦਾ ਮਿਆਰੀ ਇਲਾਜ ਕਰਕੇ ਨਿਊਰੋਸਰਜਨ ਡਾ ਜਸਦੀਪ ਸਿੰਘ ਸੈਣੀ ਵੱਲੋਂ ਜਾਨ ਬਚਾਏ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੇ ਨਾਨਕਾ ਪਿੰਡ ਤੋਂ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ । ਜੋ ਇੰਨੀ ਤਿੱਖੀ ਸੀ ਕਿ ਨੌਜਵਾਨ ਦੇ ਮੱਥੇ ਤੋਂ ਲੈ ਕੇ ਕੰਨਾਂ ਤੱਕ, ਹੱਥ- ਮੂੰਹ ਅਤੇ ਗਲਾ ਉਸ ਦੀ ਚਪੇਟ ਵਿਚ ਆ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੇ ਡਿੱਗ ਜਾਣ ਕਰਕੇ ਸਿਰ ਤੇ ਵੀ ਸੱਟ ਲੱਗੀ । ਨੌਜਵਾਨ ਨੂੰ ਤੁਰੰਤ ਹਸਪਤਾਲ ਢਾਹਾਂ ਕਲੇਰਾਂ ਵਿਖੇ ਐਮਰਜੈਂਸੀ ਵਿਭਾਗ ਵਿਚ ਇਲਾਜ ਲਈ ਲਿਆਂਦਾ ਗਿਆ । ਜਿੱਥੇ ਡਾ. ਜਸਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਨਾਜ਼ੁਕ ਹਾਲਤ ਵਾਲੇ ਇਸ ਮਰੀਜ਼ ਦੇ 15 ਤੋਂ ਵੱਧ ਟਾਂਕੇ ਲਗਾਏ ਗਏ ਅਤੇ ਜ਼ਿਆਦਾ ਖੂਨ ਵਗਣ ਕਰਕੇ ਮਰੀਜ਼ ਦਾ ਬੀ.ਪੀ. ਰਿਕਾਰਡ ਵਿਚ ਨਹੀ ਆ ਰਿਹਾ ਸੀ ਅਤੇ ਇਸ ਮੌਕੇ ਉਸ ਨੂੰ ਦੋ ਯੂਨਿਟ ਖੂਨ ਵੀ ਚਾੜ੍ਹਿਆ ਗਿਆ । ਡਾ. ਸੈਣੀ ਵੱਲੋਂ ਮਰੀਜ਼ ਨੂੰ ਆਈ.ਸੀ.ਯੂ. ਵਿਚ ਤਿੰਨ ਦਿਨ ਵੈਂਟੀਲੇਟਰ ਦੀ ਮਦਦ ਨਾਲ ਕੀਤੇ ਮਿਆਰੀ ਇਲਾਜ ਉਪਰੰਤ ਲਖਵੀਰ ਸਿੰਘ ਹੋਸ਼ ਵਿਚ ਆਇਆ । ਹੁਣ ਮਰੀਜ਼ ਤੰਦਰੁਸਤ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ । ਇਸ ਮੌਕੇ ਹਸਪਤਾਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਪਤੰਗ ਉਡਾਉਣ ਦੇ ਸ਼ੌਕੀਨਾਂ, ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਚਾਈਨਾਂ ਡੋਰ ਨਾ ਵਰਤਨ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਮੌਜੂਦਾ ਸਮੇਂ ਇਹ ਚਾਈਨਾ ਡੋਰ ਲੋਕਾਂ ਲਈ ਖੂਨੀ ਡੋਰ ਸਾਬਿਤ ਹੋ ਰਹੀ ਹੈ, ਇਸ ਦੀ ਵਰਤੋਂ ਕਰਕੇ ਆਮ ਲੋਕਾਈ ਦੀ ਜਾਨ ਖਤਰੇ ਵਿਚ ਨਾ ਪਾਈ ਜਾਵੇ । ਉਹਨਾਂ ਨੇ ਪ੍ਰਸ਼ਾਸ਼ਨ ਤੋਂ ਚਾਈਨਾ ਡੋਰ ਵੇਚਣ ਤੇ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਲਖਵੀਰ ਸਿੰਘ ਦੇ ਭਰਾ ਪਰਮਜੀਤ ਸਿੰਘ ਨੇ ਡਾ ਜਸਦੀਪ ਸਿੰਘ ਸੈਣੀ ਅਤੇ ਹਸਪਤਾਲ ਪ੍ਰਬੰਧਕਾਂ ਦਾ ਉਹਨਾਂ ਦੇ ਚਚੇਰੇ ਭਰਾ ਦਾ ਵਧੀਆ ਇਲਾਜ ਕਰਨ ਲਈ ਧੰਨਵਾਦ ਕੀਤਾ । ਇਸ ਮੌਕੇ ਮੈਡਮ ਬਲਜੀਤ ਕੌਰ ਇੰਚਾਰਜ ਸਰਜਰੀ ਵਾਰਡ ਅਤੇ ਨਰਸਿੰਗ ਅਫਸਰ ਅਮਨਦੀਪ ਕੌਰ ਵੀ ਹਾਜ਼ਰ ਸਨ ।







