ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸੰਦੇਸ਼ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਅਤੇ ਸਿੱਖਿਆਵਾਂ ਦੇ ਪਸਾਰ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ

0
8

*ਸ੍ਰੀ ਗੁਰੂ ਰਵਿਦਾਸ ਜੀ ਦੇ ਬਰਾਬਰਤਾ ਦੇ ਸੰਦੇਸ਼ ਨੂੰ ਅਗਲੀ ਪੀੜ੍ਹੀ ਤੱਕ ਲਿਜਾਣ ਅਤੇ ਸਿੱਖਿਆਵਾਂ ਦੇ ਪਸਾਰ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਉਪਰਾਲਾ*

*ਜਲੰਧਰ ਜ਼ਿਲ੍ਹੇ ਵਿੱਚ ਬਣੇਗਾ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ: ਹਰਪਾਲ ਸਿੰਘ ਚੀਮਾ*

*ਪੰਜਾਬ ਸਰਕਾਰ ਨੇ ਸਾਢੇ 10 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ਤੋਂ ਵੱਧ ਜ਼ਮੀਨ ਅਧਿਐਨ ਸੈਂਟਰ ਦੇ ਨਾਂ ਦਰਜ ਕੀਤੀ*

*ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ*

ਚੰਡੀਗੜ੍ਹ, 29 ਜਨਵਰੀ:

ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਛੇ ਸਦੀਆਂ ਪਹਿਲਾਂ ਸਮਾਜਿਕ-ਆਰਥਿਕ-ਰਾਜਨੀਤਿਕ ਬਰਾਬਰਤਾ ਦੇ ਦਿੱਤੇ ਸੰਦੇਸ਼ ਨੂੰ ਅਗਲੀਆਂ ਪੀੜ੍ਹੀਆਂ ਤੱਕ ਲਿਜਾਣ ਅਤੇ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇਤਿਹਾਸਕ ਫੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਡੇਰਾ ਬੱਲਾਂ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਬਣਾਇਆ ਜਾਵੇਗਾ।

ਇਹ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਇਹ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਲਈ ਪੰਜਾਬ ਸਰਕਾਰ ਨੇ ਸਾਢੇ 10 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ਤੋਂ ਵੱਧ ਜ਼ਮੀਨ ਅਧਿਐਨ ਸੈਂਟਰ ਦੇ ਨਾਂ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅੱਗੇ ਵਧਾਉਣ ਲਈ ਸੂਬੇ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਸ. ਚੀਮਾ ਨੇ ਦੱਸਿਆ ਕਿ ਇਸ ਮਕਸਦ ਲਈ ਅੱਜ ਕੁੱਲ ਤਿੰਨ ਰਜਿਸਟਰੀਆਂ ਕ੍ਰਮਵਾਰ ਪਿੰਡ ਨੌਗਜਾ (64 ਕਨਾਲ਼ 5 ਮਰਲੇ-ਲਾਗਤ 5, 40, 98, 500/- ਰੁਪਏ), ਪਿੰਡ ਫਰੀਦਪੁਰ ਪਹਿਲੀ ਰਜਿਸਟਰੀ (2 ਕਨਾਲ਼- ਲਾਗਤ 16, 74000/- ਰੁਪਏ) ਅਤੇ ਪਿੰਡ ਫਰੀਦਪੁਰ ਵਿਖੇ ਦੂਜੀ ਰਜਿਸਟਰੀ (10 ਕਨਾਲ਼ 14 ਮਰਲੇ- ਲਾਗਤ 1, 44, 62, 150/- ਰੁਪਏ) ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ ਤਿੰਨ ਰਜਿਸਟਰੀਆਂ 76 ਕਨਾਲ਼ 19 ਮਰਲੇ ਹੈ ਅਤੇ ਕੁੱਲ ਲਾਗਤ 7, 02, 54, 659/- ਰਪੁਏ ਹੈ।

ਸ. ਚੀਮਾ ਨੇ ਕਿਹਾ ਕਿ, ‘’ਸਾਨੂੰ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣ ‘ਤੇ ਮਾਣ ਹੈ। ਸਾਡੀ ਸਰਕਾਰ ਗੁਰੂ ਰਵਿਦਾਸ ਜੀ ਦੁਆਰਾ ਪ੍ਰਚਾਰੇ ਗਏ ਸਮਾਨਤਾ, ਦਇਆ ਅਤੇ ਸਮਾਜਿਕ ਨਿਆਂ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣ ਲਈ ਸਮਰਪਿਤ ਹੈ।’’

ਉਨ੍ਹਾਂ ਅੱਗੇ ਕਿਹਾ ਕਿ, ‘’ਇਹ ਅਧਿਐਨ ਕੇਂਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾਦਾਇਕ ਬੁੱਧੀ ਦੀ ਰੋਸ਼ਨੀ ਵਜੋਂ ਕੰਮ ਕਰੇਗਾ।’’ ਇਸ ਉਪਰਾਲੇ ਦਾਮਕਸਦ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂੰ ਕਰਵਾਉਣਾ ਹੈ ਅਤੇ ਸਮਾਜਿਕ-ਆਰਥਿਕ ਪਾੜੇ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਕਦਮ ਹੋਰ ਅੱਗੇ ਵਧਾਉਣਾ ਹੈ।

ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਉਦੇਸ਼ ਸੈਮੀਨਾਰਾਂ, ਪ੍ਰਕਾਸ਼ਨਾਂ ਅਤੇ ਭਾਈਚਾਰੇ ਅਧਾਰਿਤ ਪ੍ਰੋਗਰਾਮਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਖੋਜ, ਸੰਭਾਲ ਅਤੇ ਪ੍ਰਚਾਰ ਕਰਨਾ ਹੈ।

LEAVE A REPLY

Please enter your comment!
Please enter your name here