ਅੰਮ੍ਰਿਤਸਰ, 4 ਫ਼ਰਵਰੀ।
ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਭਾਰਤੀ ਕਰੰਸੀ ਨੋਟਾਂ ਉੱਤੇ ਮੋਹਰ ਲਗਾ ਕੇ ‘ਖ਼ਜ਼ਾਨਾ’ ਵੰਡਣ ਦੇ ਗੰਭੀਰ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ’ਜਥੇਦਾਰ’ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਉਸੇ ਗੁਰਦੁਆਰੇ ਦੇ ਮੈਨੇਜਰ ਜਤਿੰਦਰਪਾਲ ਸਿੰਘ, ਜਿਸ ਦੇ ਪ੍ਰਬੰਧ ਹੇਠ ਇਹ ਗੁਰਮਤਿ ਵਿਰੋਧੀ ਮਨਮਤੀ ਕਾਰਵਾਈ ਹੋਈ, ਨੂੰ ਹੀ ਇਸ ਮਾਮਲੇ ਦੀ ਪੜਤਾਲ ਕਰਕੇ ਰਿਪੋਰਟ ਦੇਣ ਲਈ ਕਹਿਣ ’ਤੇ ਹੈਰਾਨੀ ਜਤਾਈ ਹੈ ਅਤੇ ਕਿਹਾ ਹੈ ਕਿ ਕੋਈ ਵੀ ਜ਼ਿੰਮੇਵਾਰ ਜਥੇਦਾਰ ਇਸ ਤਰ੍ਹਾਂ ਦਾ ਬਚਕਾਨਾ, ਤਰਕਹੀਣ ਅਤੇ ਪ੍ਰਬੰਧਕੀ ਸਮਝ ਤੋਂ ਬਾਹਰ ਫ਼ੈਸਲਾ ਕਿਵੇਂ ਲੈ ਸਕਦਾ ਹੈ?
ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਇਹ ਸਾਫ਼ ਝਲਕ ਮਿਲਦੀ ਹੈ ਕਿ ਜਥੇਦਾਰ ਇਸ ਮਾਮਲੇ ਦੀ ਸਚਾਈ ਦੀ ਤਹਿ ਤੱਕ ਜਾਣ ਦੀ ਥਾਂ ਕਿਤੇ ਇਸਨੂੰ ਦਬਾਉਣ ਜਾਂ ਕਮਜ਼ੋਰ ਕਰਨ ਬਾਰੇ ਤਾਂ ਨਹੀਂ ਸੋਚ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਗੁਰਦੁਆਰੇ ਦੇ ਅੰਦਰ ਜਾਂ ਨੇੜਲੇ ਇਲਾਕਿਆਂ ਵਿੱਚ ਲਗਾਤਾਰ ਮਨਮਤ ਫੈਲ ਰਹੀ ਹੋਵੇ, ਉੱਥੇ ਉਸ ਗੁਰਦੁਆਰੇ ਦਾ ਪ੍ਰਬੰਧਕ ਖ਼ੁਦ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਸੇ ਵਿਅਕਤੀ ਤੋਂ ਜਾਂਚ ਕਰਵਾਉਣਾ ਕੁਦਰਤੀ ਨਿਆਂ (Natural Justice) ਅਤੇ ਅਸੂਲਾਂ ਦੀ ਉਲੰਘਣਾ ਹੈ। ਇਹ ਵੀ ਅਸੰਭਵ ਨਹੀਂ ਕਿ ਪ੍ਰਬੰਧਕ ਦੀ ਇਸ ਮਾਮਲੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਭੂਮਿਕਾ ਹੋਵੇ, ਫਿਰ ਉਸ ਤੋਂ ਨਿਰਪੱਖ ਜਾਂਚ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? 
ਪ੍ਰੋ. ਖਿਆਲਾ ਨੇ ਯਾਦ ਦਿਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕੋਈ ਆਮ ਸੰਸਥਾ ਨਹੀਂ, ਇਹ ਸਿੱਖ ਪੰਥ ਦੀ ਸਰਵਉੱਚ ਧਾਰਮਿਕ ਅਦਾਲਤ ਹੈ। ‘ਜਥੇਦਾਰ’ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਜਾਰੀ ਕੀਤੇ ਗਏ ਆਦੇਸ਼ ਇਤਿਹਾਸਕ ਰੂਪ ਅਖ਼ਤਿਆਰ ਕਰਦੇ ਹਨ, ਜਿਨ੍ਹਾਂ ਤੋਂ ਭਵਿੱਖ ਵਿੱਚ ਵੀ ਸੇਧ ਲਈ ਜਾਂਦੀ ਹੈ, ਜੋ ਨਜ਼ੀਰ ਬਣਦੇ ਹਨ ਅਤੇ ਇਤਿਹਾਸਕ ਮਹੱਤਤਾ ਰੱਖਦੇ ਹਨ। ਅਜਿਹੇ ਵਿੱਚ ਬਚਕਾਨਾ, ਅਧੂਰੇ ਤੱਥਾਂ ’ਤੇ ਅਧਾਰਿਤ ਜਾਂ ਗ਼ਲਤ ਸਲਾਹ ਨਾਲ ਜਾਰੀ ਕੀਤੇ ਗਏ ਆਦੇਸ਼ ਜਥੇਦਾਰ ਦੇ ਅਹੁਦੇ ਦੀ ਗਰਿਮਾ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮੀਡੀਆ ਉੱਤੇ ਲਾਈਆਂ ਗਈਆਂ ਬੰਦਸ਼ਾਂ ਅਜੇ ਤੱਕ ਸਿੱਖ ਸੰਗਤ ਦੇ ਮਨ ਵਿੱਚ ਸਵਾਲ ਬਣੀਆਂ ਹੋਈਆਂ ਹਨ। ਮੀਡੀਆ ਦਾ ਕੰਮ ਸੱਚ ਲੋਕਾਂ ਤੱਕ ਪਹੁੰਚਾਉਣਾ ਹੈ, ਨਾ ਕਿ ਉਸ ਨੂੰ ਰੋਕਣਾ। ਲਗਾਤਾਰ ਅਜਿਹੇ ਫ਼ੈਸਲੇ ਇਹ ਸੰਕੇਤ ਦੇ ਰਹੇ ਹਨ ਕਿ ਜਥੇਦਾਰ ਸਾਹਿਬ ਕਿਸੇ ਸਲਾਹਕਾਰ ਮੰਡਲੀ ਦੇ ਪ੍ਰਭਾਵ ਹੇਠ ਕੰਮ ਕਰ ਰਹੇ ਹਨ। ਇਹ ਸਵਾਲ ਉੱਠਦਾ ਹੈ ਕਿ ਜਥੇਦਾਰ ਤੋਂ ਅਜਿਹੇ ਬਚਕਾਨਾ ਫ਼ੈਸਲੇ ਆਖ਼ਿਰ ਕੌਣ ਕਰਵਾ ਰਿਹਾ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਹ ਕਹਿਣਾ ਕਿ ‘ਸੇਵਕ ਜਥਾ ਇਸ਼ਨਾਨ’ ਦੇ ਨਾਮ ਹੇਠ ਨੋਟਾਂ ਉੱਤੇ “ਖ਼ਜ਼ਾਨਾ ਬਾਬਾ ਦੀਪ ਸਿੰਘ ਜੀ” ਦੀ ਮੋਹਰ ਲਗਾ ਕੇ ਵੰਡਣਾ ਪੂਰੀ ਤਰ੍ਹਾਂ ਮਨਮਤ ਅਤੇ ਗੁਰਮਤਿ ਵਿਰੋਧੀ ਕਾਰਵਾਈ ਹੈ, ਬਿਲਕੁਲ ਸਹੀ ਹੈ। ਗੁਰੂ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਸਿਆਂ ਵਾਲਾ ‘ਖ਼ਜ਼ਾਨਾ’ ਦੇਣ ਦੀ ਪ੍ਰਥਾ ਕਦੇ ਨਹੀਂ ਰਹੀ।
ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਵੱਲੋਂ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਨੋਟਾਂ ਦਾ ਕੋਈ ਖ਼ਜ਼ਾਨਾ ਨਹੀਂ ਦਿੱਤਾ ਜਾਂਦਾ। ਗੁਰੂ ਘਰ ਦਾ ਖ਼ਜ਼ਾਨਾ ਨਾਮ, ਬਾਣੀ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਹੈ—ਨਾ ਕਿ ਮੋਹਰ ਲੱਗੇ ਨੋਟ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਵੀ ਸਾਹਮਣੇ ਆਇਆ ਹੈ ਕਿ ਨੇੜਲੇ ਇਲਾਕੇ ਲਛਮਣਸਰ ਚੌਂਕ ਵਿਖੇ ਬਾਬਾ ਦੀਪ ਸਿੰਘ ਜੀ ਦੇ ਨਾਮ ’ਤੇ ਬਣੇ ਇੱਕ ਹੋਰ ਸਥਾਨ ਤੋਂ ਇਹ ਮਨਮਤੀ ਵਰਤਾਰਾ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲ ਵਧਿਆ। ਇਹ ਸਾਰਾ ਕੁਝ ਅੱਖਾਂ ਮੁੰਦ ਕੇ ਨਹੀਂ ਹੋ ਸਕਦਾ। ਇਸ ਲਈ ਇੱਕ ਸੁਤੰਤਰ, ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਜਾਵੇ, ਜਿਸ ਵਿੱਚ ਗੁਰਮਤਿ ਵਿਦਵਾਨ, ਕਾਨੂੰਨੀ ਮਾਹਿਰ ਅਤੇ ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਹੋਣ।
ਅੰਤ ਵਿੱਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਨਮਤੀ ਤੱਤਾਂ ਦੇ ਪਿੱਛੇ ਨਾ ਲੱਗਣ ਜੋ ਨਿੱਜੀ ਲਾਭ ਲਈ ਗੁਰੂ ਘਰ ਦੇ ਨਾਮ ’ਤੇ ਅਫ਼ਵਾਹਾਂ ਫੈਲਾਉਂਦੇ ਹਨ। ਜੇਕਰ ਕਿਤੇ ਵੀ ਅਜਿਹੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਗੁਰਦੁਆਰਾ ਪ੍ਰਬੰਧਕਾਂ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿੱਖ ਧਰਮ ਵਿੱਚ ਅੰਧ ਵਿਸ਼ਵਾਸ ਲਈ ਕੋਈ ਥਾਂ ਨਹੀਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਗੰਭੀਰ ਮਾਮਲਿਆਂ ਵਿੱਚ ਸਿਆਣਪ, ਦੂਰਦਰਸ਼ਤਾ ਅਤੇ ਪੰਥਕ ਮਰਿਆਦਾ ਦੇ ਅਨੁਕੂਲ ਫ਼ੈਸਲੇ ਲਏਗਾ।
Boota Singh Basi
President & Chief Editor







