ਮਰਹੂਮ ਕਿਸਾਨ ਆਗੂ ਸ਼ਾਮ ਲਾਲ (ਲੀਲਾ ਸਿੰਘ) ਠੂਠਿਆਂਵਾਲੀ ਦਾ ਹੋਇਆ ਸ਼ਰਧਾਂਜਲੀ ਸਮਾਗਮ ਸ਼ਾਮ ਲਾਲ ਦਾ ਵਿਛੋੜਾ ਕਿਸਾਨ ਲਹਿਰ ਲਈ ਵੱਡਾ ਘਾਟਾ: ਲਛਮਣ ਚੱਕ ਅਲੀ ਸ਼ੇਰ ਸ਼ਾਮ ਲਾਲ ਦੇ ਦਰਸਾਏ ਰਸਤੇ ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ: ਗੁਰਦੀਪ ਰਾਮਪੁਰਾ ਕਾਰਪੋਰੇਟ ਹਮਲਿਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵ…
ਮਰਹੂਮ ਕਿਸਾਨ ਆਗੂ ਸ਼ਾਮ ਲਾਲ (ਲੀਲਾ ਸਿੰਘ) ਠੂਠਿਆਂਵਾਲੀ ਦਾ ਹੋਇਆ ਸ਼ਰਧਾਂਜਲੀ ਸਮਾਗਮ
ਸ਼ਾਮ ਲਾਲ ਦਾ ਵਿਛੋੜਾ ਕਿਸਾਨ ਲਹਿਰ ਲਈ ਵੱਡਾ ਘਾਟਾ: ਲਛਮਣ ਚੱਕ ਅਲੀ ਸ਼ੇਰ
ਸ਼ਾਮ ਲਾਲ ਦੇ ਦਰਸਾਏ ਰਸਤੇ ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ: ਗੁਰਦੀਪ ਰਾਮਪੁਰਾ
ਕਾਰਪੋਰੇਟ ਹਮਲਿਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿੱਚ ਸ਼ਾਮ ਲਾਲ ਵਰਗੇ ਆਗੂਆਂ ਦੀ ਵੱਡੀ ਭੂਮਿਕਾ: ਨਰਾਇਣ ਦੱਤ
ਦਲਜੀਤ ਕੌਰ
ਮਾਨਸਾ, 3 ਅਪ੍ਰੈਲ, 2026: ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂ ਵਾਲੀ ਦੇ ਮਰਹੂਮ ਕਿਸਾਨ ਆਗੂ ਸ਼ਾਮ ਲਾਲ(ਲੀਲਾ ਸਿੰਘ)ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ। ਸ਼ਾਮ ਲਾਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਆਗੂ ਸਨ ਅਤੇ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਵਿਛੋੜਾ ਦੇ ਗਏ ਸਨ। ਸ਼ਰਧਾਂਜਲੀ ਸਮਾਗਮ ਤੇ ਕਿਸਾਨ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।
ਸ਼ਰਧਾਂਜਲੀ ਸਮਾਗਮ ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਲਛਮਣ ਸਿੰਘ ਚੱਕ ਅਲੀ ਸ਼ੇਰ ਨੇ ਕਿਹਾ ਕਿ ਸ਼ਾਮ ਲਾਲ ਵਰਗੇ ਸਰਗਰਮ ਅਤੇ ਸੁਲਝੇ ਹੋਏ ਆਗੂ ਦੇ ਚਲੇ ਜਾਣ ਨਾਲ ਸਮੁੱਚੀ ਕਿਸਾਨ ਲਹਿਰ ਨੂੰ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸ਼ਾਮ ਲਾਲ ਵੱਲੋਂ ਦਿੱਲੀ ਦੇ ਇਤਿਹਾਸਕ ਕਿਸਾਨ ਘੋਲ ਅਤੇ ਕਿਰਨਜੀਤ ਕੌਰ ਮਹਿਲਕਲਾਂ ਬਲਾਤਕਾਰ ਅਤੇ ਕਤਲ ਵਿਰੋਧੀ ਘੋਲ ਵਿੱਚ ਨਿਭਾਈ ਸਰਗਰਮ ਭੂਮਿਕਾ ਨੂੰ ਸਲਾਹਿਆ।
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਸ਼ਾਮ ਲਾਲ ਦੇ ਵਿਛੋੜੇ ਨੂੰ ਪ੍ਰੀਵਾਰ ਅਤੇ ਸਮਾਜ ਲਈ ਵੱਡਾ ਘਾਟਾ ਦੱਸਦਿਆਂ ਉਨ੍ਹਾਂ ਦੀ ਮੌਤ ਨੂੰ ‘ਪਰਬਤੋਂ ਭਾਰੀ ਮੌਤ’ ਦੱਸਿਆ ਅਤੇ ਜਨਤਕ ਸੰਘਰਸ਼ਾਂ ਰਾਹੀਂ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਚੱਲ ਰਹੀ ਜੱਦੋਜਹਿਦ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਕਾਰਪੋਰੇਟ ਘਰਾਣਿਆਂ ਦੇ ਹਮਲਿਆਂ ਖ਼ਿਲਾਫ਼ ਜਨਤਕ ਘੋਲ ਤੇਜੀ ਫੜ ਰਹੇ ਹਨ ਤਾਂ ਸ਼ਾਮ ਲਾਲ ਵਰਗੇ ਆਗੂਆਂ ਦੀ ਕਿਸਾਨ ਲਹਿਰ ਨੂੰ ਸਖ਼ਤ ਲੋੜ ਹੈ।
ਸ਼ਰਧਾਂਜਲੀ ਸਮਾਗਮ ਵਿੱਚ ਹੋਰ ਆਗੂਆਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਅੰਗਰੇਜ਼ ਸਿੰਘ ਭਦੌੜ, ਮੱਖਣ ਸਿੰਘ ਭੈਣੀ ਬਾਘਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਹਿੰਦਰ ਸਿੰਘ ਭੈਣੀ ਬਾਘਾ, ਪੱਤਰਕਾਰ ਮਨਿੰਦਰਜੀਤ ਸਿੱਧੂ, ਲਖਵੀਰ ਸਿੰਘ ਆਕਲੀਆ ਅਤੇ ਜੁਗਰਾਜ ਸਿੰਘ ਹਰਦਾਸਪੁਰਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਿਸਾਨ ਮਜ਼ਦੂਰ ਅਤੇ ਇਨਕਲਾਬੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।







