ਸਿਹਤ ਵਿਭਾਗ ਸੰਗਰੂਰ ਨੇ ‘ਵਿਸ਼ਵ ਸਿਹਤ ਦਿਵਸ’ ਮਨਾਇਆ
ਚੰਗੀ ਸਿਹਤ ਹੀ ਸਭ ਤੋਂ ਵੱਡਾ ਧਨ, ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ: ਡਾ. ਅਮਰਜੀਤ ਕੌਰ
ਸੰਗਰੂਰ, 7 ਅਪ੍ਰੈਲ, 2026:
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜਿਲ੍ਹਾ ਸੰਗਰੂਰ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਸਿਹਤ ਦਿਵਸ “together for health, stand with science” (ਸਿਹਤ ਨਾਲ ਇਕਜੁੱਟ, ਵਿਗਿਆਨ ਦੇ ਨਾਲ ਖੜੋ) ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਇਸੇ ਤਹਿਤ ਸਥਾਨਕ ਸਰਕਾਰੀ ਨਰਸਿੰਗ ਸਕੂਲ ਵਿਖੇ ਇਸ ਥੀਮ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ।
ਡਾ. ਅਮਰਜੀਤ ਕੌਰ ਸਿਵਲ ਸਰਜਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸਿਹਤਮੰਦ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਵਿਅਕਤੀ ਸਰੀਰਕ,ਸਮਾਜਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ । ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ ਜੇਕਰ ਸਾਡੀ ਸਿਹਤ ਠੀਕ ਨਾ ਹੋਵੇਗੀ ਤਾਂ ਅਸੀਂ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਾਰਿਆਂ ਨੂੰ ਜੀਵਨ-ਸ਼ੈਲੀ ਅਤੇ ਖਾਣ-ਪੀਣ ਵੱਲ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੰਕ ਫੂਡ ਅਤੇ ਫਾਸਟ ਫੂਡ ਤੋਂ ਗੁਰੇਜ਼ ਕਰਕੇ ਘਰ ਦਾ ਬਣਿਆ ਖਾਣਾ, ਮੌਸਮੀ ਫ਼ਲ, ਮੌਸੱਮੀ ਸਬਜ਼ੀਆਂ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ।
ਡਾ. ਵਿਕਾਸ ਧੀਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਇਨਸਾਨ ਨੂੰ ਸਿਹਤਮੰਦ ਰਹਿਣ ਲਈ ਹਰ ਰੋਜ਼ 30 ਮਿੰਟ ਸਰੀਰਕ ਕਸਰਤ, ਯੋਗਾ, ਸੈਰ, ਖੇਡਾਂ ਜਾਂ ਸਾਈਕਲਿੰਗ ਕਰਨੀ ਚਾਹੀਦੀ ਹੈ ਅਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਕਿ ਹਵਾ ਅਤੇ ਪਾਣੀ ਸ਼ੁੱਧ ਹੋਵੇ ਜੋ ਸਿਹਤ ਲਈ ਵਰਦਾਨ ਸਿੱਧ ਹੋਵੇਗਾ ।
ਇਸ ਮੌਕੇ ਪੀ.ਜੀ.ਆਈ. ਘਾਬਦਾਂ ਤੋਂ ਵਿਸ਼ੇਸ਼ ਤੌਰ ਤੇ ਆਏ ਡਾ. ਨਿਵੇਦਿਤਾ ਚਕਰਵਰਤੀ ਨੇ ਦੱਸਿਆ ਕਿ ਸਿਹਤ ਦਿਵਸ ਮਨਾਉਣ ਦਾ ਮਕਸਦ ਸਾਰੀਆਂ ਨੂੰ ਆਪਣੀ ਤੰਦਰੁਸਤੀ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ। ਜਿਸ ਲਈ ਸਾਨੂੰ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਮੌਸਮ ਅਨੁਸਾਰ ਫਲ, ਸਬਜੀਆਂ, ਅਨਾਜ ਅਤੇ ਦਾਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।ਜਿਆਦਾ ਤਲੀਆਂ ਮਸਾਲੇਦਾਰ ਚੀਜ਼ਾਂ, ਫਾਸਟ ਫੂਡ ਆਦਿ ਖਾਣ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।ਉਨ੍ਹਾਂ ਕਿਹਾ ਕਿ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ ।ਸਵੇਰੇ ਸ਼ਾਮ ਡਾਕਟਰੀ ਸਲਾਹ ਅਨੁਸਾਰ ਸੈਰ ਕਰਨੀ ਚਾਹੀਦੀ ਹੈ।
ਇਸ ਮੌਕੇ ਸ਼੍ਰੀ ਕਰਨੈਲ ਸਿੰਘ ਜ਼ਿਲ੍ਹਾ ਸੂਚਨਾ ਤੇ ਸਿੱਖਿਆ ਅਫਸਰ, ਪ੍ਰਿੰਸੀਪਲ ਸੁਰਿੰਦਰਪਾਲ ਕੌਰ, ਡਿਪਟੀ ਮਾਸ ਮੀਡੀਆ ਅਫਸਰ ਬਲਰਾਜ ਸਿੰਘ, ਕੇਤਨ ਗੁਪਤਾ ਬਲਾਕ ਐਕਸਟੈਂਸ਼ਨ ਐਜੂਕੇਟਰ, ਹਰਵਿੰਦਰ ਕੌਰ, ਜਸਵੀਰ ਕੌਰ, ਦੁਰਗਾ ਪ੍ਰਸਾਦ, ਕੁਲਵਿੰਦਰ ਕੌਰ, ਰਾਜਵੀਰ ਕੌਰ ਸਮੇਤ ਸਮੂਹ ਸਿੱਖਿਆਰਥਣਾਂ ਹਾਜਰ ਸਨ ।







